ਫੌਜੀ ਨੇ ਕੁੱਟ ਦਿੱਤੇ ਸਪਾਈਸਜੈੱਟ ਦੇ 4 ਸਟਾਫ਼ ਮੈਂਬਰ, ਹੁਣ ਮਾਮਲੇ ਵਿਚ ਆਇਆ ਨਵਾਂ ਮੋੜ
ਨਵੀਂ ਦਿੱਲੀ, 3 ਅਗਸਤ 2025
ਸ੍ਰੀਨਗਰ ਹਵਾਈ ਅੱਡੇ 'ਤੇ ਸਪਾਈਸਜੈੱਟ ਦੇ ਚਾਰ ਕਰਮਚਾਰੀਆਂ ਨੂੰ ਕੁੱਟਣ ਵਾਲੇ ਫੌਜੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਸ 'ਤੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਉਸਨੂੰ 'ਨੋ-ਫਲਾਈ' ਸੂਚੀ ਵਿੱਚ ਪਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਉਸ 'ਤੇ ਭਾਰਤੀ ਫੌਜ ਵੱਲੋਂ ਵਿਭਾਗੀ ਕਾਰਵਾਈ ਵੀ ਹੋ ਸਕਦੀ ਹੈ।
ਇਹ ਘਟਨਾ 26 ਜੁਲਾਈ 2025 ਨੂੰ ਵਾਪਰੀ ਸੀ, ਜਦੋਂ ਫੌਜੀ ਅਧਿਕਾਰੀ ਦਿੱਲੀ ਜਾਣ ਵਾਲੀ ਫਲਾਈਟ SG-386 ਵਿੱਚ ਸਵਾਰ ਹੋਣ ਆਇਆ ਸੀ। ਅਧਿਕਾਰੀ ਕੋਲ 16 ਕਿਲੋ ਸਮਾਨ ਸੀ, ਜਦੋਂ ਕਿ ਇਜਾਜ਼ਤ ਸਿਰਫ 7 ਕਿਲੋ ਦੀ ਸੀ। ਜਦੋਂ ਕਰਮਚਾਰੀਆਂ ਨੇ ਉਸ ਤੋਂ ਵਾਧੂ ਸਮਾਨ ਦੀ ਫੀਸ ਮੰਗੀ, ਤਾਂ ਉਸਨੇ ਇਨਕਾਰ ਕਰ ਦਿੱਤਾ ਅਤੇ ਬੋਰਡਿੰਗ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਜ਼ਬਰਦਸਤੀ ਏਅਰੋਬ੍ਰਿਜ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਜਦੋਂ ਇੱਕ ਸੀ.ਆਈ.ਐਸ.ਐਫ. ਅਧਿਕਾਰੀ ਨੇ ਉਸਨੂੰ ਰੋਕਿਆ, ਤਾਂ ਫੌਜੀ ਅਧਿਕਾਰੀ ਨੇ ਗੁੱਸੇ ਵਿੱਚ ਆ ਕੇ ਸਪਾਈਸਜੈੱਟ ਦੇ ਕਰਮਚਾਰੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਮੁੱਕਿਆਂ, ਲੱਤਾਂ ਅਤੇ ਕਿਊ ਸਟੈਂਡ ਨਾਲ ਉਨ੍ਹਾਂ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਇੱਕ ਕਰਮਚਾਰੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਦੂਜੇ ਦਾ ਜਬਾੜਾ ਟੁੱਟ ਗਿਆ। ਇੱਕ ਕਰਮਚਾਰੀ ਬੇਹੋਸ਼ ਹੋ ਗਿਆ ਅਤੇ ਇੱਕ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਵਹਿਣ ਲੱਗ ਪਿਆ।
ਸਪਾਈਸਜੈੱਟ ਦੇ ਅਧਿਕਾਰੀਆਂ ਨੇ ਜ਼ਖਮੀ 4 ਕਰਮਚਾਰੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਪੁਲਿਸ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨੂੰ ਵੀ ਦਿੱਤੀ ਗਈ ਹੈ। ਸਪਾਈਸਜੈੱਟ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।