ਤਰਕਸ਼ੀਲ ਸੋਸਾਇਟੀ ਰਾਮਪੁਰਾ ਨੇ ਬੱਸ ਅੱਡਾ ਮਲੋਟ ਰੋਡ ਤੇ ਲਿਜਾਣ ਦਾ ਵਿਰੋਧ ਦਰਜ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,8 ਜੁਲਾਈ2025: ਤਰਕਸ਼ੀਲ ਸੋਸਾਇਟੀ ਇਕਾਈ ਰਾਮਪੁਰਾ ਨੇ ਬਠਿੰਡਾ ਦੇ ਬੱਸ ਅੱਡੇ ਨੂੰ ਤਬਦੀਲ ਕਰਨ ਦੀ ਤਜਵੀਜ ਦਾ ਸਖਤ ਵਿਰੋਧ ਦਰਜ ਕਰਵਾਇਆ ਹੈ। ਤਰਕਸ਼ੀਲ ਸੁਸਾਇਟੀ ਦੇ ਆਗੂਆਂ ਤੇਜ ਸਿੰਘ ਮਾਫੀਦਾਰ, ਜੰਟਾ ਸਿੰਘ, ਫਕੀਰ ਚੰਦ, ਗਗਨ ਕਾਂਗੜ, ਸੁਰਜੀਤ ਸਿੰਘ, ਸੁਖਮੰਦਰ ਸਿੰਘ, ਗਗਨ ਰਾਮਪੁਰਾ, ਗੁਰਮੇਲ ਸਿੰਘ, ਬੰਤ ਭੁੰਦੜ, ਮਿਹਰ ਚੰਦ ਬਾਹੀਆ, ਜਗਦੇਵ ਸਿੰਘ ਅਤੇ ਮੇਜਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਲੋਕ ਵਿਰੋਧੀ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਕਾਰਨ ਹੁਣ ਕਈ ਪਾਸਿਆਂ ਤੋਂ ਆਮ ਲੋਕਾਂ ਦੀ ਆਰਥਿਕ ਹਾਲਤ ਖਰਾਬ ਹੋਣ ਦੀ ਰਫਤਾਰ ਲਗਾਤਾਰ ਤਿੱਖੀ ਹੁੰਦੀ ਜਾ ਰਹੀ ਹੈ ਜਿਸ ਦੀ ਇਹ ਪੁਖਤਾ ਮਿਸਾਲ ਹੈ ਕਿ ਮੌਜੂਦਾ ਬੱਸ ਅੱਡਾ ਮਲੋਟ ਰੋਡ ਉਪਰ ਲਿਜਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਰਾਮਪੁਰਾ ਫੂਲ ਅਤੇ ਹੋਰ ਇਲਾਕਿਆਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਅਦਾਲਤ, ਮਿੰਨੀ ਸਕੱਤਰੇਤ, ਰਜਿੰਦਰਾ ਕਾਲਜ, ਡੀਏਵੀ ਕਾਲਜ, ਸਰਕਾਰੀ ਹਸਪਤਾਲ, ਧੋਬੀ ਬਾਜ਼ਾਰ, ਮਾਲ ਰੋਡ ਅਤੇ ਹੋਰ ਬਾਜ਼ਾਰ, ਰੇਲਵੇ ਸਟੇਸ਼ਨ, ਸਟੇਡੀਅਮ ਸਭ ਕੁਝ ਜਾਣ ਲਈ ਵੱਧ ਸਮਾਂ ਅਤੇ ਵੱਧ ਰੁਪਏ ਲੱਗਣਗੇ ।
ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ, ਟੈਕਸੀਆਂ, ਨਿਜੀ ਕਾਰਾਂ ਆਦਿ ਵਧਣਗੇ ਜਿਸ ਨਾਲ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ । ਨਵਾਂ ਬੱਸ ਅੱਡਾ ਲੋਕਾਂ ਨੂੰ ਸਹੂਲਤ ਦੇਣ ਲਈ ਨਹੀਂ, ਅਸਲ ਵਿੱਚ ਇਹ ਤਜਵੀਜ, ਨਵੇਂ ਬੱਸ ਅੱਡੇ ਦੇ ਨੇੜੇ ਵਾਲੇ ਭੂ ਮਾਫੀਆ ਦੀ ਜਮੀਨਾਂ ਦੇ ਰੇਟਾਂ ਵਿੱਚ ਵਾਧਾ ਕਰਨ ਲਈ ਹੈ । ਜਿਸ ਲਈ ਸਾਰੇ ਬਠਿੰਡੇ ਜਿਲੇ ਦੇ ਲੋਕਾਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ । ਸਰਮਾਏਦਾਰ ਪੱਖੀ ਨੀਤੀਆਂ ਲੋਕ ਸਹੂਲਤਾਂ ਉੱਤੇ ਕਾਟਾ ਤਾਂ ਮਾਰਦੀਆਂ ਹੀ ਹਨ, ਇਸ ਤੋਂ ਵੀ ਅੱਗੇ ਸਰਮਾਏਦਾਰੀ ਨੂੰ ਲਾਹਾ ਪਹੁੰਚਾਉਣ ਲਈ ਲੋਕਾਂ ਨੂੰ ਤੰਗ ਪਰੇਸ਼ਾਨ, ਖੱਜਲ ਖੁਆਰ ਕਰਨਾ ਹੋਵੇ ਤਾਂ ਵੀ ਸੰਚੋਕ ਨਹੀ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਨਵੇਂ ਬਸ ਅੱਡੇ ਦੀ ਤਜਵੀਜ ਇਸਦੀ ਇੱਕ ਪ੍ਰਤੱਖ ਤੇ ਸਪਸ਼ਟ ਉਦਾਹਰਣ ਹੈ । ਬਸ ਅੱਡੇ ਦੀ ਤਬਦੀਲੀ ਦੀ ਤਜਵੀਜ ਸਮੁੱਚੇ ਲੋਕਾਂ ਦੇ ਵਿਰੁੱਧ ਹੈ ਜਿਸ ਨੂੰ ਆਮ ਆਦਮੀ ਦੇ ਹਿੱਤਾਂ ਨੂੰ ਦੇਖਦਿਆਂ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ।