ਸਾਊਥਾਲ 28 ਨਵੰਬਰ 2019: ਪਿਛਲੇ ਛੇ ਦਹਾਕਿਆਂ ਤੋਂ ਇੰਗਲੈਂਡ ਵੱਸਦੇ ਖੇਡਾਂ , ਸੰਗੀਤ ਤੇ ਹੋਰ ਵਡਮੁੱਲੀ ਵਿਰਾਸਤ ਦੇ ਲਿਖਤਾਂ ਤੇ ਵਸਤਾਂ ਚ ਸੰਭਾਲਕਾਰ ਸ: ਬਲਬੀਰ ਸਿੰਘ ਕੰਵਲ ਦੀ ਪ੍ਰਕਾਸ਼ਿਤ ਕੁਸ਼ਤੀਆਂ ਦੇ ਬੇਤਾਜ ਬਾਦਸ਼ਾਹ ਗਾਮਾ ਪਹਿਲਵਾਨ ਬਾਰੇ ਪ੍ਰਕਾਸ਼ਿਤ ਹੋ ਰਹੀ ਅੰਗਰੇਜ਼ੀ ਪੁਸਤਕ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸੱਰੀ (ਕੈਨੇਡਾ) ਤੋਂ ਆਏ ਚਿੰਤਰ ਤੇ ਵਿਰਾਸਤ ਫਾਉਂਡੇਸ਼ਨ ਦੇ ਸੰਚਾਲਕ ਸ: ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਹੈ ਕਿ ਭਾਰਤ ਪਾਕਿ ਦੀ ਸਾਂਝੀ ਕੁਸ਼ਤੀ ਵਿਰਾਸਤ ਦੇ ਮਹਾਨ ਥੰਮ ਗਾਮਾ ਪਹਿਲਵਾਨ ਬਾਰੇ ਅੰਗਰੇਜ਼ੀ ਤ ਛਪ ਰਹੀ ਇਹ ਕਿਤਾਬ ਸਿਰਫ਼ ਕੁਸ਼ਤੀਆਂ ਬਾਰੇ ਹੀ ਨਹੀਂ ਸਗੋਂ ਦੇਸ਼ ਵੰਡ ਤੋਂ ਪਹਿਲਾਂ ਦੀ ਸਰਬਸਾਂਝੀ ਮੁਹੱਬਤ ਤੇ ਇਕੱਠੇ ਜੀਣ ਮਰਨ ਦੀ ਬਾਤ ਵੀ ਪਾਵੇਗੀ।
ਉਨ੍ਹਾਂ ਕਿਹਾ ਕਿ ਸ: ਬਲਬੀਰ ਸਿੰਘ ਕੰਵਲ ਵੱਖਰੀ ਤੇ ਨਿਵੇਕਲੀ ਰਵਾਇਤ ਦੇ ਖੋਜੀ ਵਿਦਵਾਨ ਹਨ ਜਿੰਨ੍ਹਾਂ ਨੇ ਹਮੇਸ਼ਾਂ ਵੱਖਰੀ ਪਛਾਣ ਵਾਲੀ ਰਚਨਾ ਕੀਤੀ ਹੈ।
ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਇੰਗਲੈਂਡ ਦੌਰੇ ਤੇ ਆਏ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ: ਬਲਬੀਰ ਸਿੰਘ ਕੰਵਲ ਦੀ ਪ੍ਰਥਮ ਰਚਨਾ ਭਾਰਤ ਦੇ ਪਹਿਲਵਾਨ ਪੜ੍ਹਨ ਉਪਰੰਤ ਹੀ ਖੇਡ ਅਦਬ ਦਾ ਪਹੁ ਫੁਟਾਲਾ ਹੋਇਆ। ਇਸ ਕਿਤਾਬ ਨੂੰ ਮੈਂ 1970 ਚ ਪਹਿਲੀ ਵਾਰ ਪੜ੍ਹਿਆ ਸੀ ਤੇ ਹੁਣ ਤੀਕ ਉਸ ਦੇ ਕਿਰਦਾਰ ਚੇਤੇ ਹਨ। ਖੇਡਾਂ ਬਾਰੇ ਪਹਿਲਾ ਖੇਡ ਮੈਗਜ਼ੀਨ ਰੁਸਤਮ ਵੀ ਉਨ੍ਹਾਂ ਨੇ ਜਲੰਧਰ ਤੋਂ ਪ੍ਰਕਾਸ਼ਿਤ ਕਰਨਾ ਆਰੰਭਿਆ। ਮੈਨੂੰ ਇਸ ਵਿੱਚ ਛਪਣ ਦਾ ਸੁਭਾਗ ਤਾਂ ਨਹੀਂ ਮਿਲਿਆ ਪਰ ਇਸ ਵੱਲੋਂ ਪ੍ਰਕਾਸ਼ਿਤ ਕਿਤਾਬ ਪੰਜਾਬ ਕਬੱਡੀ ਦਾ ਇਤਿਹਾਸ ਦਾ ਰੀਵੀਊ ਕਰਨ ਦਾ ਮਾਣ ਜ਼ਰੂਰ ਮਿਲਿਆ। ਪੰਜਾਬ ਦੀ ਰਾਗੀ ਰਬਾਬੀ ਪਰੰਪਰਾ ਅਤੇ ਅੰਮ੍ਰਿਤਸਰ ਦੀ ਵਿਰਾਸਤ ਬਾਰੇ ਕਿਤਾਬਾਂ ਬਾਰੇ ਵੀ ਆਦਿ ਕਥਨ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ।
ਉਨ੍ਹਾਂ ਦੀ ਕਿਰਤ ਵਿਚੋਂ ਪੰਜਾਬ ਦੀ ਰੂਹ ਬੋਲਦੀ ਹੈ।
ਕਿਤਾਬ ਅਤੇ ਸ: ਬਲਬੀਰ ਸਿੰਘ ਕੰਵਲ ਦੀ ਅਜ਼ਮਤ ਬਾਰੇ ਡਾ: ਤਾਰਾ ਸਿੰਘ ਆਲਮ ਤੇ ਵਿਸ਼ਵ ਪ੍ਰਸਿੱਧ ਲੋਕ ਗਾਇਕ ਚੰਨੀ ਨੇ ਵੀ ਭਾਵਪੂਰਤ ਸ਼ਬਦ ਕਹੇ। ਡਾ: ਆਲਮ ਨੇ ਕਿਹਾ ਕਿ ਸ: ਕੰਵਲ ਆਜ਼ਾਦ ਤਬੀਅਤ ਦੇ ਲੇਖਕ ਹਨ ਜੋ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਧੁਰ ਅੰਦਰੋਂ ਜਾਣਦੇ ਹਨ। ਪੰਜਾਬ ਦੀਆਂ ਸੰਗੀਤਕਾਰ ਬਾਈਆਂ ਬਾਰੇ ਵੀ ਸਾਨੂੰ ਉਨ੍ਹਾਂ ਦੀ ਪੁਸਤਕ ਦੀ ਉਡੀਕ ਰਹੇਗੀ।
ਆਪਣੀਆਂ ਕਿਰਤਾਂ ਤੇ ਖੋਜ ਕਾਰਜਾਂ ਬਾਰੇ ਬੋਲਦਿਆਂ ਸ: ਬਲਬੀਰ ਸਿੰਘ ਕੰਵਲ ਨੇ ਕਿਹਾ ਕਿ ਪੰਜਾਬ ਕਲਾ ਸੰਭਾਲ ਪੱਖੋਂ ਅਵੇਸਲਾ ਸੂਬਾ ਹੈ ਜਿਸ ਦੀ ਵਿਰਾਸਤ ਵਿਸ਼ਵ ਨੂੰ ਹਿੱਕ ਥਾਪੜ ਕੇ ਦੱਸਣ ਯੋਗ ਹੈ ਪਰ ਸਾਡੇ ਅਦਾਰੇ, ਯੂਨੀਵਰਸਿਟੀਆ ਕੀਤੇ ਕੰਮ ਨੂੰ ਵੀ ਸੰਭਾਲਣ ਦੇ ਸਮਰੱਥ ਨਹੀਂ। ਵਿਰਾਸਤ ਫਾਉਂਡੇਸ਼ਨ ਦੀ ਪ੍ਰੇਰਨਾ ਤੇ ਸਿੰਘ ਬਰਦਰਜ਼ ਵਾਲੇ ਮਿੱਤਰ ਸ:ਗੁਰਸਾਗਰ ਸਿੰਘ ਦੀ ਹਲਾਸ਼ੇਰੀ ਸਦਕਾ ਮੈਂ ਕੀਤੀ ਖੋਜ ਨੂੰ ਉਮਰ ਦੇ ਆਖਰੀ ਪੜਾਅ ਤੇ ਸੰਭਾਲ ਰਿਹਾ ਹਾਂ