ਬਿਨਾਂ ਮੁਕਾਬਲਾ ਜੈਗ ਗਿੱਲ ਬਣੇ ਮਿਸ਼ਨ ਦੇ ਮੇਅਰ—ਇੰਡੋ-ਕੈਨੇਡੀਅਨ ਭਾਈਚਾਰੇ ਲਈ ਮਾਣਮੱਤੀ ਪ੍ਰਾਪਤੀ
ਹਰਦਮ ਮਾਨ
ਮਿਸ਼ਨ, 24 ਸਤੰਬਰ 2026: ਮਿਸ਼ਨ ਸ਼ਹਿਰ ਦੀ ਸਿਆਸਤ ਵਿੱਚ ਨਵਾਂ ਅਧਿਆਇ ਜੁੜ ਗਿਆ ਹੈ। 2018 ਤੋਂ ਸਿਟੀ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਜੈਗ ਗਿੱਲ ਨੂੰ ਸ਼ਹਿਰ ਦਾ ਅਗਲਾ ਮੇਅਰ ਬਿਨਾਂ ਮੁਕਾਬਲੇ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਇਕਲੌਤੇ ਵਿਰੋਧੀ ਉਮੀਦਵਾਰ ਐਚ. ਐਸ. ਕੈਨੀ ਬੜੈਚ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਗਿੱਲ ਦੀ ਅਕਲੇਮੇਸ਼ਨ ਰਾਹੀਂ ਚੋਣ ਦਾ ਐਲਾਨ ਕੀਤਾ ਗਿਆ।
ਜੈਗ ਗਿੱਲ 2018 ਵਿੱਚ ਮਿਸ਼ਨ ਦੇ ਸਭ ਤੋਂ ਘੱਟ ਉਮਰ ਦੇ ਕੌਂਸਲਰ ਚੁਣੇ ਗਏ ਸਨ। ਪਿਛਲੀਆਂ ਦੋ ਮਿਉਂਸਪਲ ਚੋਣਾਂ ਵਿੱਚ ਉਨ੍ਹਾਂ ਨੇ ਕੌਂਸਲ ਦੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਹੁਣ ਕੌਂਸਲ ਦੀਆਂ ਬੈਂਚਾਂ ਤੋਂ ਉੱਠ ਕੇ ਉਹ ਸ਼ਹਿਰ ਦੀ ਮੇਅਰਸ਼ਿਪ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ।
ਮਿਸ਼ਨ ਵਿੱਚ ਜਨਮੇ ਅਤੇ ਪਲੇ-ਵੱਡੇ ਹੋਏ ਗਿੱਲ ਨੇ ਚੈਰੀ ਹਿੱਲ ਐਲੀਮੈਂਟਰੀ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਮਿਸ਼ਨ ਸੈਕੰਡਰੀ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਦ ਫਰੇਜ਼ਰ ਵੈਲੀ ਤੋਂ ਬਿਜ਼ਨਸ ਅਤੇ ਕਮਿਊਨੀਕੇਸ਼ਨਜ਼ ਦੀ ਪੜ੍ਹਾਈ ਕੀਤੀ।
ਗਿੱਲ ਨੇ ਹਾਈ ਸਕੂਲ ਦੇ ਦੌਰਾਨ ਆਪਣੇ ਪਿਤਾ ਦੇ ਸਹਿਯੋਗ ਨਾਲ ‘ਮਿਸ਼ਨ ਸਿਟੀ ਪੀਜ਼ਾ’ ਨਾਮਕ ਕਾਰੋਬਾਰ ਸ਼ੁਰੂ ਕੀਤਾ ਸੀ। ਸਥਾਨਕ ਵਸਨੀਕਾਂ ਦੇ ਭਰਵੇਂ ਸਹਿਯੋਗ ਸਦਕਾ ਇਹ ਕਾਰੋਬਾਰ ਉਨ੍ਹਾਂ ਦੀਆਂ ਉਮੀਦਾਂ ਤੋਂ ਵੀ ਵੱਧ ਸਫਲ ਰਿਹਾ। ਕੌਂਸਲਰ ਵਜੋਂ ਆਪਣੇ ਕਾਰਜਕਾਲ ਦੌਰਾਨ ਗਿੱਲ ਵੱਖ-ਵੱਖ ਕਮਿਊਨਿਟੀ ਅਤੇ ਖੇਤਰੀ ਸੰਸਥਾਵਾਂ ਨਾਲ ਜੁੜੇ ਰਹੇ। ਉਹ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਦੇ ਬੋਰਡ ਸਮੇਤ ਕਈ ਕਮੇਟੀਆਂ ਵਿੱਚ ਵੀ ਕੰਮ ਕਰ ਚੁੱਕੇ ਹਨ।
ਜੂਨ 2026 ਵਿੱਚ ਮੇਅਰ ਦੀ ਚੋਣ ਲੜਨ ਦਾ ਐਲਾਨ ਕਰਦਿਆਂ ਗਿੱਲ ਨੇ ਸੁਰੱਖਿਅਤ ਸੜਕਾਂ, ਜ਼ਿੰਮੇਵਾਰ ਫ਼ੈਸਲੇ, ਬੁਨਿਆਦੀ ਢਾਂਚੇ ਨਾਲ ਤਾਲਮੇਲ ਵਾਲਾ ਵਿਕਾਸ, ਸਥਾਨਕ ਕਾਰੋਬਾਰਾਂ ਦੀ ਹਮਾਇਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੂੰ ਆਪਣੀਆਂ ਮੁੱਖ ਤਰਜੀਹਾਂ ਦੱਸਿਆ ਸੀ। ਹਾਲਾਂਕਿ ਉਹ ਚੋਣ ਮੁਹਿੰਮ ਰਾਹੀਂ ਲੋਕਾਂ ਤੋਂ ਵੋਟਾਂ ਲੈ ਕੇ ਮੇਅਰ ਬਣਨ ਦੀ ਤਿਆਰੀ ਕਰ ਰਹੇ ਸਨ, ਪਰ ਬੜੈਚ ਵੱਲੋਂ ਨਾਮਜ਼ਦਗੀ ਵਾਪਸ ਲੈਣ ਨਾਲ ਉਨ੍ਹਾਂ ਦੀ ਚੋਣ ਬਿਨਾਂ ਮੁਕਾਬਲੇ ਹੋ ਗਈ।
ਫਰੇਜ਼ਰ ਦਰਿਆ ਦੇ ਉੱਤਰੀ ਕਿਨਾਰੇ ਵੱਸਿਆ ਮਿਸ਼ਨ ਫਰੇਜ਼ਰ ਵੈਲੀ ਦਾ ਮਹੱਤਵਪੂਰਨ ਸ਼ਹਿਰ ਹੈ, ਜਿਸ ਦੀ ਆਬਾਦੀ ਲਗਭਗ 43,270 ਹੈ। ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਇਸ ਸ਼ਹਿਰ ਵਿੱਚ ਇੱਕ ਇੰਡੋ-ਕੈਨੇਡੀਅਨ ਮੂਲ ਦੇ ਨੌਜਵਾਨ ਦਾ ਮੇਅਰ ਬਣਨਾ ਭਾਈਚਾਰੇ ਲਈ ਖ਼ਾਸ ਮਹੱਤਵ ਰੱਖਦਾ ਹੈ।
- Download Babushahi App
-
-