ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਦੇ ਅਸਤੀਫੇ ਦੀ ਮੰਗ
ਜਨਤਕ ਲਾਮਬੰਦੀਆਂ ਦੀ ਡਟਵੀਂ ਹਮਾਇਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2026 :‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨ ਵੱਲੋਂ ‘ਡੂੰਘੀ ਵੋਟ ਸੁਧਾਈ’ (ਐਸ.ਆਈ.ਆਰ.) ਦੇ ਨਾਮ ’ਤੇ ਕੀਤੀਆਂ ਜਾ ਰਹੀਆਂ ਗੈਰ ਸੰਵਿਧਾਨਕ, ਗੈਰ ਕਾਨੂੰਨੀ ਕਾਰਵਾਈਆਂ ਦੀ ਸਖਤ ਨਿਖੇਧੀ ਕਰਦੀ ਹੋਈ ਉਸਦੇ ਤੁਰੰਤ ਅਸਤੀਫ਼ੇ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੂੰ ਭਾਜਪਾ ਨਾਲ ਕਥਿਤ ਗੰਢ ਤੁੱਪ ਕਰਕੇ ਇਨ੍ਹਾਂ ਲੋਕ ਰਾਜ ਵਿਰੋਧੀ ਕਾਰਵਾਈਆਂ ਕਾਰਨ ਜੇਲ੍ਹ ’ਚ ਸੁੱਟਿਆ ਜਾਣਾ ਚਾਹੀਦਾ ਹੈ।’ ਆਰ.ਐਮ.ਪੀ.ਆਈ. ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ‘‘ਐਸ.ਆਈ.ਆਰ. ਦੇ ਨਾਮ ’ਤੇ ਵੋਟ ਬਨਾਉਣ ਵਾਲੇ ਫਾਰਮ ਨੰਬਰ 6 ’ਚ ਇਕ ਨਵਾਂ ਕਾਲਮ ਜੋੜ ਦਿੱਤਾ ਗਿਆ ਹੈ ਕਿ ‘‘ਕੀ ਵੋਟਰ ਦੇ ਮਾਤਾ-ਪਿਤਾ ਨੇ 2002-2003 ’ਚ ਹੋਈ ਐਸ.ਆਈ.ਆਰ. ਪ੍ਰਕਿਰਿਆ ’ਚ ਭਾਗ ਲਿਆ ਹੈ?’’ ਸੰਭਵ ਹੈ ਕਿ ਲੱਖਾਂ ਨੌਜਵਾਨ ਵੋਟਰਾਂ ਨੂੰ ਇਸ ਦਾ ਗਿਆਨ ਨਾ ਹੋਵੇ!
ਸਾਥੀ ਪਾਸਲਾ ਨੇ ਕਿਹਾ ਹੈ ਕਿ ‘‘ਅਜਿਹੀ ਕੋਈ ਨਵੀਂ ਮੱਦ ਜੋੜਨ ਦਾ ਅਧਿਕਾਰ ਚੀਫ ਇਲੈਕਸ਼ਨ ਨੂੰ ਬਿਲਕੁਲ ਨਹੀਂ ਹੈ। ਇਹ ਕੰਮ ਸਿਰਫ ਪਾਰਲੀਮੈਂਟ ਬਿਲ ਪਾਸ ਕਰਕੇ ਹੀ ਕਰ ਸਕਦੀ ਹੈ।’’ ਹੁਣ ਇਹ ਜਾਣਕਾਰੀ ਇਕ ਖੋਜੀ ਪੱਤਰਕਾਰ ਨੇ ਪਬਲਿਕ ਤੌਰ ’ਤੇ ਦਿੱਤੀ ਹੈ ਕਿ ‘‘ਚੋਣ ਕਮਿਸ਼ਨ ਦੇ ਦੋ ਮੈਂਬਰਾਂ ਨੇ ਇਨ੍ਹਾਂ ਗੱਲਾਂ ਦਾ 14 ਵਾਰ ਵਿਰੋਧ ਕੀਤਾ ਸੀ, ਪ੍ਰੰਤੂ ਚੀਫ ਇਲੈਕਸ਼ਨ ਕਮਿਸ਼ਨ ਨੇ ਆਪਣੀ ਮਨਮਰਜ਼ੀ ਨਾਲ ਉਨ੍ਹਾਂ ਦੇ ਵਿਰੋਧ ਨੂੰ ਦਰਕਿਨਾਰ ਕਰਕੇ ਆਪਣਾ ਗੈਰ ਸੰਵਿਧਾਨਕ ਕੰਮ ਜਾਰੀ ਰੱਖਿਆ।’’ ਸਾਥੀ ਪਾਸਲਾ ਨੇ ਦੱਸਿਆ ਕਿ ਪਹਿਲਾਂ ਹਰ ਚੋਣ ਹਲਕੇ ਦੇ ਐਸ.ਡੀ.ਐਮ. ਦੀ ਨਿਗਰਾਨੀ ਹੇਠ ਵੋਟਾਂ ਬਣਾਉਣ ਦਾ ਸਾਰਾ ਕਾਰਜ ਕੀਤਾ ਜਾਂਦਾ ਸੀ, ਪ੍ਰੰਤੂ ਹੁਣ ਇਹ ਸਾਰੇ ਅਧਿਕਾਰ ਕੇਂਦਰ ਦੇ ਇਕ ਅਧਿਕਾਰੀ ਨੂੰ ਦੇ ਦਿੱਤੇ ਗਏ ਹਨ, ਜੋ ਮਨਮਾਨੇ ਢੰਗ ਨਾਲ ‘ਸੀਰ’ ਦੇ ਨਾਮ ’ਤੇ ਸਾਰੀਆਂ ਧੱਕੇਸ਼ਾਹੀਆਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਰ.ਐਮ.ਪੀ.ਆਈ. ਦੇਸ਼ ਦੀਆਂ ਤਿੰਨ ਖੱਬੀਆਂ ਪਾਰਟੀਆਂ ਵੱਲੋਂ 26 ਸਤੰਬਰ ਤੋਂ 2 ਅਕਤੂਬਰ ਤੱਕ ਸਾਰੇ ਭਾਰਤ ਅੰਦਰ ਇਲੈਕਸ਼ਨ ਕਮਿਸ਼ਨ ਦੀਆਂ ਲੋਕ ਰਾਜ ਵਿਰੋਧੀ ਗੈਰ ਸੰਵਿਧਾਨਕ ਕਾਰਵਾਈਆਂ ਦੇ ਖ਼ਿਲਾਫ਼ ਜਨਤਕ ਲਾਮਬੰਦੀ ਕਰਨ ਦੇ ਸੱਦੇ ਦਾ ਪੂਰਾ ਸਮਰਥਨ ਕਰਦੀ ਹੈ ਤੇ ਪੂਰੀ ਸ਼ਕਤੀ ਨਾਲ ਇਸ ਵਿਰੋਧ ਐਕਸ਼ਨ ’ਚ ਸ਼ਾਮਿਲ ਹੋਵੇਗੀ।ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਪਾਰਟੀ ਇਕਾਈਆਂ ਨੂੂੰ ਸੱਦਾ ਦਿੱਤਾ ਹੈ ਕਿ ਉਹ ਇਲੈਕਸ਼ਨ ਕਮਿਸ਼ਨ ਦੇ ਗੈਰ ਕਾਨੂੰਨੀ ਕੰਮਾਂ ਨੂੰ ਨੱਥ ਪਾਉਣ ਲਈ ਖੱਬੀਆਂ ਪਾਰਟੀਆਂ ਵੱਲੋਂ ਦਿੱਤੇ ਸੱਦੇ ’ਚ ਭਰਵੀਂ ਸ਼ਮੂਲੀਅਤ ਕਰਨ।
- Download Babushahi App
-
-