Punjab News: ਕਈ AAP ਆਗੂ ਕਾਂਗਰਸ 'ਚ ਸ਼ਾਮਲ
ਰਵਿੰਦਰ ਢਿੱਲੋਂ
ਚੰਡੀਗੜ੍ਹ, 10 ਸਤੰਬਰ 2025- ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਕਰੀਬੀ ਕਈ ਆਗੂ ਕਾਂਗਰਸ ਚ ਸ਼ਾਮਲ ਹੋਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ। ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੀ ਅਗਵਾਈ ਹੇਠ ਇਹ ਸ਼ਾਮਲ ਹੋਏ।
ਕਾਂਗਰਸ ‘ਚ ਸ਼ਾਮਲ ਹੋਣ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਦੇ ਸੇਵਾਮੁਕਤ ਕਰਮਚਾਰੀ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਲਛਮਣ ਸਿੰਘ ਗਰੇਵਾਲ, ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸ਼ਰਮਾ, ਤਰਿੰਦਰ ਗਿੱਲ, ਵਰਿੰਦਰ ਸਿੰਘ ਬਰਨ, ਯੂਥ ਵਿੰਗ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਜੱਸਲ, ਐਡਵੋਕੇਟ ਸੋਹਣ ਸਹੋਤਾ ਅਤੇ ਭੁਪਿੰਦਰ ਸਿੰਘ ਨੰਬਰਦਾਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਅਸਤੀਫ਼ੇ ਭੇਜੇ ਜਿਨ੍ਹਾਂ ਵਿੱਚ ਉਨ੍ਹਾਂ ਨੇ ਸਪਸ਼ਟ ਲਿਖਿਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਲਗਾਤਾਰ ਅਪਮਾਨਿਤ ਕੀਤਾ ਗਿਆ ਅਤੇ ਉਹ ਸਤਿਕਾਰ ਨਹੀਂ ਦਿੱਤਾ ਗਿਆ ਜਿਸਦੇ ਉਹ ਹੱਕਦਾਰ ਸਨ।
ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਖੰਨਾ ਹਲਕੇ ਤੋਂ ‘ਆਪ’ ਦੇ ਆਗੂਆਂ ਦਾ ਕਾਂਗਰਸ ਵਿੱਚ ਆਉਣਾ ਪਾਰਟੀ ਲਈ ਬਹੁਤ ਹੀ ਉਤਸ਼ਾਹਜਨਕ ਕਦਮ ਹੈ। ਇਹ ਸਿਰਫ ਖੰਨਾ ਹੀ ਨਹੀਂ, ਸਗੋਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਸਰ ਦਿਖਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਹੋਰ ਆਗੂ ਅਤੇ ਵਲੰਟੀਅਰ ਵੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਨਾਲ ਜੁੜਣਗੇ।
ਲਛਮਣ ਸਿੰਘ ਗਰੇਵਾਲ ਨੇ ਮੌਕੇ ‘ਤੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਦਿਨ-ਰਾਤ ਕੰਮ ਕੀਤਾ ਸੀ। ਉਹਨਾਂ ਨੂੰ ਉਸ ਸਮੇਂ ਕਵਰਿੰਗ ਉਮੀਦਵਾਰ ਵਜੋਂ ਵੀ ਖੜ੍ਹਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਪਾਰਟੀ ਦੀ ਜਿੱਤ ਲਈ ਪੂਰਾ ਯਤਨ ਕੀਤਾ ਪਰ ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ। ਗਰੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ “ਆਪ ਵਿੱਚ ਵਰਕਰਾਂ ਦਾ ਕੋਈ ਸਤਿਕਾਰ ਨਹੀਂ ਹੈ ਅਤੇ ਪਾਰਟੀ ਨੂੰ 2027 ਦੀਆਂ ਚੋਣਾਂ ਵਿੱਚ ਇਸਦਾ ਨਤੀਜਾ ਭੁਗਤਣਾ ਪਵੇਗਾ।”