ਤਰਨ ਤਾਰਨ: ਨਸ਼ਾ ਤਸਕਰਾਂ ਅਤੇ ਗ੍ਰੰਥੀ ਸਿੰਘ ਵਿਚਾਲੇ ਝਗੜਾ, ਦੋਵੇਂ ਧਿਰਾਂ ਹਸਪਤਾਲ 'ਚ ਦਾਖਲ
ਬਲਜੀਤ ਸਿੰਘ
ਪੱਟੀ (ਤਰਨ ਤਾਰਨ), 6 ਮਈ 2025 : ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੱਕਿਆਂਵਾਲੀ 'ਚ ਨਸਾ ਤਸਕਰਾਂ ਅਤੇ ਗ੍ਰੰਥੀ ਸਿੰਘ ਵਿਚਾਲੇ ਵਾਪਰੇ ਝਗੜੇ ਨੇ ਪਿੰਡ 'ਚ ਤਣਾਅ ਪੈਦਾ ਕਰ ਦਿੱਤਾ। ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ ਹਨ ਅਤੇ ਹਸਪਤਾਲ 'ਚ ਦਾਖਲ ਹਨ। ਮਾਮਲਾ ਪੁਲਿਸ ਠਾਣੇ ਤੱਕ ਪਹੁੰਚ ਗਿਆ ਹੈ।
ਕੀ ਹੋਇਆ ਘਟਨਾ ਸਥਾਨ 'ਤੇ?
ਪਿੰਡ ਵਾਸੀ ਮਨੋਹਰ ਸਿੰਘ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਸਦੇ ਗਵਾਡ ਵਿੱਚ ਰਹਿੰਦੇ ਗ੍ਰੰਥੀ ਸਿੰਘ, ਅਮਰੀਕ ਸਿੰਘ ਨੇ ਉਸਦੇ ਘਰ 'ਤੇ ਇੱਟਾਂ-ਰੋੜੇ ਚਲਾਏ ਅਤੇ ਘਰ ਦਾ ਸਮਾਨ ਤੋੜ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਦੂਜੇ ਪਾਸੇ, ਗ੍ਰੰਥੀ ਸਿੰਘ ਅਮਰੀਕ ਸਿੰਘ ਨੇ ਦੋਸ਼ ਲਾਇਆ ਕਿ ਮਨੋਹਰ ਸਿੰਘ ਦੇ ਲੜਕੇ ਨਸਾ ਵੇਚਣ ਦਾ ਧੰਦਾ ਕਰਦੇ ਹਨ, ਜਿਸ ਕਰਕੇ ਪੁਲਿਸ ਨੇ ਉਨ੍ਹਾਂ ਦੇ ਘਰ 'ਤੇ ਛਾਪਾ ਮਾਰਿਆ ਸੀ। ਗ੍ਰੰਥੀ ਸਿੰਘ ਨੇ ਦੱਸਿਆ ਕਿ ਉਹਨਾਂ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਅਤੇ ਉਹ ਇਨਸਾਫ਼ ਦੀ ਮੰਗ ਕਰਦੇ ਹਨ।
ਹਸਪਤਾਲ ਅਤੇ ਪੁਲਿਸ ਦੀ ਕਾਰਵਾਈ
ਮੀਆਂਵਿੰਡ ਹਸਪਤਾਲ ਦੇ ਡਾਕਟਰ ਗੁਰਪਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਮਨੋਹਰ ਸਿੰਘ ਅਤੇ ਉਸ ਦੀ ਪਤਨੀ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਦੀ ਰਿਪੋਰਟ ਪੁਲਿਸ ਠਾਣੇ ਭੇਜ ਦਿੱਤੀ ਗਈ ਹੈ।
ਇਸ ਮਾਮਲੇ ਸੰਬੰਧੀ, ਠਾਣਾ ਵੈਰੋਵਾਲ ਦੇ ਐਸਐਚਓ ਨਰੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।