ਭਾਜਪਾ ਦੀ ਘੁਰਕੀ ਤੋਂ ਬਾਅਦ ਰੇਲ ਵਿਭਾਗ ਦੇ ਅਫਸਰਾਂ ਨੇ ਖੋਲ੍ਹਿਆ ਖੇਡ ਮੈਦਾਨ ਨੂੰ ਲਾਇਆ ਜਿੰਦਰਾ
ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2026 : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਮੁਕਾਮੀ ਆਗੂਆਂ ਵੱਲੋਂ ਦਿੱਤੀ ਘੁਰਕੀ ਤੋਂ ਬਾਅਦ ਰੇਲ ਵਿਭਾਗ ਦੇ ਅਧਿਕਾਰੀਆਂ ਨੇ ਮਹਿਕਮੇ ਨਾਲ ਸਬੰਧਤ ਖੇਡ ਦੇ ਮੈਦਾਨ ਨੂੰ ਲਾਇਆ ਜਿੰਦਰਾ ਖੋਲ੍ਹ ਦਿੱਤਾ ਹੈ ਅਤੇ ਫੀਸ ਵਸੂਲਣ ਸਬੰਧੀ ਬੋਰਡ ਵੀ ਹਟਾ ਦਿੱਤੇ ਹਨ। ਰੇਲਵੇ ਦੇ ਅੰਬਾਲਾ ਮੰਡਲ ਵੱਲੋਂ ਸਵੇਰੇ-ਸ਼ਾਮ ਸੈਰ, ਕਸਰਤ ਅਤੇ ਖੇਡਾਂ ਲਈ ਆਉਣ ਵਾਲੇ ਆਮ ਲੋਕਾਂ ਲਈ ਸਾਲਾਨਾ ਫੀਸ ਲਾਜ਼ਮੀ ਕਰਨ ਵਾਲੇ ਹੁਕਮ ਜਾਰੀ ਕੀਤੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਜ਼ਿਲ੍ਹਾ ਬਠਿੰਡਾ ਦੀ ਟੀਮ ਨੇ ਅੱਜ ਖੇਡ ਮੈਦਾਨ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਜਨਤਾ ਨੂੰ ਵੱਡੀ ਰਾਹਤ ਦਬਾਉਣ ਲਈ ਬੋਰਡ ਵਗੈਰਾ ਹਟਾਉਣ ਦਾ ਕੰਮ ਕਰਵਾਇਆ। ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਉਮੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਅੰਬਾਲਾ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਅਤੇ ਰੇਲਵੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ।
ਭਾਜਪਾ ਆਗੂਆਂ ਵੱਲੋਂ ਆਮ ਜਨਤਾ, ਸਥਾਨਕ ਖਿਡਾਰੀਆਂ ਅਤੇ ਫੌਜ ਦੀ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਨੂੰ ਮਜ਼ਬੂਤੀ ਨਾਲ ਸਾਹਮਣੇ ਰੱਖਣ ਤੋਂ ਬਾਅਦ, ਰੇਲਵੇ ਵਿਭਾਗ ਨੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਫੀਸ ਵਾਲੇ ਹੁਕਮ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ।ਭਾਜਪਾ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਹਮੇਸ਼ਾ ਜਨਤਾ ਦੇ ਹਿੱਤਾਂ ਦੀ ਰਾਖੀ ਕਰਨਾ ਹੈ, ਤਾਂ ਜੋ ਮੈਦਾਨ ਵਿੱਚ ਆਉਣ ਵਾਲੇ ਨਾਗਰਿਕਾਂ ਅਤੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਆਰਥਿਕ ਬੋਝ ਦਾ ਸਾਹਮਣਾ ਨਾ ਕਰਨਾ ਪਵੇ। ਆਗੂਆਂ ਨੇ ਕਿਹਾ ਕਿ ਹੁਣ ਸਥਾਨਕ ਲੋਕ ਅਤੇ ਖਿਡਾਰੀ ਬਿਨਾਂ ਕਿਸੇ ਫੀਸ ਦੇ ਪਹਿਲਾਂ ਵਾਂਗ ਇੱਥੇ ਆਪਣੀਆਂ ਖੇਡਾਂ ਅਤੇ ਸਿਹਤ ਗਤੀਵਿਧੀਆਂ ਜਾਰੀ ਰੱਖ ਸਕਣਗੇ।ਰੇਲਵੇ ਦੇ ਇਸ ਫੈਸਲੇ ਤੋਂ ਬਾਅਦ ਮੈਦਾਨ ਵਿੱਚ ਕਸਰਤ ਅਤੇ ਸੈਰ ਕਰਨ ਆਉਣ ਵਾਲੇ ਨਾਗਰਿਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਥਾਨਕ ਲੋਕਾਂ ਅਤੇ ਖਿਡਾਰੀਆਂ ਨੇ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਧੰਨਵਾਦ ਕੀਤਾ ਹੈ।
- Download Babushahi App
-
-