Babushahi Special ਹਰਜਿੰਦਰ ਮੇਲਾ ਕਤਲ: ਜਿਹੜੇ ਰਾਖੇ ਤੋਂ ਰਾਖੀ ਦੀ ਝਾਕ ਰੱਖਦਾ ,ਵੇ ਉਹੀ ਤੇਰੇ ਖੇਤ ਖਾ ਗਿਆ
ਅਸ਼ੋਕ ਵਰਮਾ
ਬਠਿੰਡਾ, 2 ਅਗਸਤ 2025: ਪੁਲਿਸ ਦੇ ਪੁਖਤਾ ਸਬੂਤ ਜੁਟਾਉਣ ’ਚ ਅਸਫਲ ਰਹਿਣ ਅਤੇ ਜਾਂਚ ਦੌਰਾਨ ਊਣਤਾਈਆਂ ਰਹਿਣ ਤੋਂ ਇਲਾਵਾ ਪਤਨੀ ਦੀ ਗਵਾਹੀ ’ਚ ਸਾਰਥਿਕਤਾ ਨਾਂ ਹੋਣ ਕਾਰਨ ਜਿਲ੍ਹਾ ਅਦਾਲਤ ਬਠਿੰਡਾ ਵੱਲੋਂ ਮਾਲ ਰੋਡ ਤੇ ਸਥਿਤ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਕਤਲਕਾਂਡ ਦੇ 4 ਮੁਲਜਮਾਂ ਨੂੰ ਬਰੀ ਕਰਨ ਦੇ ਮਾਮਲੇ ਨੇ ਸ਼ਹਿਰ ਦੇ ਸਮਾਜਿਕ ਅਤੇ ਵਪਾਰਿਕ ਹਲਕਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਦੀ 28 ਅਕਤੂਬਰ 2023 ਸ਼ਾਮ ਨੂੰ ਉਨ੍ਹਾਂ ਦੀ ਕੁਲਚਾ ਸ਼ਾਪ ਦੇ ਬਾਹਰ ਕੁਰਸੀ ਤੇ ਬੈਠਿਆਂ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ । ਮੁਲਜਮਾਂ ’ਚ ਸ਼ੂਟਰ ਲਵਦੀਪ ਸਿੰਘ ਉਰਫ ਲਵੀ ਤੇ ਕਮਲਜੀਤ ਸਿੰਘ ਉਰਫ ਕੋਮਕਲਜੀਤ ਸਿੰਘ ਸ਼ਾਮਲ ਹਨ। ਇਸ ਤੋਂ ਬਿਨਾਂ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਦੇ ਪਿਤਾ ਚਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਉਰਫ ਪੰਮਾ ਨੂੰ ਪੁਲਿਸ ਨੇ ਦੋਸ਼ੀ ਵਜੋਂ ਨਾਮਜਦ ਕੀਤਾ ਸੀ।
ਪੁਲਿਸ ਨੇ ਇੰਨ੍ਹਾਂ ਸਾਰਿਆਂ ਤੇ ਕਤਲ ਦੀ ਧਾਰਾ 302, ਅਪਰਾਧਿਕ ਸਜਿਸ਼ ਦੀ 120 ਬੀ ਅਤੇ ਅਸਲਾ ਐਕਟ ਦੀ ਧਾਰਾ 25 ਸਣੇ ਹੋਰ ਵੀ ਦੋਸ਼ ਆਇਦ ਕੀਤੇ ਸਨ ਪਰ ਪੁਲਿਸ ਸਬੂਤ ਜੁਟਾਉਣ ’ਚ ਅਸਫਲ ਰਹੀ। ਪੁਲਿਸ ਨੇ ਜੋ ਸਬੂਤ ਪੇਸ਼ ਕੀਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਵੀ ਸ਼ੱਕੀ ਮੰਨਿਆ ਗਿਆ ਹੈ। ਅਦਾਲਤ ਨੇ ਫੈਸਲੇ ’ਚ ਕਿਹਾ ਕਿ ਮੁਦਈ ਪੱਖ ਚਾਰਾਂ ਖਿਲਾਫ ਦੋਸ਼ ਸਾਬਿਤ ਕਰਨ ’ਚ ਫੇਲ੍ਹ ਰਿਹਾ ਹੈ। ਪੁਲਿਸ ਇਸ ਕੇਸ ’ਚ ਗੈਂਗਸਟਰ ਅਰਸ਼ ਡਾਲਾ ,ਸਾਧੂ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਹੈ। ਮੁਲਜਮਾਂ ਦੇ ਬਰੀ ਹੋਣ ਕਾਰਨ ਪੁਲਿਸ ਜਾਂਚ ਤੇ ਸਵਾਲ ਉੱਠੇ ਹਨ । ਕਾਨੂੰਨੀ ਮਾਹਿਰਾਂ ਮੁਤਾਬਕ ਪੁਲਿਸ ਨੇ ਮੁਲਜਮਾਂ ਦੀ ਸ਼ਿਨਾਖਤ ਤੋਂ ਲੈਕੇ ਹਥਿਆਰਾਂ ਦੀ ਬਰਾਮਦਗੀ ਤੇ ਸਬੂਤ ਇਕੱਠੇ ਕਰਨ ਮੌਕੇ ਏਦਾਂ ਦੀਆਂ ਖਾਮੀਆਂ ਛੱਡ ਦਿੱਤੀਆਂ ਜਿਸ ਦਾ ਸਿੱਧਾ ਲਾਹਾ ਮੁਲਜਮਾਂ ਨੂੰ ਮਿਲਿਆ ਅਤੇ ਉਹ ਅਦਾਲਤ ਚੋਂ ਬਰੀ ਹੋ ਗਏ।
ਹੁਣ ਇੱਕ ਨਜ਼ਰ ਉਨ੍ਹਾਂ ਖਾਮੀਆਂ ਤੇ ਨਜ਼ਰ ਮਾਰੀਏ ਜੋ ਮੁਲਜਮਾਂ ਦੇ ਬਰੀ ਹੋਣ ’ਚ ਸਹਾਈ ਹੋਈਆਂ ਹਨ। ਸਭ ਤੋਂ ਅਹਿਮ ਪੁਲਿਸ ਨੇ ਖਾਲੀ ਕਾਰਤੂਸ ਵਾਰਦਾਤ ਵਾਲੀ ਥਾਂ ਤੋਂ 24 ਘੰਟੇ ਬਾਅਦ ਬਰਾਮਦ ਹੋਣੇ ਦੱਸੇ ਹਨ। ਇਸ ਤੇ ਸਵਾਲ ਉੱਠਿਆ ਕਿ ਇੱਕ ਦਿਨ ਪਹਿਲਾਂ ਜਦੋਂ 4-5 ਸੌ ਦੀ ਭੀੜ ਇਕੱਠੀ ਹੋਈ ਤਾਂ ਇਹ ਕਾਰਤੂਸ ਕਿਸੇ ਨੂੰ ਦਿਖਾਈ ਕਿੳਂ ਨਹੀਂ ਦਿੱਤੇ। ਪੁਲਿਸ ਨੇ ਮੁਲਜਮ ਦੇ ਘਰ ਚੋਂ ਪਿਸਤੌਲ ਬਰਾਮਦ ਦਿਖਾਇਆ ਜਦੋਂਕਿ ਉਹ ਉਦੋਂ ਪੁਲਿਸ ਹਿਰਾਸਤ ਵਿੱਚ ਸੀ ਅਤੇ ਉਸਦੀ ਪਤਨੀ ਦੋ ਦਿਨ ਬਾਹਰ ਸੀ। ਵਕੀਲ ਦਾ ਸਵਾਲ ਸੀ ਪੁਲਿਸ ਘਰ ਕਿਸ ਤਰਾਂ ਗਈ ਤਾਂ ਜਵਾਬ ਸੀ ਕਿ ਇੱਟ ਦੇ ਹੇਠਾਂ ਚਾਬੀ ਪਈ ਸੀ ਜਿਸ ਨਾਲ ਤਾਲਾ ਖੋਹਲ ਕੇ ਅਸਲਾ ਬਰਾਮਦ ਕੀਤਾ ਹੈ। ਅਦਾਲਤ ਨੇ ਆਪਣੇ ਫੈਸਲੇ ’ਚ ਟਿੱਪਣੀ ਕੀਤੀ ਹੈ ਕਿ ਮੁਦਈ ਪੱਖ ਨੇ 32 ਗਵਾਹਾਂ ਦੀ ਜਾਂਚ ਕੀਤੀ ਜਿੰਨ੍ਹਾਂ ’ਚ ਕਈ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।
ਅਦਾਲਤ ਦਾ ਕਹਿਣਾ ਸੀ ਕਿ ਮੁਲਜਮਾਂ ਨੂੰ ਦੋਸ਼ੀ ਸਾਬਤ ਕਰਨ ਲਈ ਕੋਈ ਵੀ ਠੋਸ ਸਬੂਤ ਨਹੀਂ ਪੇਸ਼ ਕੀਤਾ ਗਿਆ ਹੈ। ਇੱਥੋਂ ਤੱਕ ਕਿ ਜਦੋਂ ਅਦਾਲਤ ’ਚ ਪੈਨ ਡਰਾਈਵ ਰਾਹੀਂ ਵੀਡੀਓ ਦਿਖਾਇਆ ਤਾਂ ਗਵਾਹ ਵੀ ਹਮਲਾਵਰਾਂ ਨੂੰ ਪਛਾਣ ਨਹੀਂ ਸਕੇ। ਇਸ ਤੋਂ ਸਪਸ਼ਟ ਹੈ ਕਿ ਪੁਲਿਸ ਮੁਲਜਮਾਂ ਨੂੰ ਦੋਸ਼ੀ ਸਿੱਧ ਕਰਨ ਲਈ ਕੋਈ ਪੁਖਤਾ ਸਬੂਤ ਇਕੱਠੇ ਨਹੀਂ ਕਰ ਸਕੀ ਹੈ। ਮੁਦਈ ਪੱਖ ਦੀ ਮੁੱਖ ਗਵਾਹ ਮ੍ਰਿਤਕ ਦੀ ਪਤਨੀ ਤੇ ਸ਼ਕਾਇਤਕਰਤਾ ਆਰਤੀ ਜੌਹਲ ਆਪਣੇ ਬਿਆਨਾਂ ਤੋਂ ਪਲਟ ਗਈ। ਆਰਤੀ ਨੇ ਆਪਣੀ ਗਵਾਹੀ ’ਚ ਕਿਹਾ ਸੀ ਕਿ ਵਾਰਦਾਤ ਮੌਕੇ ਉਹ ਦੁਕਾਨ ਦੇ ਅੰਦਰ ਸੀ ਅਤੇ ਹਮਲਾਵਰਾਂ ਨੂੰ ਦੇਖ ਨਹੀਂ ਸਕੀ ਜਿਸ ਕਰਮੇ ਉਹ ਮੁਲਜਮਾਂ ਨੂੰ ਪਛਾਣ ਨਹੀਂ ਸਕਦੀ। ਇਸੇ ਤਰਾਂ ਦੋ ਗਵਾਹ ਜਗਮੇਲ ਸਿੰਘ ਉਰਫ ਰਾਜੂ ਅਤੇ ਵਿਕਰਮ ਸਿੰਘ ਵੀ ਪੁਲਿਸ ਨੂੰ ਦਿੱਤੇ ਬਿਆਨਾਂ ਤੋਂ ਮੁੱਕਰ ਗਏ। ਇੰਨ੍ਹਾਂ ਨੇ ਮੁਲਜਮਾਂ ਨੂੰ ਅਦਾਲਤ ’ਚ ਪਛਾਨਣ ਤੋਂ ਇਨਕਾਰ ਕਰ ਦਿੱਤਾ।
ਬਚਾਅ ਪੱਖ ਦੀਆਂ ਦਲੀਲਾਂ
ਮੁਦਈ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਕਹਿਣਾ ਸੀ ਕਿ ਮੁਦਈ ਪੱਖ ਦੋਸ਼ੀਆਂ ਦੀ ਪਛਾਣ ਕਰਨ ’ਚ ਅਸਫਲ ਰਿਹਾ ਹੈ। ਇੱਕ ਮੁਲਜਮ ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਸ ਤੋਂ ਕੁੱਝ ਬਰਾਮਦ ਨਹੀਂ ਕੀਤਾ ਬਲਕਿ ਉਸ ਤੇ ਝੂਠੇ ਦੋਸ਼ ਲਾਏ ਹਨ। ਕਮਲਜੀਤ ਸਿੰਘ ਅਤੇ ਲਵਦੀਪ ਸਿੰਘ ਨੇ ਵੀ ਇਹੋ ਕਿਹਾ ਕਿ ਉਨ੍ਹਾਂ ਤੋਂ ਕੋਈ ਵੀ ਬਰਾਮਦਗੀ ਨਹੀਂ ਕੀਤੀ ਅਤੇ ਪੁਲਿਸ ਨੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਹਨ। ਇਹੋ ਕਾਰਨ ਹੈ ਕਿ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਮੁਲਜਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਜੇਲ੍ਹ ’ਚ ਬੰਦ ਲਵਦੀਪ ਸਿੰਘ ਅਤੇ ਚਰਨਜੀਤ ਸਿੰਘ ਨੂੰ ਫੌਰਨ ਰਿਹਾ ਕਰਨ ਦੇ ਆਦੇਸ਼ ਦਿੱਤੇ ਜਦੋਂਕਿ ਜਮਾਨਤ ਤੇ ਚੱਲ ਰਹੇ ਪਰਮਜੀਤ ਸਿੰਘ ਪੰਮਾ ਅਤੇ ਕਮਲਜੀਤ ਸਿੰਘ ਦੀ ਜਮਾਨਤ ਛੇ ਮਹੀਨਿਆਂ ਲਈ ਵਧਾ ਦਿੱਤੀ।
ਵਪਾਰੀਆਂ ’ਚ ਫੈਸਲੇ ਪ੍ਰਤੀ ਰੋਸ
ਵਪਾਰੀ ਆਗੂ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਐਨੇ ਹਾਈਪ੍ਰੋਫਾਈਲ ਮਾਮਲੇ ’ਚ ਮੁਲਜਮਾਂ ਦਾ ਬਰੀ ਹੋਣਾ ਪੁਲਿਸ ਦੀ ਲਾਪਰਵਾਹੀ ਹੈ ਜੋ ਢੁੱਕਵੇਂ ਸਬੂਤ ਇਕੱਠੇ ਨਹੀਂ ਕਰ ਸਕੀ ਹੈ। ਵਪਾਰੀ ਆਗੂ ਕਾਲੂ ਰਾਮ ਨੇ ਕਿਹਾ ਕਿ ਇਸ ਨਾਲ ਵਪਾਰੀਆਂ ਦੇ ਹੌਂਸਲੇ ਪਸਤ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖਰ ਇੱਕ ਨੇਕ ਇਨਸਾਨ ਦੇ ਕਤਲ ਸਬੰਧੀ ਪ੍ਰੀਵਾਰ ਨੂੰ ਇਨਸਾਫ ਕਦੋਂ ਮਿਲੇਗਾ ।