Babushahi Special: ਮੇਅਰ ਨੇ ਕਸੀ ਅਫਸਰਾਂ ਦੀ ਚੂੜੀ ਤਾਂ ਚੁੱਕੀ ਜਾਣ ਲੱਗੀ ਬਠਿੰਡਾ ਦੀਆਂ ਸੜਕਾਂ 'ਤੇ ਲੱਗੀ ਰੂੜੀ
ਅਸ਼ੋਕ ਵਰਮਾ
ਬਠਿੰਡਾ, 19 ਮਈ 2025: ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸਫਾਈ ਕਾਰਜਾਂ ਨਾਲ ਜੁੜੇ ਅਧਿਕਾਰੀਆਂ ਨੂੰ ਦਿੱਤੀਆਂ ਸਖਤ ਹਦਾਇਤਾਂ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਦੇ ਕੰਢਿਆਂ ਤੇ ਲੱਗੇ ਕੂੜੇ ਦੇ ਢੇਰ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਮੇਅਰ ਨੇ 18 ਮਈ ਨੂੰ ਨਗਰ ਨਿਗਮ ਦੇ ਅਫਸਰਾਂ ਨਾਲ ਮੀਟਿੰਗ ਕਰਕੇ ਕੂੜੇ ਦੇ ਇਹ ਡੰਪ 15 ਦਿਨਾਂ ਦੇ ਅੰਦਰ ਅੰਦਰ ਚਕਵਾਉਣ ਲਈ ਕਿਹਾ ਸੀ ਤਾਂ ਜੋ ਸ਼ਹਿਰ ਵਿੱਚ ਬਣਿਆ ਗੰਦਗੀ ਵਾਲਾ ਮਹੌਲ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਸੀ ਕਿ ਇਸ ਤੋਂ ਪਹਿਲਾਂ ਕੀ ਹੁੰਦਾ ਰਿਹਾ ਹੈ ਉਸ ਬਾਰੇ ਜਾਨਣ ਜਾਂ ਸੁਣਨ ਦੇ ਚਾਹਵਾਨ ਨਹੀਂ ਬਲਕਿ ਉਨ੍ਹਾਂ ਨੂੰ ਜਦੋਂ ਸ਼ਹਿਰ ਵਾਸੀਆਂ ਦੇ ਮਿਹਣੇ ਸੁਣਨੇ ਪੈਂਦੇ ਹਨ ਤਾਂ ਉਹ ਨਮੋਸ਼ੀ ਮਹਿਸੂਸ ਕਰਦੇ ਹਨ। ਮਹਿਤਾ ਨੇ ਸਪਸ਼ਟ ਲਫਜ਼ਾਂ ਵਿੱਚ ਕਿਹਾ ਸੀ ਕਿ ਇਸ ਮਗਰੋਂ ਉਹ ਕੋਈ ਵੀ ਬਹਾਨਾ ਨਹੀਂ ਸੁਨਣਗੇ।
ਮੇਅਰ ਪਦਮਜੀਤ ਮਹਿਤਾ ਦੇ ਆਦੇਸ਼ਾਂ ਤੋਂ ਬਾਅਦ ਕੂੜਾ ਡੰਪਾਂ ਦੀ ਵੱਡੇ ਪੱਧਰ ਤੇ ਚੁਕਾਈ ਸ਼ੁਰੂ ਹੋ ਗਈ ਹੈ। ਇਸ ਪੱਤਰਕਾਰ ਨੇ ਅੱਖੀਂ ਦੇਖਿਆ ਹੈ ਕਈ ਡੰਪਾਂ ਚੋਂ ਸਫਾਈ ਸੇਵਕ ਟਰਾਲੀਆਂ ਭਰਕੇ ਲਿਜਾ ਰਹੇ ਸਨ। ਸਫਾਈ ਕਰਮਚਾਰੀਆਂ ਨੇ ਕਿਹਾ ਕਿ ਬੇਸ਼ੱਕ ਇੰਸਪੈਕਟਰਾਂ ਨੇ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੈ ਪਰ ਉਨ੍ਹਾਂ ਦੀ ਕੋਸ਼ਿਸ਼ 10 ਦਿਨ ਦੇ ਅੰਦਰ ਅੰਦਰ ਸ਼ਹਿਰ ਵਿੱਚੋਂ ਕੂੜਾ ਚੁੱਕਣ ਦੀ ਹੈ। ਦੱਸਣਯੋਗ ਹੈ ਕਿ ਜੰਗ ਦੇ ਮਹੌਲ ਤੋਂ ਪਹਿਲਾਂ ਸ਼ਹਿਰ ਦੇ ਮੁਹੱਲਿਆਂ ਅਤੇ ਕਲੋਨੀਆਂ ਚੋਂ ਕੂੜਾ ਚੁੱਕਣ ਦਾ ਕੰਮ ਕਾਫੀ ਹੱਦ ਤੱਕ ਸੁਚਾਰੂ ਰੂਪ ਵਿੱਚ ਚੱਲ ਰਿਹਾ ਸੀ। ਜਦੋਂ ਸ਼ਹਿਰ ਵਿੱਚ ਮਹੌਲ ਤਣਾਅ ਅਤੇ ਬਲੈਕ ਆਊਟ ਵਾਲਾ ਬਣ ਗਿਆ ਅਤੇ ਟਿੱਪਰ ਤੇ ਟਰਾਲੀਆਂ ਇੱਕ ਦਿਨ ਵਿੱਚ ਦੋ ਦੀ ਥਾਂ ਇੱਕ ਵਕਤ ਕੂੜਾ ਚੁੱਕਣ ਲੱਗੀਆਂ ਤਾਂ ਸਿੱਟੇ ਵਜੋਂ ਲੋਕ ਘਰਾਂ ਦਾ ਕੂੜਾ ਸੜਕਾਂ ਤੇ ਸੁੱਟਣ ਲੱਗ ਪਏ ਸਨ।
ਸ਼ਹਿਰ ਵਾਸੀਆਂ ਦੀ ਇਸ ਹਰਕਤ ਅਤੇ ਕੂੜਾ ਚੁਕਾਈ ਵਿੱਚ ਪਏ ਵਿਘਨ ਕਾਰਨ ਬਠਿੰਡਾ ਕੂੜੇ ਕਰਕਟ ਅਤੇ ਗੰਦਗੀ ਦੇ ਢੇਰਾਂ ਵਿੱਚ ਤਬਦੀਲ ਹੋ ਗਿਆ। ਕੋਈ ਇਕੱਲਾ ਇੱਕ ਇਲਾਕਾ ਨਹੀਂ ਬਲਕਿ ਸ਼ਹਿਰ ਦੀਆਂ ਦਰਜਨਾਂ ਥਾਵਾਂ ਤੇ ਲੱਗੇ ਕੂੜੇ ਦੇ ਅੰਬਾਰਾਂ ਕਾਰਨ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗਿਆ ਦਿਖਾਈ ਦੇਣ ਲੱਗਾ ਸੀ। ਗਰੀਨ ਸਿਟੀ ਰੋਡ ਤੇ ਬਣੇ ਡੰਪਾਂ ਕੋਲ ਤਾਂ ਅਵਾਰਾ ਪਸ਼ੂਆਂ ਨੂੰ ਅਕਸਰ ਕੂੜਾ ਖਿਲਾਰਦੇ ਦੇਖਿਆ ਜਾ ਸਕਦਾ ਸੀ। ਨਗਰ ਨਿਗਮ ਨੇ ਕੋਈ ਬਦਲਵੇਂ ਪ੍ਰਬੰਧ ਵੀ ਨਹੀਂ ਕੀਤੇ ਜਿਸ ਦੇ ਚੱਲਦਿਆਂ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਸੀ। ਵੱਡੀ ਗੱਲ ਹੈ ਕਿ ਮੇਅਰ ਲੋਕਾਂ ’ਚ ਵਿਚਰਦਾ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਇਹ ਸੰਕਟ ਚੁਭਣ ਲੱਗਾ ਸੀ ਜਿਸ ਨੂੰ ਹੱਲ ਕਰਨ ਲਈ ਮੇਅਰ ਪਦਮਜੀਤ ਮਹਿਤਾ ਨੇ ਸਫਾਈ ਵਿੰਗ ਦੇ ਵੱਖ ਵੱਖ ਅਧਿਕਾਰੀਆਂ ਨੂੰ ਬੁਲਾਇਆ ਤੇ ਸ਼ਹਿਰ ਦੀ ਸਥਿਤੀ ਦਾ ਜਾਇਜਾ ਲਿਆ ਸੀ।
ਇਸ ਮੌਕੇ ਮੇਅਰ ਪਦਮਜੀਤ ਮਹਿਤਾ ਨੇ ਚੀਫ਼ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ, ਸੈਨੇਟਰੀ ਸੁਪਰਵਾਈਜ਼ਰਾਂ, ਸਫਾਈ ਅਤੇ ਸੀਵਰੇਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੋਨੂੰ ਸਿਰਸਵਾਲ ਤੇ ਰਵੀ ਕੁਮਾਰ ਨੂੰ ਕੂੜਾ ਡੰਪ ਖਤਮ ਕਰਨ ਦੀ ਹਦਾਇਤ ਦਿੱਤੀ ਸੀ। ਮਹਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅਹੁਦਾ ਸੰਭਾਲਣ ਮਗਰੋਂ ਸਫਾਈ ਵਿਵਸਥਾ ਲੀਹ ਤੇ ਆ ਗਈ ਸੀ ਪਰ ਹੁਣ ਸ਼ਹਿਰ ਫਿਰ ਤੋਂ ਕੂੜਾ ਸੰਕਟ ਵਿੱਚ ਫਸ ਗਿਆ ਹੈ ਜਿਸ ਤੋਂ ਰਾਹਤ ਦਿਵਾਉਣ ਦੀ ਲੋੜ ਹੈ। ਨਾਗਰਿਕ ਚੇਤਨਾ ਮੰਚ ਦੇ ਆਗੂ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਸ਼ਹਿਰ ਵਾਸੀਆਂ ਦਾ ਇਸ ਤਰਾਂ ਗੰਦਗੀ ਨਾਲ ਜੂਝਣਾ ਚਿੰਤਾਜਨਕ ਹੈ । ਉਨ੍ਹਾਂ ਕਿਹਾ ਕਿ ਨਗਰ ਨਿਗਮ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ‘ਚ ਫੇਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੂੜਾ ਚੁੱਕਣ ਦੇ ਕੰਮ ਨੂੰ ਸੁਚਾਰੂ ਬਣਾਏ ਤਾਂ ਜੋ ਡੰਪ ਬਣਨ ਦੀ ਨੌਬਤ ਹੀ ਨਾਂ ਆਏ।
ਬਿਮਾਰੀਆਂ ਦਾ ਖਤਰਾ: ਡਾ ਅਜੀਤਪਾਲ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਡ.ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਜੇਕਰ ਕੂੜਾ ਡੰਪਾਂ ਤੋਂ ਕੂੜਾ ਨਾਂ ਚੁੱਕਿਆ ਅਤੇ ਢੁੱਕਵੀਂ ਸਫਾਈ ਨਾਂ ਕੀਤੀ ਤਾਂ ਮਲੇਰੀਆ ,ਚਿਕਨਗੁਣੀਆਂ ਅਤੇ ਡੇਂਗੂ ਵਰਗੀਆਂ ਭਿਆਨਕ ਤੇ ਮੌਸਮੀ ਬਿਮਾਰੀਆਂ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਡੇਗੂ ਫੈਲਣ ਤੋਂ ਰੋਕਣ ਲਈ ਸਫ਼ਾਈ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਪਰ ਸ਼ਹਿਰ ਬਣਿਆ ਕੂੜਾ ਡੰਪ ਇਸ ਪ੍ਰੋਗਰਾਮ ਦਾ ਮੂੰਹ ਚਿੜਾ ਰਿਹਾ ਹੈ।
ਪਦਮ ਦਾ ਸ਼ਲਾਘਾਯੋਗ ਕਦਮ: ਸ਼ਰਮਾ
ਸਹਿਯੋਗ ਵੈਲਫੇਅਰ ਕਲੱਬ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਮੇਅਰ ਦਾ ਫੈਸਲਾ ਸ਼ਲਾਘਾਯੋਗ ਕਦਮ ਹੈ ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਥਾਈਂ ਅਜੇ ਵੀ ਸਥਿਤੀ ਐਨੀ ਤਰਸਯੋਗ ਹੈ ਕਿ ਰਾਹਗੀਰਾਂ ਨੂੰ ਬਦਬੂ ਕਾਰਨ ਨੱਕ ਢਕ ਕੇ ਲੰਘਣਾ ਪੈਂਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਢੇਰ ਨਾਂ ਲਾਉਣ ਅਤੇ ਨਗਰ ਨਿਗਮ ਨੂੰ ਸਵੱਛ ਬਠਿੰਡਾ ਦਾ ਸੁਫਨਾ ਮਜ਼ਾਕ ਬਣਨ ਤੋਂ ਰੋਕਣ ਲਈ ਹਰ ਰੋਜ਼ ਕੂੜਾ ਚੁੱਕਿਆ ਜਾਣਾ ਯਕੀਨੀ ਬਨਾਉਣ ਦੀ ਅਪੀਲ ਵੀ ਕੀਤੀ।
ਇਸਪੈਕਟਰ ਨੇ ਫੋਨ ਨਹੀਂ ਚੁੱਕਿਆ
ਇਸ ਸਬੰਧ ਵਿੱਚ ਨਗਰ ਨਿਗਮ ਦਾ ਪ੍ਰਤੀਕਰਮ ਜਾਨਣ ਲਈ ਸੰਪਰਕ ਕਰਨ ਤੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਫੋਨ ਨਹੀਂ ਚੁੱਕਿਆ।