ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਹਦਾਇਤ
ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2025 : ਬਾਰਿਸ਼ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ਅਤੇ ਸੀਵਰੇਜ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਕਮਿਸ਼ਨਰ ਮੈਡਮ ਕੰਚਨ ਨੇ ਨਗਰ ਨਿਗਮ ਦਫ਼ਤਰ ਵਿੱਚ ਨਗਰ ਨਿਗਮ, ਸੀਵਰੇਜ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਇੱਕ ਠੋਸ ਰਣਨੀਤੀ ਬਣਾਈ ਗਈ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਭੱਟੀ ਰੋਡ, ਸਰਾਭਾ ਨਗਰ, ਪੋਸਟ ਆਫਿਸ ਬਾਜ਼ਾਰ, ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ, ਗਣਪਤੀ ਐਨਕਲੇਵ, ਨਿਰਵਾਣਾ ਅਸਟੇਟ, ਨਹਿਰੀ ਕਲੋਨੀ ਵਰਗੇ ਇਲਾਕਿਆਂ ਦੇ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਖਤਮ ਕਰਨਾ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਸੀਵਰੇਜ ਲਾਈਨਾਂ ਦੀ ਸਫਾਈ ਲਈ ਮੁਹਿੰਮ ਤੇਜ਼ ਕੀਤੀ ਜਾਵੇ ਅਤੇ ਜਿਹੜੇ ਪੰਪ ਖਰਾਬ ਹਨ, ਉਨ੍ਹਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ, ਜਿੱਥੇ ਲੋੜ ਹੋਵੇ ਉੱਥੇ ਨਵੇਂ ਪੰਪ ਲਗਾਏ ਜਾਣ, ਤਾਂ ਜੋ ਕਿਸੇ ਵੀ ਸਥਿਤੀ ਵਿੱਚ ਪਾਣੀ ਦੀ ਨਿਕਾਸੀ ਵਿੱਚ ਕੋਈ ਰੁਕਾਵਟ ਨਾ ਆਵੇ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਸੀਵਰੇਜ ਸਿਸਟਮ ਦੀ ਮੁਰੰਮਤ ਲਈ ਜਲਦੀ ਹੀ ਹੋਰ ਮਸ਼ੀਨਾਂ ਖਰੀਦੀਆਂ ਜਾਣਗੀਆਂ, ਜਦੋਂ ਕਿ ਮਸ਼ੀਨਾਂ ਕਿਰਾਏ 'ਤੇ ਵੀ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਰਕੀ ਬਾਜ਼ਾਰ ਵਿੱਚ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਵਿਛਾਈ ਜਾਵੇਗੀ, ਜਦੋਂ ਕਿ ਨਿਰਵਾਣਾ ਅਸਟੇਟ ਵਿੱਚ ਵਾਟਰ ਹਾਰਵੈਸਟ ਸਿਸਟਮ ਲਗਾਇਆ ਜਾਵੇਗਾ।
ਕਮਿਸ਼ਨਰ ਮੈਡਮ ਕੰਚਨ ਨੇ ਕਿਹਾ ਕਿ ਬਰਸਾਤੀ ਪਾਣੀ ਦੀ ਸਮੱਸਿਆ ਵਾਲੇ ਇਲਾਕਿਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਣੀ ਭਰਨ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਟੀਮਾਂ ਸਮੇਂ ਸਿਰ ਪਹੁੰਚਣ ਅਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ।ਨਗਰ ਨਿਗਮ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਲਾਈਨਾਂ ਵਿੱਚ ਕੂੜਾ ਜਾਂ ਪਲਾਸਟਿਕ ਨਾ ਸੁੱਟਣ, ਤਾਂ ਜੋ ਪਾਣੀ ਦੇ ਨਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।ਇਸ ਮੌਕੇ ਮੇਅਰ ਦੇ ਸਲਾਹਕਾਰ ਕੌਂਸਲਰ ਸ੍ਰੀ ਸ਼ਾਮ ਲਾਲ ਜੈਨ, ਐਸਈ ਸ੍ਰੀ ਸੰਦੀਪ ਗੁਪਤਾ ਅਤੇ ਸ੍ਰੀ ਸੰਦੀਪ ਰੋਮਾਣਾ, ਐਕਸੀਅਨ ਸ੍ਰੀ ਨੀਰਜ ਕੁਮਾਰ ਅਤੇ ਸ੍ਰੀ ਬਲਜੀਤ ਸਿੰਘ, ਐਸਡੀਓ ਸ੍ਰੀ ਵਿਕਰਮ, ਸ੍ਰੀ ਵਿਕਰਮਜੀਤ ਸਿੰਘ ਅਤੇ ਸ੍ਰੀ ਜਤਿਨ ਕੁਮਾਰ ਮੌਜੂਦ ਸਨ।