Babushahi Special: ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ 'ਕਮਲ ਕੌਰ ਭਾਬੀ' ਦਾ ਗੁੰਮਨਾਮੀ ਦੇ ਹਨੇਰੇ ’ਚ ਮੁੱਕਿਆ ਜ਼ਿੰਦਗੀ ਦਾ ਸਫਰ
ਅਸ਼ੋਕ ਵਰਮਾ
ਬਠਿੰਡਾ, 14 ਜੂਨ 2025 :ਚਾਰ ਦਿਨ ਪਹਿਲਾਂ ਕਤਲ ਕਰ ਦਿੱਤੀ ਗਈ ਸੋਸ਼ਲ ਮੀਡੀਆ ਤੇ ਮਕਬੂਲ ਕਮਲ ਕੌਰ ਭਾਬੀ ਨੂੰ ਅੰਤਿਮ ਸਫਰ ਤੇ ਤੁਰਨ ਵਕਤ ਚਾਰ ਜਣਿਆ ਦਾ ਮੋਢਾ ਵੀ ਨਸੀਬ ਨਹੀਂ ਹੋ ਸਕਿਆ ਹੈ। ਇਕੱਲੇ ਇੰਸਟਗ੍ਰਾਮ ਤੇ 4 ਲੱਖ ਲੋਕਾਂ ਦੀ ਚਹੇਤੀ ਕਮਲ ਕੌਰ ਭਾਬੀ ਦਾ ਅੰਤਿਮ ਸਸਕਾਰ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਵੱਲੋਂ ਕੀਤਾ ਗਿਆ ਜੋਕਿ ਅਕਸਰ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਲਈ ਜਾਣੀ ਜਾਂਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਆਖਰੀ ਵਾਰ ਕਮਲ ਕੌਰ ਭਾਬੀ ਨੂੰ ਆਖਰੀ ਵਾਰ ਦੀ ਵਿਦਾਈ ਦੇਣ ਲਈ ਸਿਰਫ ਉਸ ਦੀ ਮਾਂ ਗਿਰਜਾ ਦੇਵੀ ਅਤੇ ਭੈਣ ਤੋਂ ਇਲਾਵਾ ਭਰਾ ਹੀ ਹਾਜ਼ਰ ਸਨ। ਸੋਸ਼ਲ ਮੀਡੀਆ ਦੀ ਚਕਾਚੌਂਧ ’ਚ ਉਲਝੀ ਕਮਲ ਕੌਰ ਭਾਬੀ ਨੇ ਕਦੇ ਸਪਨੇ ਵਿੱਚ ਵੀ ਨਹਂਂ ਸੋਚਿਆ ਹੋਣਾ ਕਿ ਉਸ ਦੀ ਹੋਣੀ ਇਸ ਤਰਾਂ ਭਿਆਨਕ ਹੋਵੇਗੀ।
ਕਮਲ ਕੌਰ ਭਾਬੀ ਸੋਸ਼ਲ ਮੀਡੀਆ ਤੇ ਵੀਡੀਓ ਅਤੇ ਰੀਲਾਂ ਆਦਿ ਪਾਉਂਦੀ ਸੀ ਜਿੰਨ੍ਹਾਂ ਨੂੰ ਪੰਜਾਬੀ ਸਮਾਜ ਅਤੇ ਜੁਆਨੀ ਲਈ ਘਾਤਕ ਮੰਨਦਿਆਂ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਘਟਨਾ ਸਬੰਧੀ ਜਿੱਥੇ ਨਿਹੰਗ ਸਮੂਹਾਂ ,ਸਿੱਖ ਜੱਥੇਬੰਦੀਆਂ ਆਦਿ ਨੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ ਹੈ, ਉੱਥੇ ਹੀ ਹੋਰਨਾਂ ਨੇ ਇਸ ਬੇਰਹਿਮ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਕਿਸੇ ਵੀ ਹਾਲਾਤ ਵਿੱਚ ਜਾਇਜ਼ ਨਹੀਂ ਠਹਿਰਾਏ ਜਾ ਸਕਣ ਦੀ ਗੱਲ ਆਖੀ ਹਰ ਪਰ ਇਹ ਵੀ ਹਕੀਕਤ ਹੈ ਕਿ ਇਸ ਹੱਤਿਆ ਨੇ ਸੋਸ਼ਲ ਮੀਡੀਆ ਤੇ ਪਰੋਸੀ ਜਾ ਰਹੀ ਗੰਦਗੀ ਦਾ ਕੁਸੈਲਾ ਸੱਚ ਸਾਹਮਣੇ ਲੈ ਆਂਦਾ ਹੈ। ਇਹੋ ਕਾਰਨ ਹੈ ਕਿ ਲੋਕ ਇਸ ਤਰਾਂ ਦੀਆਂ ਇਤਰਾਜਯੋਗ ਪੋਸਟਾਂ ਪਾਉਣ ਵਾਲਿਆਂ ਨੂੰ ਕੋਸ ਰਹੇ ਹਨ ਜਿਸ ਦੀ ਪੁਣਛਾਣ ਵਕਤ ਦੇ ਹੱਥ ਹੈ।
ਦਰਅਸਲ ਕਮਲ ਕੌਰ ਭਾਬੀ ਦਾ ਅਸਲੀ ਨਾਂ ਕੰਚਨ ਕੁਮਾਰੀ ਸੀ ਅਤੇ ਉਹ ਮੂਲ ਰੂਪ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਜੋਕਿ ਪਿਛਲੇ ਦੋ ਦਹਾਕਿਆਂ ਤੋਂ ਲੁਧਿਆਣਾ ਵਿੱਚ ਆਪਣੀ ਮਾਂ ਨਾਲ ਸ਼ਿਮਲਾਪੁਰੀ ਇਲਾਕੇ ਵਿੱਚ ਰਹਿ ਰਹੀ ਸੀ। ਪਿਤਾ ਦੀ ਕਰੀਬ ਡੇਢ ਸਾਲ ਪਹਿਲਾਂ ਕੈਂਸਰ ਕਾਰਨ ਮੌਤ ਹੋ ਚੁੱਕੀ ਸੀ ਅਤੇ ਭਰਾ ਨਾਲ ਵੀ ਉਸ ਦੇ ਸਬੰਧ ਕੋਈ ਚੰਗੇ ਨਹੀਂ ਸਨ। ਉਹ ਸੋਸ਼ਲ ਮੀਡੀਆ ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਸੀ । ਮੌਤ ਵਾਲੇ ਦਿਨ ਤੱਕ ਉਸ ਦੇ3 ਲੱਖ 83 ਹਜ਼ਾਰ ਤੋਂ ਜਿਆਦਾ ਫਾਲੋਅਰ ਸਨ ਜਿੰਨ੍ਹਾਂ ਦੀ ਗਿਣਤੀ ਕਤਲ ਕਾਰਨ ਚਰਚਾ ਵਿੱਚ ਆਉਣ ਕਰਕੇ 4 ਲੱਖ 15 ਹਜ਼ਾਰ ਤੱਕ ਪੁੱਜ ਚੁੱਕੀ ਹੈ ਜਦੋਂਕਿ ਉਸ ਨੇ ਸਿਰਫ 43 ਲੋਕਾਂ ਨੂੰ ਫਾਲੋ ਕੀਤਾ ਹੋਇਆ ਹੈ। ਉਸ ਦੇ ਮਾਨਤਾ ਪ੍ਰਾਪਤ ਅਕਾਊਂਟ ਤੇ ਕਰੀਬ ਸਾਢੇ 13 ਸੌ ਪੋਸਟਾਂ ਪਾਈਆਂ ਹੋਈਆਂ ਹਨ।
ਜਾਣਕਾਰੀ ਅਨੁਸਾਰ ਸਾਲ 2020 ’ਚ ਕਮਲ ਕੌਰ ਭਾਬੀ ਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ ਸੀ। ਸਾਲ 2021 ਵਿੱਚ ਉਸ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਪਰੋਸਣੀ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਤੇਜੀ ਨਾਲ ਪਛਾਣ ਮਿਲਣੀ ਸ਼ੁਰੂ ਹੋਈ ਅਤੇ ਉਹ ਦੇਖਦਿਆਂ ਹੀ ਦੇਖਦਿਆਂ ਮਸ਼ਹੂਰ ਹੋ ਗਈ ਸੀ। ਫੇਸਬੁੱਕ ,ਯੂਟਿਊਬ ,ਇੰਸਟਗ੍ਰਾਮ ਅਤੇ ਸਨੈਪਚੈਟ ਤੇ ਵੀ ਕਮਲ ਕੌਰ ਭਾਬੀ ਦੇ ਚਹੇਤਿਆਂ ਦੀ ਗਿਣਤੀ ਕਾਫੀ ਵੱਡੀ ਸੀ। ਇਸ ਦੇ ਬਾਵਜੂਦ ਇਤਰਾਜਯਗ ਵੀਡੀਓ ਅਤੇ ਰੀਲ੍ਹਾਂ ਕਮਲ ਕੌਰ ਭਾਬੀ ਨੂੰ ਲੈ ਬੈਠੀਆਂ ਅਤੇ ਉਸ ਦਾ ਅੰਤ ਕਾਫੀ ਭਿਆਨਕ ਹੋਇਆ ਹੈ। ਕਮਲ ਕੌਰ ਦੀ ਲਾਸ਼ ਪੁਲਿਸ ਨੂੰ ਇੱਕ ਕਾਰ ਚੋ ਮਿਲੀ ਸੀ ਜੋਕਿ ਐਨੀ ਬੁਰੀ ਤਰਾਂ ਸੜ ਚੁੱਕੀ ਸੀ ਕਿ ਮ੍ਰਿਤਕ ਸ਼ਰੀਰ ਨੂੰ ਲੁਧਿਆਣਾ ਲਿਜਾਣਾ ਮੁਸ਼ਕਲ ਸੀ। ਇਸ ਕਰਕੇ ਹੀ ਕਮਲ ਕੌਰ ਦੀ ਚਿਤਾ ਨੂੰ ਅਗਨੀ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਦੇਣੀ ਪਈ।
.jpg)
ਅੰਤਿਮ ਪੋਸਟ 9 ਜੂਨ ਨੂੰ ਪਾਈ
ਕਮਲ ਕੌਰ ਭਾਬੀ ਨੇ ਆਪਣੀ ਆਖਰੀ ਪੋਸਟ 9 ਜੂਨ ਨੂੰ ਪਾਈ ਸੀ ਜਦੋਂਕਿ ਆਮ ਤੌਰ ਤੇ ਉਹਇੱਕ ਦਿਨ ’ਚ ਦੋ ਦੋ ਪੋਸਟਾਂ ਪਾਉਂਦੀ ਰਹਿੰਦੀ ਸੀ। ਸੈਲਫੀ ਰੂਪੀ ਆਖਰੀ ਪੋਸਟ ’ਚ ਉਸ ਦੀਆਂ ਅੱਖਾਂ ਨਮ ਸਨ ਅਤੇ ਚਿਹਰਾ ਉਦਾਸ ਦਿਖਾਈ ਦੇ ਰਿਹਾ ਸੀ। ਉਸਨੇ ਲਿਖਿਆ ਨੋ ਲਵ ਨੌ ਇਮੋਸ਼ਨ.. ਬਚਿਆ ਸਿਰਫ ਸ਼ੱਕ, ਸ਼ੱਕ, ਸ਼ੱਕ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹ ਨਜ਼ਰ ਨਹੀਂ ਆਈ । ਪੁਲਿਸ ਅਨੁਸਾਰ 9 ਜੂਨ ਨੂੰ ਰਾਤ ਵਕਤ ਤਾਂ ਕਮਲ ਕੌਰ ਦੀ ਹੱਤਿਆ ਹੀ ਕਰ ਦਿੱਤੀ ਗਈ ਸੀ।
ਹਮੇਸ਼ਾ ਵਿਵਾਦਾਂ ’ਚ ਰਹੀ ਕਮਲ
ਕੁੱਝ ਸਮਾਂ ਪਹਿਲਾਂ ਉਸ ਵੱਲੋਂ ਪਾਈਆਂ ਜਾਂਦੀਆਂ ਇਤਰਾਜਯੋਗ ਪੋਸਟਾਂ ਕਾਰਨ ਕਮਲ ਕੌਰ ਭਾਬੀ ਦੀ ਸਿੱਖ ਜੱਥੇਬੰਦੀਆਂ ਨਾਲ ਵਿਵਾਦ ਹੋ ਗਿਆ ਸੀ। ਜੱਥੇਬੰਦੀਆਂ ਨੇ ਕਮਲ ਕੌਰ ਭਾਬੀ ਨੂੰ ਆਪਣੇ ਨਾਮ ਨਾਲੋਂ ਕੌਰ ਸ਼ਬਦ ਹਟਾਉਣ ਦੀ ਚਿਤਾਵਨੀ ਦਿੱਤੀ ਸੀ। ਕਰੀਬ 7 ਮਹੀਨੇ ਪਹਿਲਾਂ ਕੈਨੇਡਾ ਸਥਿਤ ਖਾਲਿਸਤਾਨੀ ਅੱਤਵਦੀ ਅਰਸ਼ ਡੱਲਾ ਦੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ’ਚ ਉਹ ਕਮਲ ਕੌਰ ਨੂੰ ਧਮਕੀ ਦਿੰਦਿਆਂ ਆਖਦਾ ਹੈ ,ਇਹ ਕੁੜੀ ਸੋਸ਼ਲ ਮੀਡੀਆ ਤੇ ਗੰਦ ਪਾਉਂਦੀ ਹੈ। ਜੇਕਰ ਇੰਨ੍ਹਾਂ ਦੇ ਪ੍ਰੀਵਾਰ ਦਾ ਇੱਕ ਮਰ ਜਏਗਾ ਤਾਂ ਕੋਈ ਫਰਕ ਨਹੀਂ ਪੈਣਾ ਹੈ। ਕਮਲ ਅਕਸਰ ਸੋਸ਼ਲ ਮੀਡੀਆ ਲਾਈਵ ਰਾਹੀਂ ਆਪਣੇ ਪ੍ਰੀਵਾਕ ਮੈਂਬਰਾਂ ਨੂੰ ਗਾਹਲਾਂ ਕੱਢਦੀ ਅਤੇ ਖੁਦ ਵੱਲੋਂ ਕੀਤੇ ਸੰਘਰਸ਼ ਸਾਂਝੇ ਕਰਦੀ ਸੀ।
Click to Follow Babushahi Facebook page →