Punjab News: ਅਫਰੀਕਨ ਸਵਾਈਨ ਫੀਵਰ ਦਾ ਕਹਿਰ, ਪ੍ਰਸਾਸ਼ਨ ਵੱਲੋਂ ਚੇਤਾਵਨੀ ਜਾਰੀ
-ਅਫ਼ਰੀਕਨ ਸਵਾਈਨ ਫੀਵਰ ਦੀ ਬਿਮਾਰੀ ਸੂਰਾਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ-ਡਾ. ਰਾਜੀਵ ਗਰੋਵਰ
-ਕਿਹਾ, ਪਸ਼ੂ ਪਾਲਣ ਵਿਭਾਗ ਵੱਲੋਂ ਬਿਮਾਰੀ ਨੂੰ ਕੰਟਰੋਲ ਅਤੇ ਸੀਮਤ ਕਰਨ ਲਈ ਮੁਹਿੰਮ ਸ਼ੁਰੂ
-ਆਪਣੇ ਫਾਰਮ ਤੇ ਮਨੁੱਖੀ ਤੇ ਸੂਰਾਂ ਜਾਂ ਸੂਰਾਂ ਦੇ ਮੀਟ ਪਦਾਰਥ ਆਦਿ ਦੀ ਅਣਲੋੜੀਂਦੀ ਆਵਾਜਾਈ ਤੋਂ ਗੁਰੇਜ ਕਰਨ
ਪਟਿਆਲਾ,2 ਅਗਸਤ : ਪਟਿਆਲਾ ਜ਼ਿਲ੍ਹੇ ਦੇ ਪਿੰਡ ਰਵਾਸ ਬ੍ਰਾਹਮਣਾਂ ਦੇ ਇੱਕ ਪਿੱਗ ਫਾਰਮ ਵਿੱਚ ਸੂਰਾਂ ਨੂੰ ਅਫ਼ਰੀਕਨ ਸਵਾਈਨ ਫੀਵਰ ਦੀ ਬਿਮਾਰੀ ਦੀ ਪੁਸ਼ਟੀ ਹੋਣ ਦੇ ਬਾਆਦ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਮੂਹ ਸੂਰ ਪਾਲਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਮਾਹਰਾਂ ਮੁਤਾਬਕ ਇਹ ਸੂਰਾਂ ਵਿੱਚ ਪਾਈ ਜਾਣ ਵਾਲੀ ਵਿਸ਼ਾਣੂ ਨਾਲ ਹੋਣ ਵਾਲੀ ਇੱਕ ਛੂਤੀ ਬਿਮਾਰੀ ਹੈ, ਪਰੰਤੂ ਇਹ ਬਿਮਾਰੀ ਸੂਰਾਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਿਮਾਰੀ ਬਹੁਤ ਤੇਜੀ ਨਾਲ ਫੈਲਦੀ ਹੈ ਅਤੇ ਇਸ ਬਿਮਾਰੀ ਨਾਲ ਸੂਰਾਂ ਵਿੱਚ ਮੌਤ ਦੀ ਦਰ 100 ਫੀਸਦੀ ਹੈ, ਇਸ ਲਈ ਸਮੂਹ ਪਸ਼ੂ ਪਾਲਕ ਪਸ਼ੂ ਪਾਲਣ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਸਾਵਧਾਨੀਆਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਅਤੇ ਪਿੰਡ ਰਵਾਸ ਬ੍ਰਹਮਣਾਂ ਵਿਚ ਆਏ ਕੇਸ ਦੇ ਮੱਦੇਨਜ਼ਰ, ਬਿਮਾਰੀ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਲਾਗ ਵਾਲਾ (ਇਨਫੈਕਟਿਡ ਜ਼ੋਨ) ਅਤੇ 1 ਤੋਂ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਐਲਾਨ ਕੀਤਾ ਗਿਆ ਹੈ।
ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਰਾਜੀਵ ਗਰੋਵਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਇੱਕ ਫਾਰਮ ਤੇ ਸੂਰਾਂ ਵਿੱਚ ਅਫਰੀਕਨ ਸਵਾਈਨ ਫੀਵਰ ਬਿਮਾਰੀ ਦੀ ਪੁਸ਼ਟੀ ਹੋਈ ਹੈ। ਇਹ ਬਿਮਾਰੀ ਬਿਮਾਰ ਪਸ਼ੂਆਂ ਤੋਂ ਤੰਦਰੁਸਤ ਪਸ਼ੂਆਂ ਤੱਕ ਆਵਾਜਾਈ, ਪਸ਼ੂਆਂ ਦੀ ਫੀਡ ਅਤੇ ਹੋਰ ਸਾਜੋ ਸਮਾਨ ਰਾਹੀਂ ਵੀ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਹੈ ਪਰੰਤੂ ਇਹ ਬਿਮਾਰੀ ਸੂਰਾਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ, ਇਸ ਲਈ ਆਮ ਲੋਕਾਂ ਨੂੰ ਇਸ ਤੋਂ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਸੂਰਾਂ ਵਿੱਚ ਹੋਣ ਵਾਲਾ ਇੱਕ ਵਿਸ਼ਾਣੂ ਰੋਗ ਅਫਰੀਕਨ ਸਵਾਈਨ ਬੁਖਾਰ ਹੈ।
ਡਿਪਟੀ ਡਾਇਰੈਕਟਰ ਡਾ. ਰਾਜੀਵ ਗਰੋਵਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਬਿਮਾਰੀ ਨੂੰ ਕੰਟਰੋਲ ਅਤੇ ਸੀਮਤ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸਤਰਕਤਾ ਤਹਿਤ ਸੂਰਾਂ ਵਿੱਚ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਸੈਂਪਲ ਲਏ ਜਾ ਰਹੇ ਹਨ। ਡਾ. ਗਰੋਵਰ ਨੇ ਸਮੂਹ ਸੂਰ ਪਾਲਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੇ ਫਾਰਮ ਤੇ ਪਸ਼ੂ ਪਾਲਣ ਵਿਭਾਗ ਦੁਆਰਾ ਜਾਰੀ ਕੀਤੀਆਂ ਬਾਇਓ ਸਕਿਉਰਟੀ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਆਪਣੇ ਫਾਰਮ ਤੇ ਮਨੁੱਖੀ ਅਤੇ ਸੂਰਾਂ ਜਾਂ ਸੂਰਾਂ ਦੇ ਮੀਟ ਪਦਾਰਥ ਆਦਿ ਦੀ ਅਣਲੋੜੀਂਦੀ ਆਵਾਜਾਈ ਤੋਂ ਗੁਰੇਜ ਕਰਨ।