ਨਸ਼ਾ ਪੰਜਾਬ ’ਚ ਗੰਭੀਰ ਸਮੱਸਿਆ ਬਣ ਚੁੱਕਿਆ:ਐਸਐਮਓ ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 19 ਮਈ 2025: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਨਸ਼ੇ ਵਿਰੁੱਧ ਯਾਤਰਾ ਸਿਹਤ ਬਲਾਕ ਗੋਨਿਆਣਾ ਦੇ ਪਿੰਡ ਨਰੂਆਣਾ, ਬਹਿਮਣ ਦੀਵਾਨਾ, ਚੁੱਘੇ ਖੁਰਦ ਅਤੇ ਬੱਲੂਆਣਾ ਵਿਖੇ ਪੁੱਜੀ। ਇਸ ਮੌਕੇ ਬੋਲਦਿਆਂ ਬਲਾਕ ਗੋਨਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਨਸ਼ਾ ਅੱਜ ਪੰਜਾਬ ਵਿੱਚ ਇੱਕ ਗੰਭੀਰ ਬਿਮਾਰੀ ਬਣ ਚੁੱਕਿਆ ਹੈ ਜਿਸ ਦੇ ਖਾਤਮੇਂ ਲਈ ਪੰਜਾਬ ਸਰਕਾਰ ਵੱਲੋਂ ਵੱਡੀਆਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਬਿਮਾਰ ਹੋਏ ਮਰੀਜਾਂ ਨੂੰ ਨਸ਼ੇ ਦੀ ਆਦਤ ਛੁਡਵਾਉਣ ਲਈ ਸੀ.ਐਚ.ਸੀ. ਗੋਨਿਆਣਾ ਵਿਖੇ ਓਟ ਕਲੀਨਿਕ ਬੜੀ ਸਫ਼ਲਤਾ ਨਾਲ ਚੱਲ ਰਿਹਾ ਹੈ ਜਿਸ ਤੋਂ ਰੋਜ਼ਾਨਾ ਕਰੀਬ 150 ਮਰੀਜ਼ ਦਵਾਈ ਲੈ ਕੇ ਨਸ਼ਾ ਛੱਡਣ ਲਈ ਤਿਆਰ ਹੋ ਰਹੇ ਹਨ।
ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਹ ਯਾਤਰਾ ਬਲਾਕ ਗੋਨਿਆਣਾ ਦੇ 13 ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਪੂਰੇ ਜ਼ਿਲ੍ਹੇ ਦਾ ਦੌਰਾ ਕਰੇਗੀ ਜਿਸ ਦੌਰਾਨ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬਲਾਕ ਦੇ ਸਮੂਹ ਸੀ.ਐਚ.ਓ., ਮਪਹ ਸੁਪਰਵਾਇਜ਼ਰ, ਮਪਹਵ ਮੇਲ ਅਤੇ ਫੀਮੇਲ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ੇ ਤੋਂ ਖਹਿੜਾ ਛੁੜਵਾਉਣ ਲਈ ਇਸ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਹੋਰਨਾਂ ਵਿਭਾਗਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਸੀ.ਐਚ.ਓ. ਰਮਨ ਸੇਖੋਂ, ਅਮਨਦੀਪ ਕੌਰ, ਕਿਰਨ ਕੌਰ ਮਪਹ ਸੁਪਰਵਾਇਜ਼ਰ ਰਾਜਵਿੰਦਰ ਸਿੰਘ, ਰੂਪ ਸਿੰਘ, ਮਪਹਵ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਪ੍ਰਭਜੋਤ ਸਿੰਘ, ਮਪਹਵ ਕਰਮਜੀਤ ਕੌਰ, ਦਰਸ਼ਨ ਕੌਰ, ਜਸਵਿੰਦਰ ਕੌਰ ਆਦਿ ਸਮੇਤ ਆਸ਼ਾ ਫੈਸਿਲੀਟੇਟਰ ਅਤੇ ਸਮੂਹ ਆਸ਼ਾ ਵਰਕਰ ਮੌਜੂਦ ਸਨ।