ਨਗਰ ਨਿਗਮ ਦੇ 100 ਕਰੋੜੀ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇਣ ਲਈ ਇੱਕ ਮੋਰੀ ਨਿਕਲੇ ਕੌਂਸਲਰ ਮੋਹਰ
ਮੇਅਰ ਪਦਮਜੀਤ ਮਹਿਤਾ ਦੀ ਅਗਵਾਈ ਹੇਠ ਅਹਿਮ ਫੈਸਲੇ
ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2026 :ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਦੂਜੇ ਕਾਰਜਕਾਲ ਦੀ ਦੂਜੀ ਜਨਰਲ ਹਾਊਸ ਮੀਟਿੰਗ ਅੱਜ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਲਵਜੀਤ ਕਲਸੀ ਦੀ ਮੌਜੂਦਗੀ ਵਿੱਚ ਕਰਵਾਈ ਗਈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਅਹਿਮ ਏਜੰਡਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਮਾਲਵਾ ਖੇਤਰ ਦਾ ਇਤਿਹਾਸਕ ਅਤੇ ਪ੍ਰਮੁੱਖ ਸ਼ਹਿਰ ਹੈ, ਜਦਕਿ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਬਠਿੰਡਾ ਅਤੇ ਸਰੀ ਦਰਮਿਆਨ ਆਪਸੀ ਭਾਈਚਾਰਕ ਸਾਂਝ, ਸੱਭਿਆਚਾਰਕ ਅਦਾਨ-ਪ੍ਰਦਾਨ, ਵਪਾਰ, ਸਿੱਖਿਆ ਅਤੇ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਿਸਟਰ ਸਿਟੀ ਸਮਝੌਤਾ ਸਥਾਪਤ ਕਰਨ ਦੀ ਪੇਸ਼ਕਸ਼ ਨੂੰ ਜਨਰਲ ਹਾਊਸ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਰਾਹੀਂ ਦੋਵਾਂ ਸ਼ਹਿਰਾਂ ਦਰਮਿਆਨ ਸ਼ਹਿਰੀ ਯੋਜਨਾਬੰਦੀ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਵਿੱਚ ਕੂੜਾ ਪ੍ਰਬੰਧਨ, ਜਲ ਸਪਲਾਈ, ਸੀਵਰੇਜ ਪ੍ਰਬੰਧ ਅਤੇ ਸਮਾਰਟ ਸਿਟੀ ਤਕਨੀਕਾਂ ਨਾਲ ਸਬੰਧਤ ਤਜਰਬੇ ਅਤੇ ਤਕਨੀਕ ਸਾਂਝੀ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ, ਅਧਿਆਪਕਾਂ, ਕਲਾਕਾਰਾਂ ਅਤੇ ਨੌਜਵਾਨਾਂ ਦੇ ਆਪਸੀ ਦੌਰਿਆਂ ਰਾਹੀਂ ਸੱਭਿਆਚਾਰਕ ਅਤੇ ਵਿੱਦਿਅਕ ਅਦਾਨ-ਪ੍ਰਦਾਨ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।ਮੇਅਰ ਨੇ ਕਿਹਾ ਕਿ ਸਿਸਟਰ ਸਿਟੀ ਸਬੰਧਾਂ ਰਾਹੀਂ ਸਥਾਨਕ ਉਦਯੋਗਾਂ, ਖੇਤੀਬਾੜੀ ਆਧਾਰਿਤ ਕਾਰੋਬਾਰਾਂ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੈਨੇਡਾ ਵਿੱਚ ਵੱਸਦੇ ਪ੍ਰਵਾਸੀ ਭਾਰਤੀ ਪਰਿਵਾਰਾਂ ਦਾ ਆਪਣੇ ਪਿੱਤਰੀ ਸ਼ਹਿਰ ਬਠਿੰਡਾ ਨਾਲ ਜੁੜਾਅ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲ ਬਠਿੰਡਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੇਂ ਮੌਕਿਆਂ ਨਾਲ ਜੋੜਨ ਦੀ ਦਿਸ਼ਾ ਵਿੱਚ ਅਹਿਮ ਕਦਮ ਸਾਬਤ ਹੋ ਸਕਦੀ ਹੈ।
ਮੇਅਰ ਮਹਿਤਾ ਨੇ ਦੱਸਿਆ ਕਿ ਜਨਰਲ ਹਾਊਸ ਦੀ ਮੀਟਿੰਗ ਵਿੱਚ ਗੁਰੂ ਨਾਨਕ ਨਗਰ, ਹਰਦੇਵ ਨਗਰ ਅਤੇ ਖੱਦਰ ਭੰਡਾਰ ਵਾਲੀ ਗਲੀ ਵਿੱਚ ਪਾਣੀ ਦੇ ਆਰ.ਓ. ਪਲਾਂਟ ਲਗਾਉਣ ਦਾ ਏਜੰਡਾ ਪਾਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸ.ਟੀ.ਪੀ. ਦੀ ਪੁਰਾਣੀ ਮਸ਼ੀਨਰੀ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਮੇਹਣਾ ਬਸਤੀ ਅਤੇ ਉਧਮ ਸਿੰਘ ਨਗਰ ਵਿੱਚ ਨਵੇਂ ਡਿਸਪੋਜ਼ਲ ਲਗਾਏ ਜਾਣਗੇ, ਜਿਸ ਨਾਲ ਸਬੰਧਤ ਇਲਾਕਿਆਂ ਵਿੱਚ ਸੀਵਰੇਜ ਪ੍ਰਬੰਧ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਪੋਰਟਸ ਅਰੀਨਾ ਵਿਕਸਿਤ ਕੀਤੇ ਜਾਣਗੇ। ਸ਼ਹਿਰ ਦੇ ਪਾਰਕਾਂ ਵਿੱਚ ਬੱਚਿਆਂ ਲਈ ਖੇਡਣ ਵਾਲੇ ਸਾਜ਼ੋ-ਸਾਮਾਨ ਲਗਾਏ ਜਾਣਗੇ ਅਤੇ ਪਾਰਕਾਂ ਵਿੱਚ ਓਪਨ ਏਅਰ ਜਿਮ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕਲਾਕ ਟਾਵਰ ਦੇ ਨਿਰਮਾਣ ਅਤੇ ਸਿਵੀਆਂ ਰੋਡ ’ਤੇ ਨਵੇਂ ਪਾਰਕ ਦੇ ਨਿਰਮਾਣ ਸਬੰਧੀ ਏਜੰਡਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਹਾਜੀ ਰਤਨ ਚੌਕ ਦੇ ਨੇੜੇ ਸਵਾਗਤੀ ਗੇਟ ਅਤੇ ਟੀਚਰ ਕਲੋਨੀ ਵਿੱਚ ਐਂਟਰੀ ਗੇਟ ਬਣਾਉਣ ਸਬੰਧੀ ਏਜੰਡੇ ਨੂੰ ਵੀ ਹਾਊਸ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜਨਤਾ ਨਗਰ ਵਿੱਚ ਸੁਵਿਧਾ ਕੇਂਦਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੀਰ ਕਲੋਨੀ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਜਾਵੇਗਾ ਅਤੇ ਸ਼ਹਿਰ ਵਿੱਚ ਕਰੀਬ 10 ਰੇਨ ਵਾਟਰ ਰੀਚਾਰਜ ਪੁਆਇੰਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਜ਼ਮੀਨ ਵਿੱਚ ਰੀਚਾਰਜ ਕਰਨ ਲਈ ਨਗਰ ਨਿਗਮ ਵੱਲੋਂ ਭਵਿੱਖ ਵਿੱਚ ਵੀ ਇਸ ਦਿਸ਼ਾ ਵਿੱਚ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇਗਾ।ਮੇਅਰ ਨੇ ਕਿਹਾ ਕਿ ਧੋਬੀਆਣਾ ਬਸਤੀ ਅਤੇ ਰਾਣੀ ਬਾਗ ਵਿੱਚ ਪਹਿਲੀ ਵਾਰ ਸੀਵਰੇਜ ਅਤੇ ਵਾਟਰ ਸਪਲਾਈ ਪਾਈਪਲਾਈਨ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਦੀ ਲੋੜ ਮਹਿਸੂਸ ਕਰ ਰਹੇ ਇਲਾਕਿਆਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਨਗਰ ਨਿਗਮ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ।
ਇਸ ਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਸੁੰਦਰੀਕਰਨ, ਨਵੀਆਂ ਸੜਕਾਂ ਦੇ ਨਿਰਮਾਣ, ਪ੍ਰੀਮਿਕਸ ਕੰਮ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਅਤੇ ਵਾਟਰ ਸਪਲਾਈ ਸਮੇਤ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਪ੍ਰਾਜੈਕਟਾਂ ਨੂੰ ਵੀ ਹਾਊਸ ਵੱਲੋਂ ਮਨਜ਼ੂਰੀ ਦਿੱਤੀ ਗਈ।ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਉਦੇਸ਼ ਸਿਰਫ਼ ਸੜਕਾਂ ਅਤੇ ਗਲੀਆਂ ਦਾ ਨਿਰਮਾਣ ਕਰਨਾ ਹੀ ਨਹੀਂ, ਸਗੋਂ ਬਠਿੰਡਾ ਨੂੰ ਇੱਕ ਆਧੁਨਿਕ, ਸੁੰਦਰ, ਸਾਫ਼-ਸੁਥਰਾ ਅਤੇ ਸਹੂਲਤਾਂ ਨਾਲ ਲੈਸ ਸ਼ਹਿਰ ਵਜੋਂ ਵਿਕਸਿਤ ਕਰਨਾ ਹੈ। ਇਸੇ ਸੋਚ ਤਹਿਤ ਜਨਰਲ ਹਾਊਸ ਵਿੱਚ ਪਾਣੀ, ਸੀਵਰੇਜ, ਸੜਕਾਂ, ਪਾਰਕਾਂ, ਖੇਡਾਂ, ਵਾਤਾਵਰਣ, ਬਰਸਾਤੀ ਪਾਣੀ ਦੀ ਸੰਭਾਲ ਅਤੇ ਸ਼ਹਿਰੀ ਸਹੂਲਤਾਂ ਨਾਲ ਸਬੰਧਤ ਵੱਖ-ਵੱਖ ਪ੍ਰਸਤਾਵ ਲਿਆਂਦੇ ਗਏ ਹਨ।ਉਨ੍ਹਾਂ ਕਿਹਾ ਕਿ ਹਾਊਸ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਰੀਬ 100 ਕਰੋੜ ਰੁਪਏ ਦੇ ਵਿਕਾਸ ਏਜੰਡਿਆਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਮਿਲਣਾ ਸ਼ਹਿਰ ਦੇ ਵਿਕਾਸ ਲਈ ਅਹਿਮ ਕਦਮ ਹੈ। ਨਗਰ ਨਿਗਮ ਵੱਲੋਂ ਮਨਜ਼ੂਰ ਕੀਤੇ ਪ੍ਰਾਜੈਕਟਾਂ ਨੂੰ ਨਿਰਧਾਰਤ ਪ੍ਰਕਿਰਿਆ ਤਹਿਤ ਅੱਗੇ ਵਧਾਉਂਦਿਆਂ ਸਮੇਂ ਸਿਰ ਮੁਕੰਮਲ ਕਰਨ ਲਈ ਯਤਨ ਕੀਤੇ ਜਾਣਗੇ।ਮੀਟਿੰਗ ਦੌਰਾਨ ਕੌਂਸਲਰਾਂ ਵੱਲੋਂ ਵੀ ਆਪਣੇ-ਆਪਣੇ ਵਾਰਡਾਂ ਨਾਲ ਸਬੰਧਤ ਵਿਕਾਸ ਕਾਰਜਾਂ ਸਬੰਧੀ ਸੁਝਾਅ ਪੇਸ਼ ਕੀਤੇ ਗਏ। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਵਾਰਡ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਬਠਿੰਡਾ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ।
- Download Babushahi App
-
-