ਸੀਪੀਆਈ ਐੱਮ ਐੱਲ ਨਿਊ ਡੈਮੋਕ੍ਰੇਸੀ ਨੇ ਭਾਰਤ-ਪਾਕਿ ਸਰਹੱਦ ’ਤੇ ਦੁਵੱਲੇ ਹਮਲਿਆਂ ਨਾਲ ਵਧ ਰਹੇ ਤਣਾਅ ਉੱਪਰ ਚਿੰਤਾ ਪ੍ਰਗਟ ਕੀਤੀ
- ਵਾਦ-ਵਿਵਾਦ ਵਾਲੇ ਮੁੱਦੇ ਗੱਲਬਾਤ ਅਤੇ ਕੂਟਨੀਤਕ ਪੱਧਰ ’ਤੇ ਹੱਲ ਕੀਤਾ ਜਾਵੇ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ,10 ਮਈ, 2025: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਇੱਕ ਦੂਜੇ ਉੱਪਰ ਹੋ ਰਹੇ ਹਮਲਿਆਂ ਨਾਲ ਵਧ ਰਹੇ ਤਣਾਅ ਉੱਪਰ ਚਿੰਤਾ ਪ੍ਰਗਟ ਕੀਤੀ।
ਪਾਰਟੀ ਵੱਲੋਂ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਸੰਭਾਵਤ ਜੰਗ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਵਾਦ-ਵਿਵਾਦ ਦੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤਕ ਪੱਧਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਪੈਦਾ ਹੋਈ ਮੌਜੂਦਾ ਸਥਿਤੀ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਜੰਗ ਦਾ ਮਾਹੌਲ ਸਿਰਜਕੇ ਫਿਰਕੂ ਟੋਲੇ ਤਣਾਅ, ਡਰ ਅਤੇ ਸਹਿਮ ਦਾ ਮਾਹੌਲ ਸਿਰਜ ਰਹੇ ਹਨ ਅਤੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗੀ ਮਾਹੌਲ ਸਿਰਜ ਕੇ ਪੰਜਾਬ ਦੀ ਨਾਬਰੀ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਰਕੇ ਪੰਜਾਬ ਨਾਲ ਲੱਗਦੀ ਸਰਹੱਦ ਉੱਪਰ ਵਿਸ਼ੇਸ਼ ਤਣਾਅ ਪੈਦਾ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੋਵੇਂ ਮੁਲਕਾਂ ਦੇ ਆਮ ਲੋਕਾਂ ਦੇ ਹਿੱਤਾਂ ਵਿਰੁੱਧ ਹੈ, ਖ਼ਾਸਕਰ ਜੰਗ ਦੋਨਾਂ ਦੇਸ਼ਾਂ ਦੇ ਸਰਹੱਦੀ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਸ਼ੇਸ਼ ਤੌਰ ਉੱਤੇ ਤਬਾਹਕੁੰਨ ਸਾਬਿਤ ਹੋਵੇਗੀ।
ਪਾਰਟੀ ਨੇ ਹਾਕਮ ਜਮਾਤ ਪਾਰਟੀਆਂ ਵੱਲੋਂ ਫੈਲਾਈ ਜਾ ਰਹੀ ਧੁੰਦ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਕਰਨ ਲਈ ਪਾਰਟੀ ਸਫ਼ਾਂ ਨੂੰ ਮੀਟਿੰਗਾਂ, ਰੈਲੀਆਂ ਅਤੇ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪਹਿਲਗਾਮ ਦੀ ਦੁੱਖਦਾਈ ਘਟਨਾ ਦੀ ਨਿੰਦਿਆ ਕਰਦਿਆਂ ਇਸਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਨਾਂ ਦੇਸ਼ਾਂ ਵਲੋਂ ਹਮਲੇ ਫੌਰੀ ਬੰਦ ਕਰਨ, ਸਰਹੱਦ ਉੱਪਰ ਤਣਾਅ ਘਟਾਉਣ ਅਤੇ ਗੱਲਬਾਤ ਕਰਨ ਲਈ ਦੋਹਾਂ ਸਰਕਾਰਾਂ ਨੂੰ ਸੁਝਾਅ ਦਿੱਤਾ।