ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ 17 ਹਜ਼ਾਰ ਲੀਟਰ ਤੋਂ ਵੱਧ ਲਾਹਨ ਨਸ਼ਟ
ਫਾਜ਼ਿਲਕਾ, 19 ਮਈ 2025
"ਯੁੱਧ ਨਸ਼ਿਆਂ ਵਿਰੁੱਧ" ਚੱਲ ਰਹੀ ਰਾਜ-ਪੱਧਰੀ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਇੱਕ ਹੋਰ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ (IPS), ਡਿਪਟੀ ਇੰਸਪੈਕਟਰ ਜਨਰਲ ਫਿਰੋਜ਼ਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਅਤੇ ਐਸ.ਐਸ.ਪੀ ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਜੀ ਦੀ ਅਗਵਾਈ ਹੇਠ ਇਹ ਮੁਹਿੰਮ ਦ੍ਰਿੜਤਾ ਨਾਲ ਚਲਾਈ ਜਾ ਰਹੀ ਹੈ।
ਅੱਜ ਜਿਲ੍ਹਾ ਫਾਜ਼ਿਲਕਾ ਦੇ ਸਾਰੇ ਸਬ ਡਵੀਜ਼ਨਾਂ ਵਿੱਚ ਇੱਕ ਸਮੁੱਚੇ ਓਪਰੇਸ਼ਨ ਦੌਰਾਨ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਵੱਡੀ ਮਾਰ ਪਾਈ ਗਈ। ਹਲਕਾ ਅਫ਼ਸਰਾਂ ਦੀ ਨਿਗਰਾਨੀ ਹੇਠ, ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ 300 ਤੋਂ ਵੱਧ ਪੁਲਿਸ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ 71 ਥਾਵਾਂ ਤੇ ਛਾਪੇ ਮਾਰੇ। 207 ਸ਼ਰਾਬ ਤਸਕਰਾਂ ਦੇ ਠਿਕਾਣਿਆਂ ਦੀ ਗਹਿਰੀ ਤਲਾਸ਼ੀ ਲਈ ਗਈ, ਜਿਸ ਦੌਰਾਨ 13 ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਅਤੇ ਮੁਕੱਦਮਾ ਦਰਜ ਕਰਕੇ 257 ਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵੱਖ ਵੱਖ ਥਾਵਾਂ ਤੋਂ ਲਗਭਗ 17,200 ਲੀਟਰ ਲਾਹਨ (ਕੱਚੀ ਸ਼ਰਾਬ) ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ, ਜੋ ਕਿ ਨਸ਼ਾ ਮਾਫੀਆ ਲਈ ਇੱਕ ਵੱਡਾ ਝਟਕਾ ਹੈ।
ਇਹ ਓਪਰੇਸ਼ਨ ਹਾਲ ਹੀ ਵਿੱਚ ਮਜੀਠਾ ਹਲਕੇ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਤੋਂ ਬਾਅਦ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੇ ਸੂਚਿਤ ਕੀਤਾ ਕਿ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨਾਲ ਬਿਲਕੁਲ ਵੀ ਰਿਆਇਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਜੋ ਇਸ ਤਰ੍ਹਾਂ ਦੀ ਜ਼ਹਿਰੀਲੀ ਤੇ ਸਿਹਤ ਲਈ ਖਤਰਨਾਕ ਸ਼ਰਾਬ ਦਾ ਧੰਦਾ ਕਰਦੇ ਹਨ, ਉਹ ਬੰਦ ਕਰ ਦੇਣ। ਨਹੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਫਾਜ਼ਿਲਕਾ ਪੁਲਿਸ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਜਾਣਕਾਰੀ ਨਿਕਟਮ ਪੁਲਿਸ ਥਾਣੇ ਜਾਂ ਹੈਲਪਲਾਈਨ ਰਾਹੀਂ ਦੇਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।