ਪੰਜਾਬ ਕੇਂਦਰੀ ਯੂਨੀਵਰਸਿਟੀ ਲਗਾਤਾਰ ਚੌਥੇ ਸਾਲ ਆਉਟਲੁੱਕ ਇੰਡੀਆ ਰੈਂਕਿੰਗ ਵਿੱਚ ਚੋਟੀ ਦੀਆਂ 10 ਕੇਂਦਰੀ ਯੂਨੀਵਰਸਿਟੀਆਂ ਵਿੱਚ ਸ਼ਾਮਲ
ਅਸ਼ੋਕ ਵਰਮਾ
ਬਠਿੰਡਾ, 3 ਅਗਸਤ 2025: ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿ2ਵਾਰੀ ਦੀ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ) ਨੇ ਆਉਟਲੁੱਕ ਇੰਡੀਆ ਰੈਂਕਿੰਗਜ਼ 2025 ਵਿੱਚ 'ਭਾਰਤ ਦੀ ਚੋਟੀ ਦੀਆਂ ਕੇਂਦਰੀ ਯੂਨੀਵਰਸਿਟੀਆਂ' ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕਰਦੇ ਹੋਏ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਉਪਲਬਧੀ ਨਾਲ ਸੀਯੂ ਪੰਜਾਬ ਨੇ ਲਗਾਤਾਰ ਚੌਥੇ ਸਾਲ ਆਉਟਲੁੱਕ ਇੰਡੀਆ ਰੈਂਕਿੰਗ ਵਿੱਚ ਚੋਟੀ ਦੀਆਂ 10 ਕੇਂਦਰੀ ਯੂਨੀਵਰਸਿਟੀਆਂ ਵਿੱਚ ਸਥਾਨ ਪ੍ਰਾਪਤ ਕੀਤਾ ਹੈ।ਆਉਟਲੁੱਕ ਇੰਡੀਆ ਨੇ ਆਪਣੇ ਸਰਵੇਖਣ ਵਿੱਚ ਵਿਦਿਅਕ ਸੰਸਥਾਵਾਂ ਦਾ ਪੰਜ ਮਾਪਦੰਡਾਂ ਤੇ ਮੁਲਾਂਕਣ ਕੀਤਾ ਹੈ ਜਿੰਨ੍ਹਾਂ ਦੇ ਅਧਾਰ ਤੇ ਸੀਯੂ ਪੰਜਾਬ ਨੇ 1000 ਅੰਕਾਂ ਵਿੱਚੋਂ 908.79 ਦਾ ਪ੍ਰਭਾਵਸ਼ਾਲੀ ਸਮੁੱਚਾ ਸਕੋਰ ਪ੍ਰਾਪਤ ਕੀਤਾ, ਜੋ ਕਿ ਪਿਛਲੇ ਸਾਲ ਦੇ 866.18 ਦੇ ਸਕੋਰ ਨਾਲੋਂ ਬਹੁਤ ਵਧੀਆ ਹੈ।
ਸੀਯੂ ਪੰਜਾਬ ਨੇ 2022 ਵਿੱਚ 860.81 ਅੰਕਾਂ, 2023 ਵਿੱਚ 863.43 ਅੰਕਾਂ ਅਤੇ 2024 ਵਿੱਚ 866.18 ਅੰਕਾਂ ਨਾਲ ਆਉਟਲੁੱਕ ਰੈਂਕਿੰਗ ਵਿੱਚ ਹਰ ਸਾਲ 9ਵਾਂ ਸਥਾਨ ਪ੍ਰਾਪਤ ਕੀਤਾ ਸੀ। ਸਾਲ 2025 ਵਿੱਚ 908.79 ਅੰਕਾਂ ਨਾਲ ਯੂਨੀਵਰਸਿਟੀ ਦਾ ਆਪਣਾ ਸਥਾਨ ਬਰਕਰਾਰ ਰੱਖਣਾ ਅਤੇ ਹਰ ਸਾਲ ਅੰਕਾਂ ਵਿੱਚ ਸੁਧਾਰ ਸੀਯੂ ਪੰਜਾਬ ਦੇ ਪ੍ਰਦਰਸ਼ਨ ਵਿੱਚ ਸਾਲ-ਦਰ-ਸਾਲ ਸੁਧਾਰ ਨੂੰ ਦਰਸਾਉਂਦਾ ਹੈ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸੀ.ਯੂ.ਪੰਜਾਬ ਪਰਿਵਾਰ ਨੂੰ ਇਸ ਮਹੱਤਵਪੂਰਨ ਉਪਲਬਧੀ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਆਉਟਲੁੱਕ-ਆਈਕੇਅਰ ਇੰਡੀਆ ਰੈਂਕਿੰਗ-2025 ਵਿੱਚ ਸਾਲ 2009 ਤੋਂ ਬਾਅਦ ਤੋਂ ਸਥਾਪਿਤ ਨਵੀਆਂ ਕੇਂਦਰੀ ਯੂਨੀਵਰਸਿਟੀਆਂ ਵਿਚੋਂ ਮੋਹਰੀ ਰਹੀ ਹੈ।