ਲੋਕਾਂ ਨੂੰ ਖ਼ਤਰੇ ਤੋਂ ਸੁਚੇਤ ਕਰਨ ਲਈ ਹੋਵੇਗੀ ਮੌਕ ਡਰਿੱਲ, ਡਰਾਉਣ ਲਈ ਨਹੀਂ : DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 6 ਮਈ 2025 : ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਅਤੇ ਆਮ ਲੋਕਾਂ ਨੂੰ ਖਤਰੇ ਪ੍ਰਤੀ ਸੁਚੇਤ ਰਹਿਣ ਲਈ ਮੌਕ ਡਰਿੱਲ (ਅਭਿਆਸ) ਕੀਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਬਠਿੰਡਾ ਨੇ ਵੱਖ-ਵੱਖ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ ਹੈ। ਉਹਨਾਂ ਆਖਿਆ ਕਿ ਇਸ ਅਭਿਆਸ ਤਹਿਤ ਬੁੱਧਵਾਰ
ਸ਼ਾਮ 4 ਵਜੇ ਸਾਇਰਨ ਰੇਲਵੇ ਸਟੇਸ਼ਨ ਅਤੇ ਮਾਲਜ਼ ਵਿਖੇ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਉਸ ਤੋਂ ਬਾਅਦ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜਮੀਨ ਦੋਜ ਟਿਕਾਣੇ ਉੱਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰਖਤ ਦੇ ਹੇਠਾਂ ਬੈਠ ਜਾਣ । ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ।
ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੋਂ ਚਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ। ਉਨ੍ਹਾਂ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ ਰਾਤ 8:30 ਵਜੇ ਇਸੇ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਜੇਕਰ ਉਹਨਾਂ ਕਿਸੇ ਵਜ੍ਹਾ ਇਹ ਚਾਲੂ ਰੱਖਣੇ ਹਨ ਤਾਂ ਉਹ ਆਪਣੀਆਂ ਲਾਈਟਾਂ ਇਸ ਢੰਗ ਨਾਲ ਚਲਾਉਣ ਕਿ ਉਹਨਾਂ ਦੀ ਰੌਸ਼ਨੀ ਖਿੜਕੀ ਜਾਂ ਦਰਵਾਜੇ ਤੋਂ ਬਾਹਰ ਨਾ ਜਾਵੇ।
ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਜਾਂ ਸੂਰਜੀ ਲਾਈਟਾਂ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਲਿਆ ਜਾਵੇ।ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੌਕ ਡਰਿੱਲ ਸਬੰਧੀ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੀ ਅਗਾਊਂ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਮੈਡਮ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਹਰਸ਼ਿਤਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ. ਬਲਕਰਨ ਸਿੰਘ ਮਾਹਲ, ਐਸਡੀਐਮ ਰਾਮਪੁਰਾ ਸ੍ਰੀ ਗਗਨਦੀਪ ਸਿੰਘ, ਐਸਡੀਐਮ ਮੌੜ ਸ਼੍ਰੀ ਸੁਖਰਾਜ ਸਿੰਘ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਪੰਕਜ, ਮੁੱਖ ਮੰਤਰੀ ਖੇਤਰੀ ਅਫ਼ਸਰ ਸ੍ਰੀ ਰਮਨਦੀਪ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।