ਲੈਂਡ ਪੂਲਿੰਗ ਨੀਤੀ ਖਿਲਾਫ ਝੰਡਾ ਮਾਰਚ ਦੀਆਂ ਤਿਆਰੀਆਂ ਅਤੇ ਜਥੇਬੰਦਕ ਚੋਣਾਂ ਲਈ ਮੀਟਿੰਗ
ਅਸ਼ੋਕ ਵਰਮਾ
ਸੀ੍ ਮੁਕਤਸਰ ਸਾਹਿਬ, 27 ਜੁਲਾਈ 2025: ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਬਲਾਕ ਮੁਕਤਸਰ ਤੇ ਗਿੱਦੜਬਾਹਾ ਦੀ ਸਾਂਝੀ ਮੀਟਿੰਗ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜਿਸ ਵਿੱਚ ਲੈਂਡ ਪੂਲਿੰਗ ਨੀਤੀ ਖਿਲਾਫ 30 ਜੁਲਾਈ ਨੂੰ ਲੁਧਿਆਣੇ ਦੇ ਪਿੰਡਾਂ ਵਿੱਚ ਰੋਸ ਝੰਡਾ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਜਥੇਬੰਦਕ ਚੋਣਾਂ ਕਰਵਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਹੋਇਆ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸਹਾਇਕ ਸਕੱਤਰ ਗਿੱਦੜਬਾਹਾ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦਾ ਇਸ ਕਰਕੇ ਵਿਰੋਧ ਨਹੀਂ ਹੋ ਰਿਹਾ ਕਿ ਇਹ ਕਿਸਾਨਾਂ ਵੱਲੋਂ ਸਹਿਮਤ ਨਾ ਹੋਣ ਦੇ ਬਾਵਜੂਦ ਲਿਆਂਦੀ ਜਾ ਰਹੀ ਹੈ ਬਲਕਿ ਇਸ ਦੇ ਵਿਰੋਧ ਦਾ ਮੁੱਖ ਕਾਰਨ ਇਹ ਹੈ ਕਿ ਇਹ ਨੀਤੀਆਂ ਅਖੌਤੀ ਵਿਕਾਸ ਮਾਡਲ ਦਾ ਪ੍ਰਤੀਕ ਹਨ ਜਿਨ੍ਹਾਂ ਨਾਲ ਖੇਤੀ ਅਤੇ ਕਿਰਤ ਦੋਵਾਂ ਦਾ ਵਿਨਾਸ਼ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰਾਂ ਇਸ ਤੋਂ ਪਹਿਲਾਂ ਵੀ ਵੱਡੀ ਪੱਧਰ ਤੇ ਜਮੀਨਾਂ ਹਾਸਿਲ ਕਰ ਚੁੱਕੀਆਂ ਹਨ। ਇਸ ਕਰਕੇ ਹੁਣ ਹੋਰ ਕੋਈ ਗੁੰਜਾਇਸ਼ ਨਹੀਂ ਬਚੀ ਕਿ ਕਿਸਾਨਾਂ ਦੀਆਂ ਜਮੀਨਾਂ ਐਕੁਆਇਰ ਕੀਤੀਆਂ ਜਾਣ ।
ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਉਪਜਾਊ ਜਮੀਨਾਂ ਖੋਹਣ ਲਈ ਇਹ ਵਿਉਂਤਬੰਦੀ ਕੀਤੀ ਹੈ ਜਿਸ ਨੂੰ ਕਿਸੇ ਵੀ ਪਾਸਿਓਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ। ਆਗੂਆਂ ਨੇ ਸਮੂਹ ਕਿਰਤੀ ਕਿਸਾਨਾਂ ਅਤੇ ਇਨਸਾਫ ਪਸੰਦ ਧਿਰਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ, ਜਗਰਾਜ ਸਿੰਘ ਸੁਖ਼ਨਾ, ਬਿੱਕਰ ਸਿੰਘ ਭਲਾਈਆਣਾ ,ਸਾਧੂ ਸਿੰਘ ਛੱਤੇਆਣਾ ਧੂਲਕੋਟ, ਮੁਕਤਸਰ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂ ਬੱਧਰ, ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ, ਸੁਖਜਿੰਦਰ ਸਿੰਘ ਭਾਗਸਰ, ਗੁਰਚਰਨ ਸਿੰਘ ਗੰਧੜ, ਖੁਸ਼ਹਾਲ ਸਿੰਘ ਵੰਗਲ ,ਹਰਨੇਕ ਸਿੰਘ ਰੰਧਾਵਾ, ਨਿਰਮਲ ਸਿੰਘ ਅਤੇ ਪਿਆਰਾ ਸਿੰਘ ਚੱਕ ਮਦਰੱਸਾ ਆਦਿ ਆਗੂ ਹਾਜ਼ਰ ਸਨ।