Babushahi Special - ਮੌੜ ਬੰਬ ਧਮਾਕਾ : ਆਪੇ ਪੂੰਝ ਲੈ ਅੱਖਾਂ ’ਚ ਆਏ ਅੱਥਰੂ -ਦਿਲਾ ਵੇ ਤੇਰਾ ਕਿਹੜਾ ਦਰਦੀ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2026 : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਪ੍ਰਚਾਰ ਦੇ ਅੰਤਿਮ ਦਿਨਾਂ ਦੌਰਾਨ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਸਭਾ ਦੇ ਨਜ਼ਦੀਕ ਹੋਏ ਬੰਬ ਧਮਾਕੇ ’ਚ ਮਾਰੇ ਗਏ ਬੱਚਿਆਂ ਦੇ ਪ੍ਰੀਵਾਰਾਂ ਦੀ ਇਨਸਾਫ ਲਈ ਰਾਹ ਲੰਬੀ ਹੋ ਗਈ ਹੈ। ਨਿਆਂ ਦੀ ਆਸ ’ਚ ਇੰਨ੍ਹਾਂ ਪ੍ਰੀਵਾਰਾਂ ਦੀਆਂ ਅੱਖਾਂ ਪੱਕ ਗਈਆਂ ਹਨ ਜੋ ਹਾਲੇ ਤੱਕ ਨਹੀਂ ਮਿਲ ਸਕਿਆ ਹੈ। ਮੌੜ ਧਮਾਕੇ ’ਚ ਤਿੰਨ ਬੱਚੇ ਮੌਤ ਦੇ ਮੂੰਹ ਵਿੱਚ ਜਾ ਪਏ ਸਨ ਜੋ ਇਕੱਠੇ ਦੋਸਤੀ ਦੇ ਰਾਹ ’ਤੇ ਚੱਲਣ ਤੋਂ ਪਹਿਲਾਂ ਹੀ ਵਿਦਾ ਹੋ ਗਏ ਜਦੋਂਕਿ ਇਸ ਮੌਕੇ ਗੰਭੀਰ ਜਖਮੀ ਹੋਇਆ ਇੱਕ ਬੱਚਾ ਇਲਾਜ ਦੌਰਾਨ ਜਿੰਦਗੀ ਦੀ ਜੰਗ ਹਾਰ ਗਿਆ ਸੀ। ਹਾਲਾਂਕਿ ਮਾਮਲੇ ਦੀ ਸੁਣਵਾਈ ਤਲਵੰਡੀ ਅਦਾਲਤ ’ਚ ਚੱਲ ਰਹੀ ਹੈ ਪਰ ਦੇਰੀ ਹੋਣ ਕਾਰਨ ਪੀੜਤ ਪ੍ਰੀਵਾਰਾਂ ਨੂੰ ਹੁਣ ਇਨਸਾਫ ਦੀ ਆਰਜੂ ਮੁੱਕਦੀ ਦਿਖਾਈ ਦੇਣ ਲੱਗੀ ਹੈ।
ਇਸ ਦੌਰਾਨ ਜਦੋਂ ਵੀ ਅਦਾਲਤ ਦੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਪੀੜਤਾਂ ਦੇ ਅੱਲੇ ਫੱਟ ਹਰੇ ਹੋ ਜਾਂਦੇ ਹਨ। ਤਲਵੰਡੀ ਸਾਬੋ ਅਦਾਲਤ ਨੇ ਹੁਣ ਇੱਕ ਬੈਂਕ ਮੈਨੇਜਰ ਅਤੇ ਇੱਕ ਡਾਕਟਰ ਸਮੇਤ 18 ਗਵਾਹਾਂ ਨੂੰ 9 ਜੁਲਾਈ ਲਈ ਸੰਮਨ ਭੇਜਿਆ ਹੈ ਤਾਂ ਇਹ ਸਿਰੇ ਦਾ ਦੁਖਦਾਈ ਭਾਣਾ ਫਿਰ ਤੋਂ ਚਰਚਾ ’ਚ ਆ ਗਿਆ ਹੈ। ਦੇਖਿਆ ਗਿਆ ਕਿ ਲੰਘੇ 9 ਸਾਲ ਤੋਂ ਵੱਧ ਸਮੇਂ ਦੌਰਾਨ ਅੱਜ ਵੀ ਮੌੜ ਮੰਡੀ ਵਿੱਚ ਉਨ੍ਹਾਂ ਮਾਪਿਆਂ ਦੇ ਹੌਂਕੇ ਸੁਣਾਈ ਦਿੰਦੇ ਹਨ, ਜਿਨ੍ਹਾਂ ਦੀਆਂ ਅੱਖਾਂ ਦੇ ਤਾਰੇ 31 ਜਨਵਰੀ 2017 ਨੂੰ ਮੌੜ ਬੰਬ ਕਾਂਡ ਦੀ ਭੇਟ ਚੜ੍ਹ ਗਏ ਸਨ। ਇੰਨ੍ਹਾਂ ਚੋਂ ਇੱਕ ਡਾਕਟਰ ਬਲਵੀਰ ਸਿੰਘ ਦਾ ਪੋਤਾ ਜਪਸਿਮਰਨ ਪਬਲਿਕ ਸਕੂਲ ’ਚ ਪੜ੍ਹਦਾ ਸੀ ਜਿਸ ਦੇ ਪਿਤਾ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ। ਇਸ ਧਮਾਕੇ ਦੌਰਾਨ ਹੋਈ ਜਪਸਿਮਰਨ ਦੀ ਮੌਤ ਨੇ ਪ੍ਰੀਵਾਰ ਨੂੰ ਤੀਲਾ ਤੀਲਾ ਕਰ ਦਿੱਤਾ ਹੈ।
ਪਰਿਵਾਰ ’ਚ ਪਿੱਛੇ ਜਪਸਿਮਰਨ ਦੀ ਛੋਟੀ ਭੈਣ ਬਚੀ ਹੈ। ਭਰਾ ਦੀ ਅਣਆਈ ਮੌਤ ਨੇ ਇਸ ਨੰਨ੍ਹੀ ਬੱਚੀ ਤੋਂ ਸਦਾ ਲਈ ਹਾਸੇ ਖੋਹ ਲਏ ਹਨ। ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਤਾਂ ਹੁਣ ਬੱਸ ਭਾਣਾ ਮੰਨ ਲਿਆ ਹੈ ਅਤੇ ਇਨਸਾਫ ਦੀ ਝਾਕ ਮੁਕਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਦੋਸ਼ੀਆਂ ਨੂੰ ਫਾਂਸੀ ਚੜ੍ਹਿਆ ਦੇਖਣਾ ਚਾਹੁੰਦੇ ਸਨ ਪਰ ਜਾਪਦਾ ਹੈ ਕਿ ਹੁਣ ਤਾਂ ਇਸ ਜਹਾਨੋਂ ਦੁੱਖ ਦੀ ਪੰਡ ਨਾਲ ਹੀ ਦੁਨੀਆਂ ਤੋਂ ਰੁਖਸਤ ਹੋਣਾ ਪਵੇਗਾ। ਮੌੜ ਬੰਬ ਧਮਾਕੇ ਦੀ ਭੇਟ ਚੜ੍ਹੇ ਅੱਠਵੀਂ ਜਮਾਤ ਵਿੱਚ ਪੜ੍ਹਦੇ ਅੰਕੁਸ਼ ਸਿੰਗਲਾ ਨੂੰ ਦੋ ਮਹੀਨੇ ਹਸਪਤਾਲ ਲੈਕੇ ਬੈਠੇ ਰਹੇ ਗਿਆਨ ਚੰਦ ਨੂੰ ਆਪਣੇ ਪੁੱਤ ਦੇ ਉਹ ਸ਼ਬਦ ਅੱਜ ਵੀ ਨਹੀਂ ਭੁੱਲਦੇ, ‘‘ਪਾਪਾ ਮੈਨੂੰ ਬਚਾ ਲਓ, ਮੈਂ ਹੁਣ ਕਦੇ ਬਾਹਰ ਖੇਡਣ ਨਹੀਂ ਜਾਵਾਂਗਾ।’’ ਬੇਸ਼ੱਕ ਪ੍ਰੀਵਾਰ ਨੂੰ ਪ੍ਰਮਾਤਮਾ ਕੁੱਝ ਵੀ ਦੇ ਦੇਵੇ, ਅੰਕੁਸ਼ ਦਾ ਘਾਟਾ ਪੂਰਾ ਨਹੀਂ ਹੋਣਾ ਹੈ।
ਇਸੇ ਤਰਾਂ ਹੀ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਰਾਕੇਸ਼ ਕੁਮਾਰ ਦਾ ਦੁੱਖ ਵੀ ਹੱਦੋਂ ਵੱਡਾ ਹੈ ਜਿੰਨ੍ਹਾਂ ਦਾ ਸੱਤਵੀਂ ਕਲਾਸ ’ਚ ਪੜਦਾ ਲੜਕਾ ਸੌਰਵ ਸਿੰਗਲਾ ਵੀ ਚੋਣ ਹਿੰਸਾ ਦੇ ਸੇਕ ਵਿਚ ਜਲਿਆ ਸੀ। ਸੌਰਵ ਦੀ ਅਭਾਗੀ ਮਾਂ ਨੂੰ ਹੁਣ ਵੀ ਹਰ ਪਾਸਿਓ ਪੁੱਤ ਦੇ ਝਾਓਲੇ ਪੈਂਦੇ ਹਨ। ਪਿੰਡ ਸੰਦੋਹਾ ਦੇ ਚੌਥੀ ਕਲਾਸ ’ਚ ਪੜ੍ਹਦੇ ਰਿਪਨਦੀਪ ਸਿੰਘ ਨੂੰ ਬਚਪਨ ਤੋਂ ਹੀ ਦੁੱਖਾਂ ਨੂੰ ਗਲ ਲਾਉਣਾ ਪਿਆ ਸੀ। ਰਿਪਨਦੀਪ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਬਾਪ ਜਹਾਨੋਂ ਚਲਾ ਗਿਆ ਸੀ । ਉਸ ਕੋਲ ਬਾਪ ਦੀ ਇੱਕ ਤਸਵੀਰ ਹੀ ਸੀ। ਮਾਂ ਹਰਪ੍ਰੀਤ ਕੌਰ ਕੋਲੋਂ ਇੱਕ ਤਸਵੀਰ ਝੱਲੀ ਨਹੀਂ ਜਾਂਦੀ ਸੀ ਤੇ ਹੁਣ ਤਸਵੀਰਾਂ ਦੋ ਹੋ ਗਈਆਂ ਹਨ, ਇੱਕ ਪਤੀ ਦੀ ਤੇ ਦੂਸਰੀ ਰਿਪਨਦੀਪ ਦੀ। ਰਿਪਨਦੀਪ ਦੀ ਛੋਟੀ ਭੈਣ ਰੀਤ ਉਦੋਂ 11 ਮਹੀਨੇ ਦੀ ਸੀ ਜੋ ਭਰਾ ਦੀ ਤਸਵੀਰ ਚੋਂ ਹੀ ਪਿਆਰ ਤਲਾਸ਼ਦੀ ਹੈ।
ਇੰਨ੍ਹਾਂ ਦਾ ਵੀ ਜਹਾਨ ਖਤਮ
ਇਸ ਬੰਬ ਧਮਾਕੇ ਕਾਰਨ ਅੱਧਿਓਂ ਵੱਧ ਅਪਾਹਜ਼ ਜਸਕਰਨ ਸਿੰਘ ਦਾ ਕੰਮ ਧੰਦਾ ਬੰਦ ਹੋ ਗਿਆ ਹੈ। ਧਮਾਕੇ ਦਾ ਹੀ ਅਸਰ ਹੈ ਕਿ ਜਸਕਰਨ ਤਾਂ ਸਰਦੀ ਵਿਚ ਵੀ ਧੁੱਪ ਨਹੀਂ ਝੱਲ ਸਕਦਾ ਜਦੋਂਕਿ ਹਲਕੀ ਗਰਮੀ ਦੌਰਾਨ ਉਸ ਦਾ ਸਰੀਰ ਮੱਚਣ ਲੱਗ ਜਾਂਦਾ ਹੈ। ਜਸਕਰਨ ਲੱਖਾਂ ਰੁਪਏ ਕਰਜਾ ਲੈਕੇ ਇਲਾਜ ਤੇ ਖਰਚ ਕਰ ਚੁੱਕਿਆ ਹੈ। ਸਰਕਾਰ ਨੇ ਜਿੰਦਗੀ ਦੀ ਗੱਡੀ ਰੋੜ੍ਹਨ ਲਈ ਕੋਈ ਨੌਕਰੀ ਵਗੈਰਾ ਨਹੀਂ ਦਿੱਤੀ ਹੈ। ਜਸਕਰਨ ਦੀ ਇੱਕੋ ਮੰਗ ਹੈ ਕਿ ਲੋਕਾਂ ਦੇ ਘਰਾਂ ਦਾ ਉਜਾੜਾ ਕਰਨ ਵਾਲਿਆਂ ਨੂੰ ਫਾਹੇ ਲਾਇਆ ਜਾਏ। ਇਹੋ ਜਿਹਾ ਹਾਲ ਹੀ ਪੀੜਤ ਅਮਰੀਕ ਸਿੰਘ ਦਾ ਹੈ ਜਦੋਂਕਿ ਇਸ ਮੌਕੇ ਮਾਰੇ ਗਏ ਹੋਰਨਾਂ ਦੀ ਸਥਿਤੀ ਵੀ ਤਰਸਯੋਗ ਹੈ।
ਇਨਸਾਫ ਦਿਵਾਏ ਸਰਕਾਰ
ਮੌੜ ਬੰਬ ਬਲਾਸਟ ਸਬੰਧੀ ਬਣੀ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਲੰਮੀਆਂ ਪੜਤਾਲਾਂ ਹੋਣ ਦੇ ਬਾਵਜੂਦ ਦੋਸ਼ੀ ਅੱਜ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਾਪਿਆਂ ਨੇ ਆਪਣੇ ਮਾਸੂਮ ਗੁਆਏ ਹਨ ਉਨ੍ਹਾਂ ਨੂੰ ਸਾਢੇ 9 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਵੱਡੇ ਵੱਡੇ ਵਾਅਦੇ ਕਰਨ ਵਾਲੇ ਨੇਤਾਵਾਂ ਨੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿਵਾਏ ਤਾਂ ਜੋ ਪੀੜਤ ਪ੍ਰੀਵਾਰਾਂ ਦੇ ਜਖਮਾਂ ’ਤੇ ਮੱਲ੍ਹਮ ਲੱਗ ਸਕੇ।
- Download Babushahi App
-
-