ਜੇਲ੍ਹ ਵਿੱਚ ਕੈਦੀ ਨੇ ਲਿਆ ਫਾਹਾ, ਪਰਿਵਾਰ ਨੇ ਕਤਲ ਦੇ ਇਲਜ਼ਾਮ ਲਾਏ
ਸੰਗਰੂਰ, 3 ਅਗਸਤ 2025: ਸੰਗਰੂਰ ਦੀ ਜੇਲ੍ਹ ਵਿੱਚ ਇੱਕ ਕੈਦੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੱਲ੍ਹ ਰਾਤ ਇੱਕ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ 7 ਤਰੀਕ ਨੂੰ ਪੇਸ਼ੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਆਖ਼ਰੀ ਵਾਰ ਉਨ੍ਹਾਂ ਦੀ ਗੱਲ ਹੋਈ ਸੀ ਤਾਂ ਉਨ੍ਹਾਂ ਦੇ ਬੇਟੇ ਨੇ ਕਿਹਾ ਸੀ ਕਿ ਉਹ ਜੇਲ੍ਹ ਵਿੱਚ ਖੁਸ਼ ਨਹੀਂ ਹੈ ਅਤੇ ਪੁਲਿਸ ਵੱਲੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਆਧਾਰ 'ਤੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੇਟੇ ਦਾ ਜੇਲ੍ਹ ਵਿੱਚ ਕਤਲ ਕੀਤਾ ਗਿਆ ਹੈ।
ਪਰਿਵਾਰ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਸੰਗਰੂਰ ਦੀ ਬਜਾਏ ਪਟਿਆਲਾ ਜਾਂ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਕਰਵਾਇਆ ਜਾਵੇ, ਕਿਉਂਕਿ ਉਨ੍ਹਾਂ ਨੂੰ ਸੰਗਰੂਰ ਦੇ ਪ੍ਰਸ਼ਾਸਨ 'ਤੇ ਭਰੋਸਾ ਨਹੀਂ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਰਿਪੋਰਟ ਗਲਤ ਹੋ ਸਕਦੀ ਹੈ।
ਇਸ ਮਾਮਲੇ 'ਤੇ ਡੀ.ਐੱਸ.ਪੀ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਅੰਡਰ ਟ੍ਰਾਇਲ ਕੈਦੀ ਸੀ ਅਤੇ ਤਰਨ ਤਾਰਨ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਪਰਿਵਾਰ ਦੇ ਕਤਲ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਮੁਤਾਬਕ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਪੋਸਟਮਾਰਟਮ ਬਾਰੇ ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਜਿੱਥੇ ਮੌਤ ਹੋਈ ਹੈ, ਪੋਸਟਮਾਰਟਮ ਉੱਥੇ ਹੀ ਕੀਤਾ ਜਾਵੇਗਾ। ਇਸ ਲਈ, ਪੋਸਟਮਾਰਟਮ ਡਾਕਟਰਾਂ ਦੀ ਹਾਜ਼ਰੀ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਸੰਗਰੂਰ ਵਿੱਚ ਹੀ ਕੀਤਾ ਜਾ ਰਿਹਾ ਹੈ।