ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 34 ਮੁਕੱਦਮੇ ਦਰਜ, 43 ਗ੍ਰਿਫਤਾਰ
- ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਿਤੀ 01 ਮਈ ਤੋਂ 09 ਮਈ ਤੱਕ ਕੀਤੀ ਗਈ ਕਾਰਗੁਜ਼ਾਰੀ ਦਾ ਲੇਖਾ ਜੋਖਾ ਪੇਸ਼
ਦਲਜੀਤ ਕੌਰ
ਸੰਗਰੂਰ, 10 ਮਈ, 2025: ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.05.2025 ਤੋਂ 09.05.2025 ਤੱਕ ਡਰੱਗ ਦੇ 22 ਮੁਕੱਦਮੇ ਦਰਜ ਕਰਕੇ 31 ਦੋਸੀ ਕਾਬੂ ਕਰਕੇ 04 ਕਿੱਲੋ 165 ਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ, 244 ਗ੍ਰਾਮ ਚਰਸ, 250 ਗ੍ਰਾਮ ਸੁਲਫਾ, 870 ਨਸੀਲੀਆਂ ਗੋਲੀਆਂ ਅਤੇ 5,50,000/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ। ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 12 ਮੁਕੱਦਮੇ ਦਰਜ ਕਰਕੇ 12 ਦੋਸੀਆਂ ਨੂੰ ਕਾਬੂ ਕਰਕੇ 112.500 ਲੀਟਰ ਸਰਾਬ ਠੇਕਾ ਦੇਸੀ, 19 ਲੀਟਰ ਸਰਾਬ ਨਜੈਜ, 01 ਚਾਲੂ ਭੱਠੀ, 320 ਲੀਟਰ ਲਾਹਣ ਅਤੇ 300 ਲੀਟਰ ਸਪਰਿੱਟ ਬ੍ਰਾਮਦ ਕਰਵਾਈ ਗਈ। ਇਸੇ ਤਰ੍ਹਾਂ ਥਾਣਾ ਭਵਾਨੀਗੜ ਵਿਖੇ 01 ਦੋਸੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋਂ 05 ਚੋਰੀਸ਼ੁਦਾ ਮੋਟਰਸਾਇਕਲ ਅਤੇ ਮੋਟਰਸਾਇਕਲਾਂ ਦੇ ਪੁਰਜੇ ਬ੍ਰਾਮਦ ਕਰਵਾਏ ਗਏ ਹਨ।
ਸ੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਵੱਲੋਂ ਦੱਸਿਆ ਗਿਆ ਕਿ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਲੋਕਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 15 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਜਾਰੀ ਹੈ।