Crime news : ਠੇਕੇਦਾਰ ਅਤੇ ਰੇਹੜੀ ਵਾਲਿਆਂ ਵਿਚਕਾਰ ਝੜਪ, ਇੱਕ ਦੀ ਮੌਤ
ਬਠਿੰਡਾ, 3 ਅਗਸਤ 2025: ਬਠਿੰਡਾ ਦੇ ਸੰਗਤ ਮੰਡੀ ਬੱਸ ਸਟੈਂਡ 'ਤੇ ਸ਼ਨੀਵਾਰ ਸ਼ਾਮ ਨੂੰ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖੀ ਵਜੋਂ ਹੋਈ ਹੈ, ਜੋ ਨਗਰ ਕੌਂਸਲ ਵੱਲੋਂ ਬੱਸ ਸਟੈਂਡ ਦਾ ਠੇਕਾ ਚਲਾ ਰਿਹਾ ਸੀ।
ਪੁਲਿਸ ਅਨੁਸਾਰ, ਇਹ ਝਗੜਾ ਬੱਸ ਸਟੈਂਡ 'ਤੇ ਰੇਹੜੀ ਵਾਲਿਆਂ ਕੋਲੋਂ ਪਰਚੀਆਂ ਕੱਟਣ ਨੂੰ ਲੈ ਕੇ ਹੋਇਆ। ਇਸ ਦੌਰਾਨ ਹੋਈ ਹਿੰਸਕ ਝੜਪ ਵਿੱਚ ਠੇਕੇਦਾਰ ਲਖਵਿੰਦਰ ਸਿੰਘ ਦੀ ਮੌਤ ਹੋ ਗਈ। ਜ਼ਖਮੀ ਹੋਏ ਇੱਕ ਹੋਰ ਵਿਅਕਤੀ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਐਸ.ਪੀ. (ਡੀ) ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।