ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁੰਨ ਗ੍ਰਿਫਤਾਰ
ਬੇਗਮਪੁਰੇ ਦੀ ਉਸਾਰੀ ਲਈ ਬੀੜ ਐਸ਼ਵਾਨ ਹਰ ਹਾਲਤ ਵਿੱਚ ਪਹੁੰਚਣਗੇ ਮਜ਼ਦੂਰ: ਮੁਕੇਸ਼ ਮਲੌਦ, ਬਿੱਕਰ ਹਥੋਆ
ਦਲਜੀਤ ਕੌਰ
ਸੰਗਰੂਰ, 19 ਮਈ, 2025: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲੈਂਡ ਸੀਲਿੰਗ ਤੋਂ ਉੱਪਰਲੀ ਜਮੀਨ ਲਈ ਵਿਡੇ ਸੰਘਰਸ਼ ਤਹਿਤ ਪਿੰਡ ਬੀੜ ਐਸ਼ਵਾਨ ਵਿੱਚ ਜੀਂਦ ਦੇ ਸਰਦਾਰ ਦੀ 927 ਏਕੜ ਜਮੀਨ ਵਿੱਚ ਬੇਗਮਪੁਰਾ ਉਸਾਰਨ ਦੇ ਸੱਦੇ ਤਹਿਤ ਕੱਲ ਸਵੇਰ ਤੋਂ ਹੀ ਜਥੇਬੰਦੀ ਦੇ ਆਗੂਆਂ ਅਤੇ ਕਾਰਕੁਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਸੈਂਕੜੇ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾਈ ਆਗੂ ਹੰਸਰਾਜ ਪੱਬਵਾ ਸਮੇਤ ਕਈ ਹੋਰ ਆਗੂਆਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸਖ਼ਤ ਨਿਖੇਧੀ ਕੀਤੀ ਹੈ।
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਧਰਮਵੀਰ ਸਿੰਘ ਅਤੇ ਖਜਾਨਚੀ ਬਿਕਰ ਸਿੰਘ ਹਥੋਆ ਨੇ ਦੱਸਿਆ ਕਿ ਜਥੇਬੰਦੀ ਵੱਲੋਂ 20 ਮਈ ਨੂੰ ਪਿੰਡ ਬੀੜ ਐਸ਼ਵਾਨ ਵਿੱਚ ਬੇਗਮਪੁਰੇ ਦੀ ਉਸਾਰੀ ਦਾ ਟੀਚਾ ਮਿਥਿਆ ਸੀ, ਜਿਸ ਲਈ ਲਗਭਗ 200 ਪਿੰਡਾਂ ਤੋਂ ਲੋਕ ਆ ਰਹੇ ਹਨ ।ਪ੍ਰੰਤੂ ਭਗਵੰਤ ਮਾਨ ਦੀ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ ਉਹ ਦਲਿਤਾਂ ਦੇ ਪੱਖ ਵਿੱਚ ਖੜਨ ਦੀ ਥਾਂ ਹਰਿਆਣੇ ਦੇ ਸਰਦਾਰ ਦੇ ਪੱਖ ਵਿੱਚ ਜਾ ਖੜੀ ਹੋਈ ਹੈ ਉਸ ਨੇ ਮਜ਼ਦੂਰਾਂ ਦੇ ਘਰਾਂ ਤੇ ਪੁਲਿਸ ਦੀਆਂ ਧਾੜਾਂ ਚਾੜ ਦਿੱਤੀਆਂ ਹਨ। ਆਗੂਆਂ ਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ। ਇਸ ਦੇ ਬਾਵਜੂਦ ਲੋਕਾਂ ਦੇ ਇਰਾਦੇ ਦ੍ਰਿੜ ਹਨ ਤੇ ਉਹ ਅੱਜ ਪਿੰਡਾਂ ਵਿੱਚੋਂ ਕਾਫਲੇ ਬੰਨ ਕੇ ਪਿੰਡ ਬੀੜ ਐਸ਼ਵਾਨ ਵਿੱਚ ਬੇਗਮਪੁਰੇ ਦੀ ਉਸਾਰੀ ਲਈ ਪਹੁੰਚਣਗੇ।
ਆਗੂਆਂ ਨੇ ਦੱਸਿਆ ਕਿ ਇਹ ਜਮੀਨ ਜੀਂਦ ਦੇ ਸਰਦਾਰ ਦੇ ਨਾਮ ਬੋਲਦੀ ਹੈ ਤੇ ਮਜ਼ਦੂਰਾਂ ਦਾ ਝਗੜਾ ਜੀਂਦ ਦੇ ਸਰਦਾਰ ਦੇ ਨਾਲ ਹੈ, ਪ੍ਰੰਤੂ ਪੰਜਾਬ ਸਰਕਾਰ ਸਰਦਾਰਾਂ ਦੀ ਰਾਖੀ ਲਈ ਪੱਬਾਂ ਭਰ ਹੋਈ ਪਈ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਗੀਤ ਗਾਉਂਦਾ ਸੀ ਕਿ 'ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇਹੜੇ' ਪ੍ਰੰਤੂ ਅੱਜ ਕੰਮੀਆਂ ਦੇ ਵਿਹੜਿਆਂ ਵਿੱਚ ਪੁਲਿਸ ਦੀਆਂ ਧਾੜਾਂ ਭੇਜ ਕੇ ਇਸ ਨੇ ਆਪਣਾ ਕਿਰਦਾਰ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਲੜਾਈ ਇੱਕ ਦਿਨ ਦੀ ਨਹੀਂ, ਇਹ ਕੋਈ ਚੰਡੀਗੜ੍ਹ ਦਾ ਮੋਰਚਾ ਨਹੀਂ ਹੈ ਇਹ ਲੰਬੀ ਲੜਾਈ ਹੈ ਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹਰ ਹਾਲਤ ਦੇ ਵਿੱਚ ਬੇਗਮਪੁਰੇ ਦੀ ਉਸਾਰੀ ਕਰਕੇ ਰਹੇਗੀ।