ਨਾਟਿਅਮ ਥੀਏਟਰ ਫੈਸਟੀਵਲ ਦੌਰਾਨ 26 ਸਤੰਬਰ ਤੋਂ ਦਿਖਾਈ ਦੇਵੇਗਾ ਰੰਗ ਮੰਚ ਦਾ ਜਲਵਾ
ਡਾ ਜਸਵੰਤ ਸਿੰਘ ਜਫਰ ਕਰਨਗੇ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2026 : ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬ ਦੇ ਪ੍ਰਮੁੱਖ ਰੰਗਮੰਚ ਗਰੁੱਪ ਨਾਟਿਅਮ ਵੱਲੋਂ ਕਰਵਾਇਆ ਜਾਣ ਵਾਲਾ 15ਵਾਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਕੱਲ੍ਹ 26 ਸਤੰਬਰ ਤੋਂ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। 15 ਦਿਨਾਂ ਤੱਕ ਚੱਲਣ ਵਾਲਾ ਇਹ ਥੀਏਟਰ ਫੈਸਟੀਵਲ 10 ਅਕਤੂਬਰ ਤੱਕ ਜਾਰੀ ਰਹੇਗਾ। ਫੈਸਟੀਵਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਨਾਟਿਅਮ ਪੰਜਾਬ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕਿਰਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸੁਨੀਲ ਬਾਂਸਲ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਫੈਸਟੀਵਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਥੀਏਟਰ ਫੈਸਟੀਵਲ ਨੂੰ ਹੋਰ ਵਿਸ਼ਾਲ ਰੂਪ ਦਿੰਦਿਆਂ ਨਾਟਕਾਂ ਦੇ ਨਾਲ-ਨਾਲ ਦਿਨ ਦੇ ਸਮੇਂ ਸਾਹਿਤ ਅਤੇ ਰੰਗਮੰਚ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਰਾਜਸਥਾਨ ਦੇ ਨਾਟਕ ਨਾਲ ਹੋਵੇਗੀ ਸ਼ੁਰੂਆਤ
ਨਾਟਿਅਮ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਫੈਸਟੀਵਲ ਦੀ ਸ਼ੁਰੂਆਤ ਰਾਜਸਥਾਨ ਦੀ ਟੀਮ ਵੱਲੋਂ ਖੇਡੇ ਜਾਣ ਵਾਲੇ ਨਾਟਕ ‘12 ਐਂਗਰੀਮੈਨ’ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਫੈਸਟੀਵਲ ਦੀ ਵਿਸ਼ੇਸ਼ਤਾ ਇਹ ਰਹੇਗੀ ਕਿ ਪਹਿਲਾਂ ਜਿੱਥੇ ਨਾਟਿਅਮ ਵੱਲੋਂ ਮੁੱਖ ਤੌਰ ’ਤੇ ਰਾਤ ਸਮੇਂ ਹੀ ਨਾਟਕਾਂ ਦਾ ਮੰਚਣ ਕੀਤਾ ਜਾਂਦਾ ਸੀ, ਉੱਥੇ ਹੁਣ ਦਿਨ ਦੇ ਸਮੇਂ ਵੀ ਸਾਹਿਤਕ ਅਤੇ ਰੰਗਮੰਚ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ।ਫੈਸਟੀਵਲ ਦੌਰਾਨ ਲਗਾਤਾਰ 15 ਦਿਨ ਸਵੇਰੇ 11 ਵਜੇ ਤੋਂ ਰਾਤ ਦੇ ਨਾਟਕ ਦੀ ਸਮਾਪਤੀ ਤੱਕ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਸਾਹਿਤ, ਰੰਗਮੰਚ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਉਪਲਬਧ ਹੋਣਗੀਆਂ।
ਵਿਦਿਆਰਥੀ ਕਰਨਗੇ ਸਾਹਿਤਕ ਹਸਤੀਆਂ ਨਾਲ ਗੱਲਬਾਤ
ਦਿਨ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਸਵੇਰੇ ਸਾਢੇ 11 ਵਜੇ ਹੋਵੇਗੀ ਅਤੇ ਦੁਪਹਿਰ 1 ਵਜੇ ਤੱਕ ਸਾਹਿਤ ਅਤੇ ਰੰਗਮੰਚ ਦੇ ਖੇਤਰ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਨਾਲ ਵਿਸ਼ੇਸ਼ ਗੱਲਬਾਤ ਕਰਵਾਈ ਜਾਵੇਗੀ। ਇਸ ਗੱਲਬਾਤ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਖੁਦ ਸਾਹਿਤ ਅਤੇ ਰੰਗਮੰਚ ਦੀਆਂ ਪ੍ਰਮੁੱਖ ਹਸਤੀਆਂ ਨਾਲ ਸਵਾਲ-ਜਵਾਬ ਕਰਨਗੇ।
‘ਅਰਾਊਂਡ ਦਾ ਰੰਗਮੰਚ’ ਤਹਿਤ ਹੋਣਗੇ ਵੱਖ-ਵੱਖ ਪ੍ਰੋਗਰਾਮ
ਸ਼ਾਮ 4 ਵਜੇ ਤੋਂ 7 ਵਜੇ ਤੱਕ ‘ਅਰਾਊਂਡ ਦਾ ਰੰਗਮੰਚ’ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਸ਼ਾਮ 4 ਵਜੇ ਤੋਂ ਸਾਢੇ 5 ਵਜੇ ਤੱਕ ਬੱਚਿਆਂ ਲਈ ਵਿਸ਼ੇਸ਼ ਵਰਕਸ਼ਾਪ ਹੋਵੇਗੀ। ਇਸ ਤੋਂ ਬਾਅਦ 5 ਵਜੇ ਤੋਂ 6 ਵਜੇ ਤੱਕ ‘ਪੁਸਤਕਾਂ ਨਾਲ ਗੱਲਾਂ’ ਪ੍ਰੋਗਰਾਮ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ ਸ਼ਾਮ 6 ਵਜੇ ਤੋਂ ਸਾਢੇ 6 ਵਜੇ ਤੱਕ ‘ਓਪਨ ਮਾਈਕ’ ਪ੍ਰੋਗਰਾਮ ਹੋਵੇਗਾ। ਸਾਢੇ 6 ਵਜੇ ਤੋਂ 7 ਵਜੇ ਤੱਕ ਉਸ ਦਿਨ ਸ਼ਾਮ ਨੂੰ ਮੰਚਿਤ ਕੀਤੇ ਜਾਣ ਵਾਲੇ ਨਾਟਕ ਦੇ ਡਾਇਰੈਕਟਰ ਨਾਲ ‘ਮੀਟ ਦਾ ਡਾਇਰੈਕਟਰ’ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਦੌਰਾਨ ਦਰਸ਼ਕ ਨਾਟਕ ਅਤੇ ਉਸ ਦੀ ਪੇਸ਼ਕਾਰੀ ਨਾਲ ਸਬੰਧਤ ਗੱਲਬਾਤ ਵਿੱਚ ਹਿੱਸਾ ਲੈ ਸਕਣਗੇ।ਨਾਟਿਅਮ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਰ ਸ਼ਾਮ 7 ਵੱਜ ਕੇ 40 ਮਿੰਟ ’ਤੇ ਸ਼ਮਾ ਰੌਸ਼ਨ ਕਰਨ ਦੀ ਰਸਮ ਤੋਂ ਬਾਅਦ ਨਾਟਕ ਦੀ ਪੇਸ਼ਕਾਰੀ ਸ਼ੁਰੂ ਹੋਵੇਗੀ। ਇਸ ਤਰ੍ਹਾਂ ਫੈਸਟੀਵਲ ਦੌਰਾਨ ਦਰਸ਼ਕਾਂ ਨੂੰ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਰੰਗਮੰਚ ਦੀਆਂ ਪੇਸ਼ਕਾਰੀਆਂ ਦੇਖਣ ਦਾ ਮੌਕਾ ਮਿਲੇਗਾ।
ਜ਼ਫ਼ਰ ਕਰਨਗੇ ਫੈਸਟੀਵਲ ਦਾ ਉਦਘਾਟਨ
ਨਾਟਿਅਮ ਦੇ ਅਹੁਦੇਦਾਰਾਂ ਨੇ ਦੱਸਿਆ ਕਿ 26 ਸਤੰਬਰ ਨੂੰ ਸਵੇਰੇ 11 ਵਜੇ ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਇਸ ਨੈਸ਼ਨਲ ਥੀਏਟਰ ਫੈਸਟੀਵਲ ਦੀਆਂ ਗਤੀਵਿਧੀਆਂ ਦੀ ਰਸਮੀ ਸ਼ੁਰੂਆਤ ਹੋਵੇਗੀ। ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਅਤੇ ਸਥਾਪਿਤ ਪੰਜਾਬੀ ਕਵੀ ਡਾ. ਜਸਵੰਤ ਸਿੰਘ ਜ਼ਫ਼ਰ ਕਰਨਗੇ। ਇਸ ਮੌਕੇ ਪੰਜਾਬੀ ਸਾਹਿਤ ਅਤੇ ਰੰਗਮੰਚ ਦੇ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਰਹਿਣਗੀਆਂ।
ਨਾਟਿਅਮ ਪੰਜਾਬ ਦੇ ਅਹੁਦੇਦਾਰਾਂ ਨੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਮੂਹ ਸਾਹਿਤ ਅਤੇ ਰੰਗਮੰਚ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ 15ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਵੱਖ-ਵੱਖ ਨਾਟਕਾਂ ਦੇ ਨਾਲ-ਨਾਲ ਸਾਹਿਤਕ ਅਤੇ ਰੰਗਮੰਚ ਨਾਲ ਸਬੰਧਤ ਹੋਰ ਪ੍ਰੋਗਰਾਮਾਂ ਦਾ ਵੀ ਲੁਤਫ਼ ਉਠਾਉਣ।
- Download Babushahi App
-
-