ਚੰਦਭਾਨ ਕਾਂਡ: ਵਿਧਾਇਕ ਦੀਆਂ ਅਰਥੀਆਂ ਸਾੜਨ ਮੌਕੇ 22 ਤੋਂ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ,19 ਮਈ 2025: ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਜ਼ਦੂਰਾਂ 'ਤੇ ਜ਼ਬਰ ਢਾਹੁਣ ਵਾਲੇ ਦੋਸ਼ੀਆਂ ਵਜੋਂ ਇਰਾਦਾ ਕਤਲ ਤੇ ਐਸ ਐਸ ਟੀ ਐਕਟ ਤਹਿਤ ਨਾਮਜ਼ਦ ਦੋਸ਼ੀਆਂ ਦੀ ਕਥਿਤ ਪੁਸ਼ਤਪਨਾਹੀ ਕਰ ਰਹੇ ਆਪ ਵਿਧਾਇਕ ਅਮੋਲਕ ਸਿੰਘ ਦੀਆਂ ਅਰਥੀਆਂ ਸਾੜਨ ਦੇ ਸੱਦੇ ਤਹਿਤ ਅੱਜ ਜੈਤੋ ਦੇ ਇਲਾਕੇ ਦੇ ਪਿੰਡ ਸੇਵੇਵਾਲਾ, ਕਰੀਰ ਵਾਲੀ,ਚੈਨਾ, ਤੇ ਦਬੜੀਖਾਨਾ ਚ ਆਪ ਵਿਧਾਇਕ ਦੀਆਂ ਅਰਥੀਆਂ ਸਾੜੀਆਂ ਗਈਆਂ।
ਇਸ ਮੌਕੇ ਜੁੜੇ ਇਕੱਠਾਂ ਨੂੰ ਐਕਸ਼ਨ ਕਮੇਟੀ ਦੇ ਆਗੂ ਗੁਰਪਾਲ ਸਿੰਘ ਨੰਗਲ, ਕਰਮਜੀਤ ਸਿੰਘ ਸੇਵੇਵਾਲਾ, ਕੁਲਦੀਪ ਸਿੰਘ ਚੰਦਭਾਨ ਤੇ ਸਿਕੰਦਰ ਸਿੰਘ ਅਜਿੱਤਗਿੱਲ ਨੇ ਦੋਸ਼ ਲਾਇਆ ਕਿ ਹਲਕਾ ਵਿਧਾਇਕ ਦੇ ਕਥਿਤ ਸਿਆਸੀ ਦਬਾਅ ਕਾਰਨ ਹੀ ਐਸ ਐਸ ਪੀ ਫਰੀਦਕੋਟ ਵੱਲੋਂ ਮਜ਼ਦੂਰ 'ਤੇ ਫਾਇਰਿੰਗ ਕਰਨ ,ਘਰਾਂ ਦੀ ਭੰਨਤੋੜ ਤੇ ਲੁੱਟ ਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਪੁਖਤਾ ਸਬੂਤਾਂ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਅਮੋਲਕ ਸਿੰਘ ਦੇ ਦਬਾਅ ਕਰਕੇ ਹੀ ਐਸ ਐਸ ਪੀ ਫਰੀਦਕੋਟ ਵੱਲੋਂ ਐਕਸ਼ਨ ਕਮੇਟੀ ਨਾਲ਼ ਕੀਤੇ ਸਮਝੌਤੇ ਤਹਿਤ ਮਜ਼ਦੂਰਾਂ ਖਿਲਾਫ ਦਰਜ਼ ਝੂਠੇ ਮੁਕੱਦਮੇ ਦੀ ਕੈਸਲੇਸ਼ਨ ਰਿਪੋਰਟ ਵਾਰ ਵਾਰ ਵਾਅਦੇ ਕਰਕੇ ਅਦਾਲਤ 'ਚ ਪੇਸ਼ ਨਹੀਂ ਕੀਤੀ ਜਾ ਰਹੀ ਹੈ।
ਉਹਨਾਂ ਆਖਿਆ ਕਿ ਅਮੋਲਕ ਸਿੰਘ ਨੇ ਐਸ ਸੀ ਭਾਈਚਾਰੇ ਚੋਂ ਹੋਣ ਦਾ ਲਾਹਾ ਖੱਟ ਕੇ ਤੇ ਮਜ਼ਦੂਰ ਭਾਈਚਾਰੇ ਨੂੰ ਗੁੰਮਰਾਹ ਕਰਕੇ ਵਿਧਾਇਕ ਦੀ ਕੁਰਸੀ ਤਾਂ ਹਾਸਿਲ ਕਰ ਲਈ ਪਰ ਇਸ ਤਾਕਤ ਦੀ ਵਰਤੋਂ ਉਹ ਆਪਣੇ ਹੀ ਭਾਈਚਾਰੇ ਨੂੰ ਗਮਦੂਰ ਸਿੰਘ ਵਰਗੇ ਪੇਂਡੂ ਧਨਾਢਾਂ ਹੱਥੋਂ ਕੁਟਾਉਣ ਤੇ ਜ਼ਲੀਲ ਕਰਾਉਣ ਲਈ ਕਰ ਰਿਹਾ ਹੈ । ਉਹਨਾਂ ਆਖਿਆ ਕਿ ਆਪ ਦਾ ਵਿਧਾਇਕ ਵੀ ਅਕਾਲੀ ਕਾਂਗਰਸੀ ਵਿਧਾਇਕਾਂ ਵਾਂਗ ਪੇਂਡੂ ਧਨਾਢ ਚੌਧਰੀਆਂ ਦੇ ਹੱਕ ਵਿੱਚ ਬੋਲ ਰਿਹਾ ਹੈ।
ਉਹਨਾਂ ਐਲਾਨ ਕੀਤਾ ਕਿ 20 ਤੇ 21 ਮਈ ਨੂੰ ਵੀ ਵਿਧਾਇਕ ਦੀਆਂ ਮਜ਼ਦੂਰ ਵਿਰੋਧੀ ਕਰਤੂਤਾਂ ਦਾ ਪੜਦਾਚਾਕ ਕਰਨ ਲਈ ਜ਼ਿਲੇ ਭਰ ਚ ਅਰਥੀਆਂ ਸਾੜੀਆਂ ਜਾਣਗੀਆਂਂ ਤੇ 22 ਮਈ ਤੋਂ ਐਸ ਐਸ ਪੀ ਦਫਤਰ ਫਰੀਦਕੋਟ ਵਿਖੇ ਧਰਨਾ ਸ਼ੁਰੂ ਕੀਤਾ ਜਾਵੇਗਾ। ਐਕਸ਼ਨ ਕਮੇਟੀ ਆਗੂਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਰੱਖੇ ਪ੍ਰੋਗਰਾਮ ਨੂੰ ਸਾਬੋਤਾਜ ਕਰਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰ ਆਗੂਆਂ ਦੀਆਂ ਗਿਰਫ਼ਤਾਰੀਆਂ ਤੇ ਛਾਪੇਮਾਰੀ ਦੀ ਨਿਖੇਧੀ ਕਰਦਿਆਂ ਇਸਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੱਤਾ।