ਅਧਿਆਪਕਾਂ ਨੂੰ ਗੈਰ-ਅਧਿਆਪਨ ਡਿਊਟੀਆਂ ਤੋਂ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਨਿਰਦੇਸ਼
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 24 ਸਤੰਬਰ, 2026 — ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਕਾਨੂੰਨ ਅਧੀਨ ਵਿਸ਼ੇਸ਼ ਤੌਰ 'ਤੇ ਮਨਜ਼ੂਰਸ਼ੁਦਾ ਕੰਮਾਂ ਤੋਂ ਇਲਾਵਾ ਕਿਸੇ ਵੀ ਪ੍ਰਸ਼ਾਸਕੀ ਜਾਂ ਗੈਰ-ਅਧਿਆਪਨ ਡਿਊਟੀ ਲਈ ਤਾਇਨਾਤ ਨਾ ਕੀਤਾ ਜਾਵੇ। ਸਕੂਲ ਸਿੱਖਿਆ ਵਿਭਾਗ ਵੱਲੋਂ 18 ਸਤੰਬਰ, 2026 ਨੂੰ ਜਾਰੀ ਇੱਕ ਮੀਮੋ ਵਿੱਚ ਚਿੰਤਾ ਪ੍ਰਗਟਾਈ ਗਈ ਸੀ ਕਿ ਜ਼ਿਲ੍ਹਾ ਅਤੇ ਸਬ-ਡਿਵੀਜ਼ਨਲ ਪੱਧਰ 'ਤੇ ਅਧਿਆਪਕਾਂ ਤੋਂ ਬੇਲੋੜੇ ਲੰਬੇ ਸਮੇਂ ਲਈ ਵੱਖ-ਵੱਖ ਪ੍ਰਸ਼ਾਸਕੀ ਕੰਮ ਲਏ ਜਾ ਰਹੇ ਹਨ, ਜਿਸ ਨਾਲ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ, ਅਕਾਦਮਿਕ ਨਿਰੰਤਰਤਾ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜੇ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਰਹੇ ਹਨ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਲਈ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ, ਜਿਨ੍ਹਾਂ ਨੇ ਇਸ ਕਾਰਜ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਇਹ ਚੱਲ ਰਹੀ ਪ੍ਰਕਿਰਿਆ 30 ਸਤੰਬਰ, 2026 ਨੂੰ ਸਮਾਪਤ ਹੋਣ ਜਾ ਰਹੀ ਹੈ, ਇਸ ਲਈ ਵਿਭਾਗ ਦਾ ਮੰਨਣਾ ਹੈ ਕਿ ਲੋੜ ਤੋਂ ਵੱਧ ਅਧਿਆਪਕਾਂ ਦੀਆਂ ਤਾਇਨਾਤੀਆਂ ਨੂੰ ਤੁਰੰਤ ਘਟਾਇਆ ਜਾਵੇ ਤਾਂ ਜੋ ਉਹ ਸਕੂਲਾਂ ਵਿੱਚ ਵਾਪਸ ਜਾ ਕੇ ਆਪਣੀਆਂ ਮੁੱਢਲੀਆਂ ਅਧਿਆਪਨ ਜ਼ਿੰਮੇਵਾਰੀਆਂ ਨੂੰ ਮੁੜ ਤੋਂ ਸੰਭਾਲ ਸਕਣ।
https://drive.google.com/file/d/1SrfdyZrEHUL0khCwUaILc44Gq0NdyaUw/view?usp=sharing
- Download Babushahi App
-
-