ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ-44 ਦੇ ਬੀਜ ਦੀ ਵਿਕਰੀ ਅਤੇ ਬਿਜਾਈ ’ਤੇ ਮੁਕੰਮਲ ਰੋਕ
ਸ੍ਰੀ ਮੁਕਤਸਰ ਸਾਹਿਬ, 06 ਮਈ 2025 - ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਉਣੀ-2025 ਦੌਰਾਨ ਸੂਬੇ ਵਿੱਚ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ-44 ਬੀਜ ਦੀ ਵਿਕਰੀ/ਬਿਜਾਈ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਡਾ. ਕਰਨਜੀਤ ਸਿੰਘ ਗਿੱਲ ਵੱਲੋ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ-44 ਬੀਜ ਦੀ ਸੇਲ ਰੋਕਣ ਲਈ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਜ਼ਿਲ੍ਹੇ ਅਧੀਨ ਬੀਜ ਫਰਮਾਂ ਦੀ ਚੈਕਿੰਗ ਕਰ ਰਹੀਆਂ ਹਨ। ਬੀਜ ਵਿਕਰੇਤਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ-44 ਦੇ ਬੀਜਾਂ ਦੀ ਸੇਲ ਨਾ ਕੀਤੀ ਜਾਵੇ। ਜੇਕਰ ਕੋਈ ਵੀ ਡੀਲਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਬੀਜ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਲ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ-44 ਦੀ ਬਿਜਾਈ ਤੋਂ ਗੁਰੇਜ ਕਰਨ। ਇਸ ਸਬੰਧੀ ਵਿਸਥਾਰ ਵਿੱਚ ਦੱਸਿਆ ਕਿ ਹਾਈਬ੍ਰਿਡ ਕਿਸਮਾਂ ਦੀ ਜਿਨਸ ਵਿੱਚ ਐਫ.ਸੀ.ਆਈ ਵੱਲੋਂ ਨਿਰਧਾਰਤ ਮਾਪਦੰਡਾਂ ਦੇ ਮੁਕਾਬਲੇ ਜ਼ਿਆਦਾ ਟੋਟਾ ਆਉਂਦਾ ਹੈ, ਜਿਸ ਕਾਰਨ ਕਿਸਾਨਾਂ ਨੁੰ ਮੰਡੀ ਵਿੱਚ ਘੱਟ ਭਾਅ ਮਿਲਦਾ ਹੈ ਅਤੇ ਖੱਜਲ ਖੁਆਰੀ ਜ਼ਿਆਦਾ ਹੁੰਦੀ ਹੈ। ਜਦਕਿ ਪੂਸਾ-44 ਪੱਕਣ ਵਿੱਚ ਵੱਧ ਸਮਾਂ ਲੈਂਦੀ ਹੈ, ਜਿਸ ਨਾਲ ਪਾਣੀ ਦੀ ਖਪਤ ਵੱਧ ਹੁੰਦੀ ਹੈ ਅਤੇ ਕਟਾਈ ਉਪਰੰਤ ਪਰਾਲ ਵੀ ਜਿਆਦਾ ਛੱਡਦੀ ਹੈ। ਪੂਸਾ-44 ਕਿਸਮ ਦੇ ਖੇਤਾਂ ਵਿੱਚ ਝੁਲਸ ਰੋਗ ਅਤੇ ਕੀੜੇ-ਮਕੌੜਿਆਂ ਦਾ ਵੱਧ ਹਮਲਾ ਦੇਖਣ ਨੂੰ ਮਿਲਦਾ ਹੈ।