ਫਾਜ਼ਿਲਕਾ ਦੇ ਵਿਧਾਇਕ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਹਲਕੇ ਦੇ ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ
ਫਾਜ਼ਿਲਕਾ 6 ਮਈ 2025 - ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨਾਂ ਨੇ ਫਾਜ਼ਿਲਕਾ ਹਲਕੇ ਵਿੱਚ 42 ਕਰੋੜ ਰੁਪਏ ਨਾਲ ਬਣਾਈਆਂ ਗਈਆਂ ਕੰਕਰੀਟ ਵਾਲੀਆਂ ਨਵੀਆਂ ਨਹਿਰਾਂ ਅਤੇ 37 ਕਰੋੜ ਨਾਲ ਬਣਾਏ ਜਾ ਰਹੇ ਖਾਲਿਆਂ ਲਈ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਨਾਂ ਨੇ ਫਾਜ਼ਿਲਕਾ ਹਲਕੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਫਾਜ਼ਿਲਕਾ ਜ਼ਿਲਾ ਮੁੱਖ ਤੌਰ ਤੇ ਖੇਤੀ ਤੇ ਅਧਾਰਿਤ ਹੈ ਅਤੇ ਖੇਤੀ ਨਹਿਰੀ ਪਾਣੀ ਤੇ ਆਧਾਰਿਤ ਹੈ। ਇਸ ਕਰਕੇ ਪੰਜਾਬ ਸਰਕਾਰ ਵੱਲੋਂ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਕੀਤੇ ਉਪਰਾਲਿਆਂ ਦਾ ਸਭ ਤੋਂ ਵੱਧ ਲਾਹਾ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਪਹੁੰਚਿਆ ਹੈ, ਕਿਉਂਕਿ ਇਹ ਪੂਰਾ ਇਲਾਕਾ ਹੀ ਟੇਲਾਂ ਤੇ ਪੈਂਦਾ ਹੈ। ਉਨਾਂ ਨੇ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਵਿਧਾਇਕ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੁੱਖ ਮੰਤਰੀ ਨਾਲ ਉਹਨਾਂ ਵੱਲੋਂ ਇਲਾਕੇ ਦੇ ਵੱਖ ਵੱਖ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ ਗਈ ਤਾਂ ਜੋ ਹਲਕੇ ਦੇ ਰਹਿੰਦੇ ਕੰਮਾਂ ਨੂੰ ਵੀ ਛੇਤੀ ਤੋਂ ਛੇਤੀ ਪੂਰਾ ਕਰਵਾਇਆ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੀ ਹਾਜ਼ਰ ਸਨ।