Weather Alert- ਕਿਸ਼ਤੀਆਂ ਚਲਾ ਲਓ ਭਾਵੇਂ ਸੜਕਾਂ 'ਤੇ, ਭਾਰੀ ਮੀਂਹ ਕਾਰਨ ਰੋਡ ਬਣੇ ਦਰਿਆ...! ਮੌਸਮ ਵਿਭਾਗ ਨੇ ਬਾਰਿਸ਼ ਪੈਣ ਬਾਰੇ ਜਾਰੀ ਕੀਤਾ ਅਲਰਟ
Weather Alert : ਭਾਰੀ ਮੀਂਹ ਕਾਰਨ ਪਾਣੀ ਸੜਕਾਂ 'ਤੇ ਰੁਕਿਆ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਚੰਡੀਗੜ੍ਹ, 3 ਅਗਸਤ 2025 : ਐਤਵਾਰ ਸਵੇਰੇ ਇੱਕ ਵਾਰ ਫਿਰ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਪਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਵਿਜੇ ਚੌਕ, ਕਨਾਟ ਪਲੇਸ, ਮਿੰਟੋ ਬ੍ਰਿਜ, ਸਰੋਜਨੀ ਨਗਰ, ਏਮਜ਼ ਅਤੇ ਪੰਚਕੁਈਆਂ ਮਾਰਗ ਵਰਗੇ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸੀ ਤਰ੍ਹਾਂ ਪੰਜਾਬ ਵਿਚ ਵੀ ਐਤਵਾਰ ਸਵੇਰ ਤੋਂ ਬਾਰਸ਼ ਜਾਰੀ ਹੈ, ਇਹ ਬਾਰਸ਼ ਪੰਜਾਬ ਦੇ ਜਿਆਦਾਤਰ ਹਿੱਸਿਆ ਵਿਚ ਪੈ ਰਹੀ ਹੈ।
ਮੌਸਮ ਵਿਭਾਗ ਅਨੁਸਾਰ, 6 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 4 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਹੁਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਹੋਈ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ 25% ਤੋਂ ਵੱਧ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਹੋਰ ਮੀਂਹ ਹੋ ਸਕਦੀ ਹੈ, ਜਦਕਿ ਦੱਖਣ-ਪੱਛਮੀ ਜ਼ਿਲ੍ਹਿਆਂ ਵਾਲਾ ਇਲਾਕਾ ਰੁਕਿਆ ਰਹਿ ਸਕਦਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ
ਮੌਸਮ ਵਿਭਾਗ (IMD) ਨੇ ਪਹਿਲਾਂ ਹੀ ਦਿੱਲੀ-ਐੱਨਸੀਆਰ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਐੱਨਸੀਆਰ ਦੇ ਇਲਾਕਿਆਂ ਜਿਵੇਂ ਬਹਾਦੁਰਗੜ੍ਹ, ਮਾਨੇਸਰ, ਲੋਨੀ ਦੇਹਾਤ, ਹਿੰਡਨ ਏਅਰ ਫੋਰਸ ਸਟੇਸ਼ਨ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਗੁੜਗਾਓਂ ਅਤੇ ਫਰੀਦਾਬਾਦ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਆਈਐੱਮਡੀ ਅਨੁਸਾਰ, ਐਤਵਾਰ ਨੂੰ ਰਾਜਧਾਨੀ ਵਿੱਚ ਬੱਦਲਵਾਈ ਰਹੇਗੀ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਕ੍ਰਮਵਾਰ 1.1 ਅਤੇ 1.4 ਡਿਗਰੀ ਘੱਟ ਹੈ।
ਹਵਾ ਦੀ ਗੁਣਵੱਤਾ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ, ਸ਼ਨੀਵਾਰ ਸ਼ਾਮ 6 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI) 84 ਸੀ, ਜੋ 'ਸੰਤੁਸ਼ਟੀਜਨਕ' ਸ਼੍ਰੇਣੀ ਵਿੱਚ ਆਉਂਦਾ ਹੈ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਆਈਟੀਓ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਲਈ ਅਧਿਕਾਰੀਆਂ ਨੂੰ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਉਨ੍ਹਾਂ ਸਾਰੇ ਖੇਤਰਾਂ ਦੀ ਪਛਾਣ ਕਰ ਰਹੀ ਹੈ ਜਿੱਥੇ ਪਾਣੀ ਭਰਨ ਦੀ ਸਮੱਸਿਆ ਅਕਸਰ ਹੁੰਦੀ ਹੈ ਅਤੇ ਇਸ ਦੇ ਸਥਾਈ ਹੱਲ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦਾ ਉਦੇਸ਼ ਇੱਕ ਅਜਿਹੀ ਦਿੱਲੀ ਬਣਾਉਣਾ ਹੈ ਜਿੱਥੇ ਮਾਨਸੂਨ ਰਾਹਤ ਬਣ ਕੇ ਆਵੇ, ਨਾ ਕਿ ਮੁਸੀਬਤ।