ਜੱਜ ਸੰਧੂ ਰਚਿਤ ਪਿੰਡ ਕੰਧ ਵਾਲਾ ਹਾਜ਼ਰ ਖਾਂ (ਫ਼ਾਜ਼ਿਲਕਾ) 'ਚ ਬਾਬਾ ਬੁੱਲ੍ਹੇ ਸ਼ਾਹ ਯਾਦਗਾਰ ਬਾਰੇ ਇਤਿਹਾਸ ਮੂਲਕ ਕਿਤਾਬ “ਮਹਿਕਦਾ ਗੁਲਾਬ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ
Babushahi Network
ਲੁਧਿਆਣਾ, 23 ਸਤੰਬਰ 2026- ਪੰਜਾਬੀ ਲੋਕ ਗਾਇਕ ਤੇ ਲੇਖਕ ਜੱਜ ਸੰਧੂ ਰਚਿਤ ਪੁਸਤਕ ਸੂਫ਼ੀ ਸੰਤ ਫ਼ਕੀਰ ਬਾਬਾ ਬੁੱਲ੍ਹੇਸ਼ਾਹ ਦੀ ਭਾਰਤੀ ਪੰਜਾਬ ਵਿੱਚ ਪਿੰਡ ਕੰਧ ਵਾਲ਼ਾ ਹਾਜ਼ਰ ਖਾਂ (ਫਾਜ਼ਿਲਕਾ) ਵਿਖੇ ਬਣੀ ਯਾਦਗਾਰ ਬਾਰੇ ਕਿਤਾਬ “ਮਹਿਕਦਾ ਗੁਲਾਬ” ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਸਾਡੀ ਸਾਂਝੀ ਪੰਜਾਬੀ ਲੋਕ ਵਿਰਾਸਤ ਦੇ ਉੱਚੇ ਮੀਨਾਰ ਹਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ ਬਣੀ ਯਾਦਗਾਰ ਦੇ ਹਵਾਲੇ ਨਾਲ ਇਹ ਕਿਤਾਬ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਪੁਲ਼ ਦਾ ਯਾਦਗਾਰੀ ਕੰਮ ਕਰੇਗੀ। ਪੰਜਾਬੀ ਲੋਕ ਗਾਇਕ ਜੱਜ ਸੰਧੂ ਨੇ ਦੱਸਿਆ ਕਿ ਇਸ ਕਿਤਾਬ ਨੂੰ ਲਿਖਣ ਦੀ ਰੀਝ ਮੇਰੇ ਮਨ ਵਿੱਚ ਬਚਪਨ ਤੋਂ ਹੀ ਸੀ ਪਰ ਮੇਰੇ ਮਿੱਤਰ ਪ੍ਰੀਤ ਸਿੱਧੂ ਦੀ ਪ੍ਰੇਰਨਾ ਇਹ ਕਾਰਜ ਕਰਵਾ ਸਕੀ।
ਕਿਤਾਬ ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਰਹੱਦੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿੱਚ ਹੁੰਦੇ ਬਾਬਾ ਬੁੱਲ੍ਹੇ ਸ਼ਾਹ ਮੇਲੇ ਬਾਰੇ ਤਾਂ ਸ. ਜਗਦੇਵ ਸਿੰਘ ਜੱਸੋਵਾਲ ਜੀ ਤੋਂ ਸੁਣਿਆ ਹੋਇਆ ਸੀ ਪਰ ਇਸ ਕਿਤਾਬ ਰਾਹੀਂ ਮੇਲੇ ਦੀ ਇਤਿਹਾਸਕਤਾ ਅਤੇ ਪਿਛਵਾੜੇ ਬਾਰੇ ਵਧੀਆ ਜਾਣਕਾਰੀ ਮਿਲੀ ਹੈ। ਕਿਤਾਬ ਤੋਂ ਹੀ ਪਤਾ ਲੱਗਾ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਦੇ ਨੇੜਲੇ ਪਿੰਡ ਜੀਆ ਬੱਗਾ ਤੋਂ 1947 ਵਿੱਚ ਉੱਜੜ ਕੇ ਆਏ ਬਾਪੂ ਗੁਲਾਬ ਸਿੰਘ ਸੰਧੂ ਕਈ ਵਾਰ ਪਾਂਡੋ ਕੀ ਵਿਖੇ ਬਾਬਾ ਜੀ ਦੇ ਮਜ਼ਾਰ ਤੇ ਗਏ ਅਤੇ 1970 ਵਿੱਚ ਉੱਥੋਂ ਇੱਕ ਇੱਟ ਲਿਆ ਕੇ ਕੰਧ ਵਾਲਾ ਹਾਜ਼ਰ ਖਾਂ ਵਿਖੇ ਪਿੰਡ ਦੀ ਮਦਦ ਨਾਲ ਬਾਬਾ ਬੁੱਲ੍ਹੇਸ਼ਾਹ ਦੀ ਯਾਦਗਾਰ ਉਸਾਰ ਦਿੱਤੀ ਅਤੇ ਅਗਲੇ ਸਾਲ ਤੋਂ ਸਾਲਾਨਾ ਬਾਬਾ ਬੁੱਲ੍ਹੇ ਸ਼ਾਹ ਯਾਦਗਾਰੀ ਮੇਲਾ ਆਰੰਭਿਆ। ਲਗਪਗ ਤਿੰਨ ਚਾਰ ਅਕੜ ਰਕਬੇ ਵਿੱਚ ਬਣੀ ਇਸ ਯਾਦਗਾਰ ਵਿੱਚ ਸਟੇਜ ਤੇ ਪੱਕਾ ਪੰਡਾਲ ਹੈ। ਜੱਜ ਸੰਧੂ ਨੇ ਦੱਸਿਆ ਕਿ ਸ. ਜਗਦੇਵ ਸਿੰਘ ਜੱਸੋਵਾਲ ਲਗਾਤਾਰ ਦਸ ਪੰਦਰਾਂ ਸਾਲ ਇਸ ਮੇਲੇ ਤੇ ਪਹੁੰਚ ਕੇ ਸਰਪ੍ਰਸਤੀ ਦੇਦੇ ਰਹੇ ਹਨ।
ਬਾਪੂ ਗੁਲਾਬ ਸਿੰਘ ਜੀਆ ਬੱਗਾ ਦਾ ਪਰਿਵਾਰ ਅਤੇ ਪਿੰਡ ਦੇ ਸਭ ਲੋਕ ਆਪਣੇ ਸਿਰ ਤੇ ਹੀ ਇਹ ਮੇਲਾ ਕਰਵਾਉਂਦੇ ਹਨ। ਉਸਤਾਦ ਲਾਲ ਚੰਦ ਯਮਲਾ ਜੱਟ ਨੇ ਵੀ ਆਪਣੀ ਅਖੀਰਲੀ ਗਾਇਨ ਪੇਸ਼ਕਾਰੀ ਇਸੇ ਮੇਲੇ ਵਿੱਚ ਕੀਤੀ ਸੀ।
ਜੱਜ ਸੱਧੂ ਨਾਲ ਆਏ ਉਸ ਦੇ ਮਿੱਤਰ ਅਤੇ ਨੌਜਵਾਨ ਫਿਲਮ ਸਾਜ਼ ਪ੍ਰੀਤ ਸਿੰਧੂ ਨੇ ਦੱਸਿਆ ਕਿ ਜੱਜ ਸੰਧੂ ਦੀ ਆਵਾਜ਼ ਵਿੱਚ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਵਾਸੀ ਲੇਖਕ ਸੁਰਜੀਤ ਸਿੰਘ ਸੰਧੂ ਦੇ ਲਿਖੇ ਦੋ ਗੀਤ ਇਮਦਾਦ ਅਲੀ ਦੇ ਸੰਗੀਤ ਨਿਰਦੇਸ਼ਨ ਵਿੱਚ ਰਿਲੀਜ਼ ਹੋ ਚੁੱਕੇ ਹਨ। ਇਸ ਦਾ ਫਿਲਮਾਂਕਣ ਵੀ ਉਨ੍ਹਾਂ ਨੇ ਹੀ ਕੀਤਾ ਹੈ।