ਸਿਹਤ ਵਿਭਾਗ ਨਥਾਣਾ ਵੱਲੋਂ ਵਿਸ਼ਵ ਅਬਾਦੀ ਦਿਵਸ ਮੌਕੇ ਪਰਿਵਾਰ ਨਿਯੋਜਨ ਸਬੰਧੀ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਨਥਾਣਾ, 11 ਜੁਲਾਈ 2025:ਸਿਹਤ ਵਿਭਾਗ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਮਨਦੀਪ ਸਿੰਗਲਾ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸੀ.ਐਚ.ਸੀ. ਨਥਾਣਾ ਵਿਖੇ ਵਿਸ਼ਵ ਅਬਾਦੀ ਦਿਵਸ ‘ਸਮੂਹਿਕ ਤੌਰ ‘ਤੇ ਸਿਹਤਮੰਦ ਭਵਿੱਖ ਲਈ ਪਰਿਵਾਰ ਨਿਯੋਜਨ' ਨਾਅਰੇ ਹੇਠ ਮਨਾਇਆ ਗਿਆ। ਇਸ ਮੌਕੇ ਡਾ. ਸਰਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਮਾਵਾਂ ਦੀ ਸਿਹਤ ਅਤੇ ਨਵਜੰਮੇ ਬੱਚਿਆਂ ਲਈ ਸਿਹਤ ਸੇਵਾਵਾਂ ਦੀ ਗੁਣਵੱਤਾ 'ਚ ਸੁਧਾਰ ਕਰਨਾ ਹੈ। ਸਹੀ ਜਾਣਕਾਰੀ ਅਤੇ ਸਰੋਤਾਂ ਦੀ ਮਦਦ ਨਾਲ ਲੋਕ ਆਪਣੇ ਪਰਿਵਾਰ ਦੀ ਯੋਜਨਾ ਬਣਾ ਸਕਦੇ ਹਨ ਅਤੇ ਆਪਣੇ ਜੀਵਨ ਪੱਧਰ ਨੂੰ ਸੁਧਾਰ ਸਕਦੇ ਹਨ।
ਇਸ ਮੌਕੇ ਗਾਇਨਾਕਲੋਜਿਸਟ ਡਾ. ਨਵਪ੍ਰੀਤ ਕੌਰ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ, ਜਿਵੇਂ ਕਿ ਸਰੋਤਾਂ ਦੀ ਕਮੀ, ਵਾਤਾਵਰਣ ਪ੍ਰਦੂਸ਼ਣ ਅਤੇ ਜੀਵਨ ਪੱਧਰ 'ਚ ਗਿਰਾਵਟ। ਇਸ ਦਿਨ ਨੂੰ ਮਨਾਉਣ ਦਾ ਮਹੱਤਵ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਅਤੇ ਹੱਲ ਪੇਸ਼ ਕਰਨਾ ਹੈ ਕਿਉਂ ਕਿ ਵੱਧ ਰਹੀ ਅਬਾਦੀ ਇਕ ਵਿਕਰਾਲ ਰੂਪ ਧਾਰਨ ਕਰੀ ਖੜ੍ਹੀ ਹੈ। ਉਨ੍ਹਾਂ ਵੱਲੋਂ ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ ਪੁਰਸ਼ਾਂ ਦੇ ਯੋਗਦਾਨ 'ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੀ ਚੀਰਾ ਰਹਿਤ ਨਸਬੰਦੀ ਇੱਕ ਸੌਖਾ ਅਤੇ ਸਰਲ ਤਰੀਕਾ ਹੈ। ਇਸ ਅਪ੍ਰੇਸ਼ਨ ਦੌਰਾਨ ਕਈ ਚੀਰਾ ਜਾਂ ਟਾਂਕਾ ਨਹੀ ਲਾਇਆ ਜਾਂਦਾ। ਆਦਮੀ ਅਪ੍ਰੇਸ਼ਨ ਤੋਂ ਬਾਅਦ ਉਸੇ ਦਿਨ ਘਰ ਜਾ ਸਕਦਾ ਹੈ ਅਤੇ 7ਵੇਂ ਦਿਨ 'ਤੇ ਆਪਣੇ ਰੋਜ਼ਾਨਾ ਦੇ ਕੰਮਕਾਰ ਆਮ ਵਾਂਗ ਕਰ ਸਕਦਾ ਹੈ।
ਮੈਡੀਕਲ ਅਫ਼ਸਰ ਡਾ. ਅਰੀਨਾ ਬਾਂਸਲ ਨੇ ਲੜਕੇ ਲੜਕੀ ਵਿਆਹ ਸਬੰਧੀ ਸਹੀ ਉਮਰ ਬਾਰੇ ਜਾਣਕਾਰੀ ਦਿੰਦਿਆਂ ਯੋਗ ਜੋੜਿਆਂ ਦੀ ਕੌਂਸਲਿੰਗ ਕਰਨ, ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਜਾਣਕਾਰੀ ਦੇਣ ਅਤੇ ਆਪਣੇ ਭਵਿੱਖ ਅਤੇ ਖਸ਼ਹਾਲ ਜੀਵਨ ਲਈ ਸਹੀ ਪਰਿਵਾਰ ਯੋਜਨਾਬੰਦੀ ਕਰਨ ਸਮੇਤ ਪਰਿਵਾਰ ਨਿਯੋਜਨ ਦੇ ਕੱਚੇ ਪੱਕੇ ਤਰੀਕਿਆਂ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਤੋਂ ਇਲਾਵਾ ਬੀ.ਈ.ਈ ਪਵਨਜੀਤ ਕੌਰ ਵਲੋਂ ਵੀ ਵਿਸ਼ਵ ਆਬਾਦੀ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸੀ.ਐਚ.ਓ ਵੀਰਪਾਲ ਕੌਰ, ਸਿਹਤ ਸੁਪਰਵਾਈਜਰ ਪਰਮਜੀਤ ਕੌਰ, ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ।