ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਤਿ ਹੋਵੇਗਾ
ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਿਸ਼ੇਸ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਰੋਹਿਤ ਗੁਪਤਾ
ਬਟਾਲਾ, 21 ਜੁਲਾਈ ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 89ਵੇਂ ਜਨਮ ਦਿਵਸ ਨੂੰ ਸਮਰਪਿਤ ‘ਰਾਜ ਪੱਧਰੀ ਸਮਾਗਮ’ 23 ਜੁਲਾਈ ਨੂੰ ਬਟਾਲਾ ਵਿਖੇ ਕਰਵਾਇਆ ਜਾਵੇਗਾ, ਜਿਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਜਨਰਲ ਸੈਕਟਰੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਅਤੇ ਵਣ ਮੰਡਲ ਗੁਰਦਾਸਪੁਰ ਵਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਪੂਰੇ ਉਤਸ਼ਾਹ ਨਾਲ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਜਲੰਧਰ ਰੋਡ ਬਟਾਲਾ ਵਿਖੇ 23 ਜੁਲਾਈ ਨੂੰ ਮਨਾਇਆ ਜਾਵੇਗਾ।
ਉਨਾਂ ਦੱਸਿਆ ਕਿ ਸਮਾਗਮ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਵਣ ਅਤੇ ਜੰਗਲੀ ਜੀਵ ਵਿਭਾਗ, ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਮੁੱਖ ਮਹਿਮਾਨ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨਾਂ ਦੱਸਿਆ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਸਬੰਧੀ ਇੱਕ ਮਹੀਨਾ ਚੱਲਣ ਵਾਲੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਨੂੰ ਸਮਰਪਿਤ ਇਹ ਸਮਾਗਮ ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 89ਵੇਂ ਜਨਮ ਦਿਵਸ ਮੌਕੇ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਇੱਕ ਮਹੀਨਾ ਚੱਲੇਗਾ।
ਉਨਾਂ ਦੱਸਿਆ ਕਿ 23 ਜੁਲਾਈ ਦਿਨ ਬੁੱਧਵਾਰ ਨੂੰ ਸਮਾਗਮ ਦੀ ਸ਼ੁਰੂਆਰ ਸਵੇਰੇ 9.30 ਵਜੇ ਹੋਵੇਗੀ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਉਪਰੰਤ ਸਵੇਰੇ 10.30 ਵਜੇ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਕਵੀਆਂ ਵਲੋਂ ਆਪਣੇ ਕਲਾਮ ਪੇਸ਼ ਕੀਤੇ ਜਾਣਗੇ। ਉਪਰੰਤ ਪ੍ਰਸਿੱਧ ਸੂਫੀ ਗਾਇਕ ਯਕੂਬ ਵਲੋਂ ਆਪਣੀ ਗਾਇਕੀ ਪੇਸ਼ ਕੀਤੀ ਜਾਵੇਗੀ।