ਹਰਿਆਣਾ ਰੋਡਵੇਜ ਬੱਸ ਅਤੇ ਟਿੱਪਰ ਵਿਚਾਲੇ ਟੱਕਰ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਸਤੰਬਰ 2025: ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਆਈਟੀਆਈ ਚੌਕ 'ਤੇ ਜਲਦਬਾਜੀ ਕਰਦਿਆਂ ਲਾਲ ਬੱਤੀ ਜੰਪ ਕਰ ਰਹੀ ਯਾਤਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਟਿੱਪਰ ਨਾਲ ਟਕਰਾ ਗਈ। ਖੁਸ਼ਕਿਸਮਤੀ ਨਾਲ ਬੱਸ ਦੇ ਯਾਤਰੀ ਵਾਲ-ਵਾਲ ਬਚ ਗਏ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਦੌਰਾਨ ਚੌਕ 'ਤੇ ਟ੍ਰੈਫਿਕ ਜਾਮ ਹੋ ਗਿਆ। ਲੈਹਲੀ ਟ੍ਰੈਫਿਕ ਇੰਚਾਰਜ ਕ੍ਰਿਸ਼ਨਾ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਚੰਡੀਗੜ੍ਹ ਤੋਂ ਕੁਰੂਕਸ਼ੇਤਰ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ, ਜਿਵੇਂ ਹੀ ਬੱਸ ਲਾਲੜੂ ਸਥਿਤ ਆਈਟੀਆਈ ਚੌਕ 'ਤੇ ਪੁੱਜੀ ਤਾਂ ਬੱਸ ਚਾਲਕ ਨੇ ਲਾਲ ਬੱਤੀ ਨੂੰ ਪਾਰ ਕੀਤਾ ਤਾਂ ਬਸ ਅੱਗੇ ਖੜੇ ਟਿੱਪਰ ਨਾਲ ਟਕਰਾ ਗਈ । ਪਰ ਟਿੱਪਰ ਚਾਲਕ ਨੇ ਸਮਝਦਾਰੀ ਨਾਲ ਬ੍ਰੇਕ ਲਗਾਈ ਅਤੇ ਇੱਕ ਵੱਡਾ ਹਾਦਸਾ ਟਲ ਗਿਆ। ਟਿੱਪਰ ਦੇ ਚਾਲਕ ਰਾਜਪਾਲ ਸਿੰਘ ਨੇ ਦੱਸਿਆ ਕਿ ਅੰਬਾਲਾ-ਚੰਡੀਗੜ੍ਹ ਵੱਲੋਂ ਲਾਲ ਬੱਤੀ ਹੋ ਚੁੱਕੀ ਸੀ ਅਤੇ ਉਹ ਹੰਡੇਸਰਾ ਵੱਲੋਂ ਆ ਰਿਹਾ ਸੀ, ਜਦੋਂ ਉਨ੍ਹਾਂ ਵੱਲ ਲਾਈਟ ਗਰੀਨ ਹੋਈ ਤਾਂ ਉਹ ਨਿਕਲਣ ਹੀ ਲੱਗਾ ਸੀ ਕਿ ਉਸੇ ਸਮੇਂ ਚੰਡੀਗੜ੍ਹ ਵੱਲੋਂ ਆ ਰਹੀ ਤੇਜ਼ ਰਫਤਾਰ ਹਰਿਆਣਾ ਰੋਡਵੇਜ ਦੇ ਬੱਸ ਚਾਲਕ ਨੇ ਬੱਸ ਨੂੰ ਸੰਪਰਕ ਸੜਕ 'ਤੇ ਤੇਜ਼ ਰਫ਼ਤਾਰ ਨਾਲ ਬੱਸ ਲਿਆਇਆ ਜੋ ਸਾਹਮਣੇ ਖੜੇ ਉਸ ਦੇ ਟਿੱਪਰ ਨਾਲ ਟਕਰਾ ਗਈ। ਰਾਜਪਾਲ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਲ ਨਾਲ ਬ੍ਰੇਕ ਲਗਾ ਕੇ ਬੱਸ ਦੇ ਯਾਤਰੀਆਂ ਨੂੰ ਬਚਾਇਆ। ਹਾਦਸੇ ਬਾਰੇ ਪਤਾ ਲੱਗਦਿਆਂ ਹੀ ਟ੍ਰੈਫਿਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਬਣਾਇਆ ਅਤੇ ਹਾਦਸੇ ਦਾ ਸ਼ਿਕਾਰ ਦੋਵੇਂ ਵਾਹਨਾਂ ਸਮੇਤ ਡਰਾਈਵਰਾਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ, ਕਿ ਇਸ ਤੋਂ ਪਹਿਲਾਂ ਵੀ ਹਰਿਆਣਾ ਰੋਡਵੇਜ਼ ਦੀ ਲਾਪਰਵਾਹੀ ਕਾਰਨ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ।