ਪਿੰਡ-ਪਿੰਡ ਪਹੁੰਚ ਰਿਹਾ ਨਸ਼ਾ ਮੁਕਤੀ ਯਾਤਰਾ ਦਾ ਸੁਨੇਹਾ- MLA ਐਡਵੋਕੈਟ ਅਮਰਪਾਲ ਸਿੰਘ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ , 21 ਜੁਲਾਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਵੱਲੋਂ ਹਲਕੇ ਦੇ ਪਿੰਡ ਸੰਗਤਪੁਰਾ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਜਨ ਸਭਾ ਵਿੱਚ ਸ਼ਿਰਕਤ ਕਰ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੀ ਇਸ ਜੰਗ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਹਲਕੇ ਦੇ ਪਿੰਡ-ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਨੂੰ ਖਤਮ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਨਾਲ ਪੀੜਤ ਵਿਅਕਤੀਆਂ ਨਾਲ ਹਮਦਰਦੀ ਭਰਿਆ ਵਰਤਾਰਾ ਰੱਖ ਰਹੀ ਹੈ ਤੇ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲਿਆਂ ਦਾ ਇਲਾਜ ਨਸ਼ਾ ਛਡਾਊ ਕੇਂਦਰਾਂ ਵਿੱਚ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ ਤੇ ਉਥੇ ਉਨਾਂ ਨਾਲ ਹਮਦਰਦੀ ਭਰਿਆ ਵਰਤਾਰਾ ਰੱਖਿਆ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦੀ ਸਿਹਤ ਪੱਖੋਂ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਜੇਲਾਂ ਵਿੱਚ ਬੰਦ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੇ ਘਰਾਂ ਤੇ ਵੀ ਪੀਲਾ ਪੰਜਾ ਚਲਾਇਆ ਜਾ ਰਿਹਾ। ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਪਿੰਡ ਵੀ ਕੋਈ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਹੈ ਤਾਂ ਪਿੰਡ ਵਾਸੀ ਬੇਝਿਜਕ ਹੋ ਕੇ ਉਹਨਾਂ ਨੂੰ ਜਾਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇਵੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ, ਗੁਆਂਢ ਜਾਂ ਰਿਸ਼ਤੇਦਾਰ ਵਿੱਚ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇ ਤਾਂ ਜੋ ਉਹ ਨਸ਼ਾ ਛੱਡ ਕੇ ਆਪਣੀ ਬਾਕੀ ਦੀ ਜ਼ਿੰਦਗੀ ਤੰਦਰੁਸਤੀ ਅਤੇ ਮਾਣ ਸਨਮਾਨ ਵਾਲੀ ਬਤੀਤ ਕਰ ਸਕੇ।
ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਤੁਹਾਡੇ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਨੂੰ ਸਫਲ ਕੀਤਾ ਜਾ ਸਕਦਾ ਹੈ।