Flood Breaking: ਸਰਪੰਚ ਦੀ ਦਲੇਰੀ ਨੇ ਹੜ੍ਹਾਂ ਤੋਂ ਬਚਾਏ ਕਈ ਪਿੰਡ, ਪੜ੍ਹੋ ਪੂਰੀ ਖ਼ਬਰ
ਆਫਤ ਸਮੇਂ ਪਿੰਡ ਦੀਆਂ ਬੀਬੀਆਂ ਨੇ ਪੂਰਾ ਸਾਥ ਦਿੱਤਾ ਪਿੰਡ ਵਾਸੀਆਂ ਦਾ ਮੈਂ ਰਿਣੀ :- ਸਰਪੰਚ ਬਲਵਿੰਦਰ ਸਿੰਘ
ਚੋਵੇਸ਼ ਲਟਾਵਾ
ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ - ਭਾਰੀ ਮੀਂਹ ਕਾਰਨ ਜਿੱਥੇ ਮਿੱਟੀ ਕਮਜ਼ੋਰ ਹੋ ਗਈ ਸੀ, ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵੱਲ ਜਾਂਦੀ ਭਾਖੜਾ ਨਹਿਰ 'ਤੇ ਪਿੰਡ ਮਿੰਡਵਾਂ ਨੇੜੇ ਪਟੜੀ 'ਤੇ ਪਾੜ ਪੈਣਾ ਸ਼ੁਰੂ ਹੋ ਗਿਆ। ਇਸ ਖ਼ਤਰੇ ਨੂੰ ਸਮੇਂ ਸਿਰ ਭਾਂਪਦਿਆਂ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਗਏ ਪੜ੍ਹੇ-ਲਿਖੇ ਸਰਪੰਚ ਬਲਵਿੰਦਰ ਸਿੰਘ ਫੌਜੀ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੀ ਸੂਝ-ਬੂਝ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਕਈ ਪਿੰਡ ਪਾਣੀ ਦੀ ਮਾਰ ਤੋਂ ਬਚ ਗਏ।
ਇਸ ਔਖੀ ਘੜੀ ਵਿੱਚ ਪਿੰਡ ਦੇ ਮਰਦਾਂ ਅਤੇ ਔਰਤਾਂ ਨੇ ਇਕਜੁੱਟਤਾ ਦਿਖਾਈ। ਉਨ੍ਹਾਂ ਨੇ ਮਿੱਟੀ ਦੀਆਂ ਬੋਰੀਆਂ ਭਰ ਕੇ ਨਹਿਰ ਦੇ ਪਾੜ ਨੂੰ ਪੂਰਿਆ। ਸਰਪੰਚ ਬਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਦਾ, ਖਾਸ ਕਰਕੇ ਮਾਤਾਵਾਂ, ਭੈਣਾਂ ਅਤੇ ਬੀਬੀਆਂ ਦਾ, ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰ੍ਹਦੇ ਮੀਂਹ ਵਿੱਚ ਵੀ ਇਨ੍ਹਾਂ ਨੇ ਸਾਥ ਦੇ ਕੇ ਕਈ ਪਿੰਡਾਂ ਨੂੰ ਨੁਕਸਾਨ ਤੋਂ ਬਚਾਇਆ ਹੈ, ਜਿਸ ਲਈ ਉਹ ਉਨ੍ਹਾਂ ਦੇ ਰਿਣੀ ਹਨ।
ਪ੍ਰਸ਼ਾਸਨ ਅਤੇ ਕਾਰ ਸੇਵਾ ਦਾ ਸਹਿਯੋਗ
ਸਰਪੰਚ ਬਲਵਿੰਦਰ ਸਿੰਘ ਖੁਦ ਵੀ ਨਜ਼ਦੀਕੀ ਪਿੰਡਾਂ ਦੇ ਨੌਜਵਾਨਾਂ ਨਾਲ ਮਿਲ ਕੇ ਪਾੜ ਪੂਰਨ ਵਿੱਚ ਜੁਟੇ ਰਹੇ। ਇਸ ਦੌਰਾਨ, ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਪ੍ਰਸ਼ਾਸਨਿਕ ਟੀਮ ਨਾਲ ਮੌਕੇ 'ਤੇ ਪਹੁੰਚੇ। ਇਸ ਤੋਂ ਇਲਾਵਾ, ਸਰਪੰਚ ਬਲਵਿੰਦਰ ਸਿੰਘ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਜੀ ਨੂੰ ਵੀ ਮੌਕੇ 'ਤੇ ਬੁਲਾਇਆ। ਸਾਰਿਆਂ ਦੇ ਸਾਂਝੇ ਯਤਨਾਂ ਨਾਲ ਨਹਿਰ ਦੇ ਪਾੜ ਨੂੰ ਸਮੇਂ ਸਿਰ ਪੂਰ ਲਿਆ ਗਿਆ ਅਤੇ ਇੱਕ ਵੱਡੇ ਨੁਕਸਾਨ ਨੂੰ ਟਾਲਿਆ ਗਿਆ।