*ਮਾਸੂਮ ਬੱਚੇ ਦੇ ਕਾਤਲ ਨੂੰ ਫੌਰੀ ਸਜ਼ਾ ਦੇਣ ਲਈ ‘ਫਾਸਟ ਟਰੈਕ ਕੋਰਟ’ ਦਾ ਗਠਨ ਕਰੇ ਸਰਕਾਰ : ਪਾਸਲਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਸਤੰਬਰ,2025
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤ ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਗੁਲਾਟੀ, ਸੁਰਿੰਦਰ ਭੱਟੀ, ਸਤਨਾਮ ਸਿੰਘ ਸੁੱਜੋਂ, ਹਰੀ ਬਿਲਾਸ ਹੀਉਂ, ਸੋਮ ਲਾਲ, ਜਸਵੀਰ ਮੋਰੋਂ, ਗੁਰਦਿਆਲ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਕਾਮਰੇਡ ਪਿਆਰੇ ਲਾਲ ਬੀਕਾ ਅਤੇ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਦੇ ਮਾਸੂਮ ਬੱਚੇ ਹਰਵੀਰ ਉਰਫ਼ ਬਿੱਲਾ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਵਹਿਸ਼ੀ ਦਰਿੰਦੇ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਕੋਰਟ ਦਾ ਗਠਨ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਪਾਰਟੀ ਨੇ ਇਸ ਦੁਖਦਾਈ ਘਟਨਾ ਨੂੰ ਆਧਾਰ ਬਣਾ ਕੇ ਕੁੱਝ ਲੋਕਾਂ ਵੱਲੋਂ ਸੂਬੇ ਭਰ ’ਚ ਅੰਤਰਰਾਜੀ ਕਿਰਤੀਆਂ ਖਿਲਾਫ਼ ਵਿੱਢੀ ਨਫਰਤੀ ਮੁਹਿੰਮ ਅਤੇ ਪ੍ਰਵਾਨ ਕੀਤੇ ਜਾ ਰਹੇ ਪੰਚਾਇਤੀ ਮਤਿਆਂ ਬਾਰੇ ਵੀ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਇੱਕ ਵਿਅਕਤੀ ਦੇ ਅਮਾਨਵੀ ਕਾਰੇ ਨੂੰ ਆਧਾਰ ਬਣਾ ਕੇ ਦੋਸ਼ੀ ਨਾਲ ਸਬੰਧਤ ਸਮੁੱਚੇ ਭਾਈਚਾਰੇ ਨੂੰ ਸਜ਼ਾ ਦਾ ਭਾਗੀਦਾਰ ਬਣਾਉਣਾ ਕਿਸੇ ਵੀ ਤਰ੍ਹਾਂ ਨਾਲ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਇਹ ਖਤਰਨਾਕ ਵਰਤਾਰਾ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀ ਕੇਂਦਰੀ ਏਜੰਸੀਆਂ, ਕੱਟੜਪੰਥੀਆਂ ਤੇ ਸਮਾਜ ਵਿਰੋਧੀ ਤੱਤਾਂ ਦੀ ਚਿਰੋਕਣੀ ਮਨਸੂਬਾਬੰਦੀ ਦਾ ਨਤੀਜਾ ਹੈ, ਕਿਉਂਕਿ ਦੇਸ਼ ਦੀ ਸੱਤਾ ’ਤੇ ਬਿਰਾਜਮਾਨ ਸੰਘ ਸਮਰਥਕ ਮੋਦੀ ਸਰਕਾਰ ਦੀਆਂ ਅੱਖਾਂ ’ਚ ਪੰਜਾਬੀਆਂ ਦਾ ਨਾਬਰੀ ਦਾ ਸੁਭਾਅ ਤੇ ਹਰ ਕਿਸਮ ਦੇ ਅਨਿਆਂ ਖਿਲਾਫ਼ ਜੂਝਣ ਦਾ ਜਜ਼ਬਾ ਬਹੁਤ ਰੜਕਦਾ ਹੈ। ਕੇਂਦਰੀ ਸੱਤਾ ‘ਤੇ ਕਾਬਜ ਫਿਰਕੂ ਸੋਚ ਦੇ ਧਾਰਨੀ ਹੁਕਮਰਾਨ, ਪੰਜਾਬ ਦੇ ਜੁਝਾਰੂ ਵਿਰਸੇ ਤੇ ਸਾਂਝੀਵਾਲਤਾ, ਬਰਾਬਰੀ ਤੇ ਮਾਨਵੀ ਸਰੋਕਾਰਾਂ ਦੀ ਅਲੰਬਰਦਾਰ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਰਚੀ ਬਾਣੀ ਨੂੰ ਵੀ ਦੇਸ਼ ਦੇ ਲੋਕਰਾਜੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਨੂੰ ਤਬਾਹ ਕਰਕੇ ਇੱਥੇ ਇਕ ਧਰਮ ਅਧਾਰਤ ਗੈਰ ਲੋਕਰਾਜੀ ਢਾਂਚਾ ਸਥਾਪਤ ਕਰਨ ਦੇ ਆਪਣੇ ਰਾਹ ਦਾ ਵੱਡਾ ਅੜਿੱਕਾ ਸਮਝਦੇ ਹਨ। ਇਨ੍ਹਾਂ ਪੰਜਾਬ ਦੋਖੀ ਤੱਤਾਂ ਨੂੰ ਹੁਸ਼ਿਆਰਪੁਰ ਅੰਦਰ ਕਤਲ ਹੋਏ ਇਕ ਮਾਸੂਮ ਬੱਚੇ ਦੇ ਪਰਿਵਾਰ ਜਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦੇ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ ਹੈ, ਬਲਕਿ ਇਹ ਤਾਂ ਉਕਤ ਦੁਖਦਾਈ ਵਾਰਦਾਤ ਨੂੰ ਆਧਾਰ ਬਣਾ ਕੇ ਲੋਕਾਂ ’ਚ ਫੁਟ ਪਾਉਣ ਦਾ ਆਪਣਾ ਕੁਕਰਮ ਸਿਰੇ ਚੜ੍ਹਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅੰਤਰਰਾਜੀ ਕਿਰਤੀਆਂ ਖਿਲਾਫ਼ ਵਿੱਢੀ ਉਕਤ ਮੁਹਿੰਮ ਨਾ ਕੇਵਲ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਅਕਸ ਦਾਗ਼ਦਾਰ ਕਰੇਗੀ ਬਲਕਿ ਦੇਸ਼ ਦੇ ਵੱਖੋ-ਵੱਖ ਸੂਬਿਆਂ ‘ਚ ਅਮਨ-ਅਮਾਨ ਨਾਲ ਵਸਦੇ ਤੇ ਰੋਜ਼ੀ-ਰੋਟੀ ਦੀ ਤਲਾਸ਼ ‘ਚ ਵਿਦੇਸ਼ਾਂ ਨੂੰ ਗਏ ਪੰਜਾਬੀਆਂ ਲਈ ਵੀ ਅਨੇਕਾਂ ਅਣਕਿਆਸੀਆਂ ਮੁਸ਼ਕਿਲਾਂ ਪੈਦਾ ਕਰਨ ਦਾ ਸਬੱਬ ਵੀ ਬਣੇਗੀ। ਉਨ੍ਹਾਂ ਨੇ ਅਨਿਆਂ ਖਿਲਾਫ ਜੂਝਣ ਵਾਲੇ ਵਿਰਸੇ ਦੇ ਮਾਲਕ ਸਮੂਹ ਪੰਜਾਬੀਆਂ ਖਾਸ ਕਰਕੇ ਖੱਬੀਆਂ-ਜਮਹੂਰੀ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੁੱਟਪਾਊ ਤੱਤਾਂ ਦੇ ਕੋਝੇ ਮਨਸੂਬੇ ਪਛਾੜਣ ਲਈ ਅੱਗੇ ਆਉਣ। ਉਨ੍ਹਾਂ ਅੰਤਰ-ਰਾਜੀ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦੀ ਭੜਕਾਹਟ ’ਚ ਆ ਕੇ ਕੋਈ ਗੈਰ ਕਾਨੂੰਨੀ ਤੇ ਨਾਵਾਜ਼ਬ ਕਾਰਵਾਈ ਨਾ ਕਰਨ ਅਤੇ ਕਤਲਾਂ, ਲੁੱਟਾਂ-ਖੋਹਾਂ ਜਾਂ ਹੋਰ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਸ਼ਰਾਰਤੀ ਤੱਤਾਂ ਨੂੰ ਕਾਨੂੰਨੀ ਕਾਰਵਾਈ ਲਈ ਪੁਲਸ ਦੇ ਹਵਾਲੇ ਕਰਨ।
ਉਨ੍ਹਾਂ ਹੜ੍ਹ ਪੀੜਤਾਂ ਨੂੰ ਤੁਰੰਤ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ। ਇਸ ਸਬੰਧੀ 26 ਸਤੰਬਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ।