Babushahi Special ਮਾਣਹਾਨੀ ਮਾਮਲਾ: ਭਾਜਪਾ ਆਗੂ ਅਦਾਕਾਰ ਕੰਗਣਾ ਰਣੌਤ ਖਿਲਾਫ ਕਾਨੂੰਨੀ ਸ਼ਿਕੰਜੇ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ,3ਅਗਸਤ 2025: ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ਵੱਲੋਂ ਭਾਰਤੀ ਜੰਤਾ ਪਾਰਟੀ ਦੀ ਹਿਮਾਚਲ ਦੇ ਚੰਬਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਖਿਲਾਫ ਮਾਣਹਾਨੀ ਮਾਮਲੇ ’ਚ ਅਦਾਲਤੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ। ਬਜ਼ੁਰਗ ਮਾਈ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਬਠਿੰਡਾ ਦੀ ਅਦਾਲਤ ਵਿੱਚ ਧਾਰਾ 499,500 ਤਹਿਤ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੇ ਕੇਸ ਨੂੰ ਲੈਕੇ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਨੂੰ ਕੰਗਣਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਬਠਿੰਡਾ ਅਦਾਲਤ ਵਿੱਚ ਚੱਲ ਰਿਹਾ ਕੇਸ ਸਟੇਅ ਕਰ ਦਿੱਤਾ ਸੀ। ਹਾਈਕੋਰਟ ਨੇ ਤਿੰਨ ਦਿਨ ਪਹਿਲਾਂ ਮਾਮਲੇ ਦੀ ਕਾਰਵਾਈ ਤੇ ਲਾਈ ਰੋਕ ਖਤਮ ਕੀਤੀ ਹੈ। ਤਕਰੀਬਨ ਪੌਣੇ ਪੰਜ ਸਾਲ ਮਗਰੋਂ ਜਿਲ੍ਹਾ ਅਦਾਲਤ ਬਠਿੰਡਾ ਨੇ ਇਸ ਮਾਮਲੇ ਦੀ ਸੁਣਵਾਈ ਲਈ 11 ਅਗਸਤ ਤੈਅ ਕੀਤੀ ਹੈ ਹੁਣ ਸਿਰਫ ਹਾਈਕੋਰਟ ਦੇ ਹੁਕਮਾਂ ਦੀ ਉਡੀਕ ਹੈ ।
ਹਾਈਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕੰਗਣਾ ਰਣੌਤ ਨੂੰ ਬਠਿੰਡਾ ਅਦਾਲਤ ’ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਾ ਸਕਦੇ ਹਨ। ਕਾਨੂੰਨੀ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਕੰਗਨਾ ਰਣੌਤ ਖ਼ਿਲਾਫ਼ ਬਠਿੰਡਾ ਦੀ ਅਦਾਲਤ ਵਿੱਚ ਮਾਣਹਾਨੀ ਕੇਸ ਲਈ ਰਾਹ ਪੱਧਰਾ ਹੋ ਗਿਆ ਹੈ। ਜਿਕਰਯੋਗ ਹੈ ਕਿ ਜਦੋਂ ਤਿੰਨ ਖੇਤੀ ਕਾਨੂੰਨਾਂ ਸਬੰਧੀ ਦਿੱਲੀ ਦੀਆਂ ਬਰੂਹਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ’ਤੇ ਟਵੀਟ ਰਾਹੀਂ ਟਿੱਪਣੀ ਕਰਦਿਆਂ ਉਸ ਨੂੰ 100 ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ਵਿੱਚ ਕੁੱਦਣ ਵਾਲੀ ਔਰਤ ਦੱਸਿਆ ਸੀ। ਭਾਵੇਂ ਉਦੋਂ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਲਾਅਣਤਾਂ ਪਾਉਣ ਤੋਂ ਬਾਅਦ ਕੰਗਨਾ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਇਸ ਬਜ਼ੁਰਗ ਨੇ ਉਸ ਨੂੰ ਸਿੱਧੇ ਤੌਰ ’ਤੇ ਲਲਕਾਰਿਆ ਸੀ।
ਮਾਤਾ ਮਹਿੰਦਰ ਕੌਰ ਨੇ ਆਪਣੀ ਜ਼ਿੰਦਗੀ ਖੇਤਾਂ ਦੇ ਲੇਖੇ ਲਾਈ ਹੈ ਜਿਸ ਕਰਕੇ ਉਸ ਦੇ ਸਰੀਰ ਵਿੱਚ ਕੁੱਬ ਪੈ ਗਿਆ ਹੈ ਪਰ ਉਸ ਦੇ ਹੌਂਸਲੇ ’ਚ ਰਾਈ ਭਰ ਵੀ ਫਰਕ ਨਹੀਂ ਆਇਆ ਹੈ। ਕਿਸਾਨ ਅੰਦੋਲਨਾਂ ਵਿੱਚ ਕੁੱਦਣ ਵਾਲੀ ਮਾਤਾ ਮਹਿੰਦਰ ਕੌਰ ਦੀ ਝੋਲੀ ਲੋਕਾਂ ਨੇ ਵੱਡਾ ਮਾਣ ਸਨਮਾਨ ਪਾਇਆ ਹੈ। ਕੰਗਨਾ ਰਣੌਤ, ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਹਿੰਦਰ ਕੌਰ ਨੂੰ ਭਾੜੇ ਦੀ ਔਰਤ ਆਖਕੇ ਭੁੱਲ ਕਰ ਬੈਠੀ ਸੀ ਜਿਸ ਕਰਕੇ ਹੁਣ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਅਦਾਲਤ ਦੀ ਅਗਲੀ ਕਾਰਵਾਈ ਤੇ ਟਿਕ ਗਈਆਂ ਹਨ। ਮਹਿੰਦਰ ਕੌਰ ਦੇ ਪਤੀ ਨੰਬਰਦਾਰ ਲਾਭ ਸਿੰਘ ਅੱਜ ਵੀ ਵੀ ਕੰਗਨਾ ਨੂੰ ਚੁਣੌਤੀ ਦਿੰਦੇ ਹਨ ਕਿ ਜੇ ਕੰਗਨਾ, ਉਸ ਦੀ ਪਤਨੀ ਮਹਿੰਦਰ ਕੌਰ ਦੇ ਨਾਲ ਰਾਤ ਨੂੰ ਖੇਤਾਂ ਵਿੱਚ ਪਾਣੀ ਲਾਵੇ, ਖਾਲ ਸੰਵਾਰੇ ਤੇ ਵਾਢੀ ਕਰਾਵੇ ਤਾਂ ਪਤਾ ਲੱਗ ਜਾਏਗਾ ਕਿ ਖੇਤਾਂ ਦੀ ਜਿੰਦਗੀ ਕਿਸ ਭਾਅ ਵਿਕਦੀ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਸੱਚੀ ਕਿਰਤੀ ਹੈ ਜਿਸ ਨੇ ਖੇਤੀ ਦਾ ਹਰ ਕਾਰਜ ਹੱਥੀਂ ਕਰਨ ਨੂੰ ਤਰਜੀਹ ਦਿੱਤੀ। ਵਾਢੀ ਮੌਕੇ ਦਾਤੀ ਨਾਲ ਫਸਲਾਂ ਦੀ ਕਟਾਈ ,ਫਸਲਾਂ ਨੂੰ ਪਾਣੀ ਲਾਉ ਅਤੇ ਟਿੱਬੇ ਪੱਧਰੇ ਕਰਨ ਵਰਗੇ ਕੰਮਾਂ ਨੇ ਇਸ ਬਿਰਧ ਦੇ ਸ਼ਰੀਰ ਵਿੱਚਕੁੱਬ ਪਾ ਦਿੱਤਾ। ਬਿਰਧ ਮਹਿੰਦਰ ਕੌਰ ਹੁਣ ਵੀ ਪੁੱਤ ਪੋਤਿਆਂ ਖਾਤਰ ਆਪਣੀ ਜ਼ਿੰਦਗੀ ‘ਕਿਸਾਨ ਅੰਦੋਲਨ’ ਦੇ ਲੇਖੇ ਲਾਉਣ ਲਈ ਹਰ ਵਕਤ ਖੁਦ ਨੂੰ ਤਿਆਰ ਰੱਖਦੀ ਹੈ। ਜਦੋਂ ਦਿੱਲੀ ਕਿਸਾਨ ਅੰਦੋਲਨ ਪੂਰੇ ਜੋਬਨ ਤੇ ਸੀ ਤਾਂ ਕੌਮਾਂਤਰੀ ਮੈਗਜ਼ੀਨ ‘ਟਾਈਮ’ ਨੇ ਕਿਸਾਨੀ ਝੰਡਾ ਚੁੱਕੀ ਜਾ ਰਹੀ ਬਿਰਧ ਮਹਿੰਦਰ ਕੌਰ ਦੀ ਤਸਵੀਰ ਲਾਈ ਸੀ। ਜਦੋਂ ਇਹ ਬਜ਼ੁਰਗ ਵਿਸ਼ਵ ਭਰ ’ਚ ਛਾਈ ਹੋਈ ਸੀ ਤਾਂ ਕੰਗਣਾ ਰਣੌਤ ਨੇ ਮਹਿੰਦਰ ਕੌਰ ਨੂੰ ਸੌ ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ’ਚ ਬੈਠਣ ਵਾਲੀ ਔਰਤ ਗਰਦਾਨ ਦਿੱਤਾ ਸੀ ਜਿਸ ਸਬੰਧੀ ਹੁਣ ਮਾਮਲਾ ਬਠਿੰਡਾ ਅਦਾਲਤ ’ਚ ਚੱਲਣਾ ਹੈ।
ਅਗਲੀ ਕਾਰਵਾਈ ਲਈ ਤਰੀਕ ਤੈਅ
ਇੱਕ ਕਾਨੂੰਨੀ ਮਾਹਿਰ ਨੇ ਦੱਸਿਆ ਕਿ ਜੇਕਰ ਕੰਗਨਾ ਰਣੌਤ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਨਹੀਂ ਦਿੰਦੀ ਤਾਂ ਬਠਿੰਡਾ ਅਦਾਲਤ ਵਿੱਚ ਕਾਰਵਾਈ ਦਾ ਅੱਗੇ ਵਧਣਾ ਤੈਅ ਹੈ। ਬਜ਼ੁਰਗ ਮਾਤਾ ਮਹਿੰਦਰ ਕੌਰ ਤਰਫੋਂ ਮਾਣਹਾਨੀ ਦਾ ਕੇਸ ਲੜ ਰਹੇ ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਦਾ ਕਹਿਣਾ ਸੀ ਕਿ ਸੋਮਵਾਰ ਤੱਕ ਹਾਈਕੋਰਟ ਦਾ ਫੈਸਲਾ ਆ ਸਕਦਾ ਜਿਸ ਤੋਂ ਬਾਅਦ ਬਠਿੰਡਾ ਅਦਾਲਤ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਕਰੇਗੀ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਸੰਮਨ ਕਰਨ ਤੇ ਕੰਗਨਾ ਰਣੌਤ ਨੂੰ ਪੇਸ਼ ਹੋਣਾ ਪਵੇਗਾ ਨਹੀਂ ਤਾਂ ਭਗੌੜਾ ਵੀ ਐਲਾਨਿਆ ਜਾ ਸਕਦਾ ਹੈ।