ਨਦੀਨਾਂ ਦੀ ਰੋਕਥਾਮ ਲਈ ਸਮੇਂ ਸਿਰ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫਸਰ
ਮੁੱਖ ਖੇਤੀਬਾੜੀ ਅਫਸਰ ਵੱਲੋਂ ਝੋਨੇ ਦੀ ਲਵਾਈ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ:14 ਮਈ 2025 ਅੰਤਾਂ ਦੀ ਗਰਮੀ ਹੋਣ ਦੇ ਬਾਵਜੂਦ ਕਿਸਾਨਾਂ ਜ਼ਿਲਾ ਗੁਰਦਾਸਪੁਰ ਝੋਨੇ ਦੀ ਲਵਾਈ ਕੱਦੂ ਕਰਕੇ ਲਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 30-35 ਫੀਸਦੀ ਰਕਬੇ ਵਿੱਚ ਝੋਨੇ ਦੀ ਲਵਾਈ ਹੋ ਚੁੱਕੀ ਹੈ,ਜੋ 30 ਜੂਨ ਤੱਕ ਮੁਕੰਮਲ ਹੋ ਜਾਵੇਗੀ ।ਪਿੰਡ ਧਾਰੋਚੱਕ ਵਿੱਚ ਝੋਨੇ ਦੀ ਲਵਾਈ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਫਸਲ ਕੀੜਿਆ ਅਤੇ ਬਿਮਾਰੀਆਂ ਤੋਂ ਇਲਾਵਾ ਨਦੀਨ ਪੈਦਾਵਾਰ ਨੂੰ ਪ੍ਰਭਾਵਤ ਕਰਦੇ ਹਨ ਜੋ ਫਸਲ ਨਾਲ ਪਾਣੀ, ਖੁਰਾਕੀ ਤੱਤਾਂ ,ਰੋਸ਼ਨੀ ਅਤੇ ਕਾਰਬਨ ਡਾਈਕਸਾਈਡ ਲਈ ਮੁਕਾਬਲਾ ਕਰਕੇ ਪੈਦਾਵਾਰ ਅਤੇ ਮਿਆਰੀਪਣ ਤੇ ਬੁਰਾ ਪ੍ਰਭਾਵ ਪਾਉਂਦੇ ਹਨ।
ਉਨਾਂ ਦੱਸਿਆ ਕਿ ਝੋਨੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨਨਾਸ਼ਕ ਦਾ ਸਹੀ ਸਮੇਂ ਤੇ ਸਹੀ ਤਕਨੀਕ ਵਰਤਣੀ ਚਾਹੀਦੀ ਹੈ।ਉਨਾ ਦੱਸਿਆ ਕਿ ਝੋਨੇ ਦੀ ਫਸਲ ਵਿੱਚ ਘਾਹ ਵਾਲੇ ਨਦੀਨ, ਸਵਾਂਕ, ਸਵਾਂਕੀ, ਗੁੜਤ ਮਧਾਣਾ,ਮੱਕੜਾ, ਚੀਨੀ (ਲੈਪਟੋਕਲੋਆ) ਘਾਹ, ਤੱਕੜੀ ਘਾਹ ਤੋਂ ਇਲਾਵਾ ਚੌੜੀ ਪੱਤੀ ਵਾਲੇ ਨਦੀਨ ਇੱਟਸਿੱਟ, ਚੁਲਾਈ, ਤਾਂਦਲਾ ਆਦਿ ਅਤੇ ਝੋਨੇ ਦੇ ਮੋਥੇ,ਡੀਲਾ/ਗੰਢੀ ਵਾਲਾ ਮੋਥਾ ਆਦਿ ਫਸਲ ਨੂੰ ਨੁਕਸਾਨ ਕਰਦੇ ਹਨ।ਉਨਾਂ ਦੱਸਿਆ ਕਿ ਇਨਾਂ ਨਦੀਨਾਂ ਦੀ ਰੋਕਥਾਮ ਲਈ ਸਿਫਾਰਿਸ਼ ਕੀਤੇ ਗਏ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨਦੀਨ ਨਾਸ਼ਕ ਜਿਵੇਂ 1200 ਮਿਲੀਲਿਟਰ ਬੂਟਾਕਲੋਰ 50 ਈ ਸੀ ਜਾਂ ਬੂਟਾਕਲੋਰ 50 ਈ ਡਬਲਿਯੂ ਜਾਂ 850 ਮਿਲੀਲਿਟਰ ਅਨਿਲੋਫੋਸ 18 ਈ ਸੀ ਜਾਂ 500 ਮਿਲੀਲਿਟਰ ਅਨਿਲੋਫੋਸ 30 ਈ ਸੀ ਜਾਂ 1000-1200 ਮਿਲੀ ਲਿਟਰ ਪੈਂਡੀਮੈਥਾਲੀਨ 30 ਈ ਸੀ ਜਾਂ 600 ਮਿਲੀਲਿਟਰ ਪ੍ਰੈਟੀਲਾਕਲੋਰ 50 ਈ ਸੀ ਜਾਂ 750 ਮਿਲੀਲਿਟਰ ਪ੍ਰੈਟੀਲਾਕਲੋਰ 37 ਈ ਡਬਲਯ ਜਾਂ 60 ਗ੍ਰਾਮ ਪਾਈਰੈਜੂਸਲਫੂਰਾਨ ਈਥਾਈਲ 10 ਡਬਲਿਯੂ ਪੀ ਪ੍ਰਤੀ ਏਕੜ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਲੁਆਈ ਤੋਂ 2-3 ਦਿਨ੍ਹਾਂ ਅੰਦਰ ਖੜ੍ਹੇ ਪਾਣੀ ਵਿੱਚ ਛੱਟਾ ਦੇ ਦੇਣਾ ਚਾਹੀਦਾ।ਪੈਂਡੀਮੈਥਾਲੀਨ ਦੀ ਹਲਕੀਆਂ ਜ਼ਮੀਨਾਂ ਵਿੱਚ ਘੱਟ ਮਾਤਰਾ ਅਤੇ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਵੱਧ ਮਾਤਰਾ ਦੀ ਵਰਤੋਂ ਕਰੋ।
ਜਿੰਨਾਂ ਖੇਤਾਂ ਵਿਚ ਜ਼ਿਆਦਾ ਸਮਾਂ ਪਾਣੀ ਖੜ੍ਹਾ ਨਹੀਂ ਰੱਖਿਆ ਜਾ ਸਕਦਾ ਤਾਂ ਉਨ੍ਹਾਂ ਖੇਤਾਂ ਵਿੱਚ ਪਿਨੌਕਸੁਲਮ 240 ਐਸ ਸੀ ਦੇ 40 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਪ੍ਰਤੀ ਏਕੜ ਵਿਚ ਘੋਲ ਕੇ ਪਨੀਰੀ ਲਾਉਣ ਤੋਂ 10-12 ਦਿਨਾਂ ਤੇ ਖੜ੍ਹੀ ਫ਼ਸਲ ਵਿਚ ਛਿੜਕਾਅ ਕਰਨ ਨਾਲ ਕਈ ਤਰ੍ਹਾਂ ਦੇ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾੰ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਛਿੜਕਾਅ ਤੋਂ ਪਹਿਲਾਂ ਖੇਤ ਵਿੱਚੋਂ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਤੇ ਛਿੜਕਾਅ ਤੋ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।
ਡਾ.ਗਗਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਨਦੀਨਨਾਸ਼ਕ ਵਰਤਣ ਦੇ ਬਾਵਜੂਦ ਕੁਝ ਨਦੀਨ ਬਚ ਜਾਂਦੇ ਹਨ ਤਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦੇਣੇ ਚਾਹੀਦੇ ਹਨ ਜੋ ਪਸ਼ੂਆਂ ਦੇ ਚਾਰੇ ਲਈ ਵਰਤੇ ਜਾ ਸਕਦੇ ਹਨ।ਕੱਦੂ ਕੀਤੇ ਖੇਤ ਵਿੱਚ ਝੋਨੇ ਦੀ ਲੁਆਈ ਤੋਂ 2 ਹਫਤੇ ਤੱਕ ਲਗਾਤਾਰ ਖੇਤ ਵਿੱਚ ਪਾਣੀ ਖੜ੍ਹਾ ਕਰਨ ਨਾਲ ਨਦੀਨਾਂ ਨੂੰ ਉੱਗਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਕੁਝ ਨਦੀਨ ਖੜ੍ਹੇ ਪਾਣੀ ਵਿੱਚ ਵੀ ਉੱਗ ਪੈਣ ਤਾਂ ਉਨਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ।ਇਸ ਮੌਕੇ ਡਾ. ਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਹਰਮਨਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਤੇ ਕਿਸਾਨ ਹਾਜ਼ਰ ਸਨ।