ਵਿਧਾਇਕ ਰੰਧਾਵਾ ਨੇ ਦੋ ਪਿੰਡਾਂ ਲਈ ਜਲ ਸਪਲਾਈ ਪ੍ਰੋਜੈਕਟ ਦੇ ਕੰਮ ਦੀ ਕਰਵਾਈ ਸ਼ੁਰੂਆਤ
ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਣ ਤੇ ਪਿੰਡ ਵਾਸੀਆਂ ਨੇ ਵਿਧਾਇਕ ਦਾ ਕੀਤਾ ਧੰਨਵਾਦ
ਮਲਕੀਤ ਸਿੰਘ ਮਲਕਪੁਰ
ਲਾਲੜੂ 24 ਅਕਤੂਬਰ 2025: ਹਲਕਾ ਡੇਰਾਬੱਸੀ ਦੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਨਾਬਾਰਡ-30 ਸਕੀਮ ਤਹਿਤ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ ਜਲ ਸਪਲਾਈ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜਿਸ ਉੱਤੇ ਕੁੱਲ ਲਾਗਤ 49.29 ਲੱਖ ਰੁਪਏ ਆਵੇਗੀ। ਸ. ਰੰਧਾਵਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ 235 ਮੀਟਰ ਡੂੰਘਾ 200 ਮਿਲੀਮੀਟਰ ਬੋਰ ਟਿਊਬਵੈੱਲ ਲਗਾਉਣਾ, ਇੱਕ ਪੰਪ ਚੈਂਬਰ ਦਾ ਨਿਰਮਾਣ, 25,000 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ, ਲਗਭਗ 700 ਮੀਟਰ ਪੀ ਵੀ ਸੀ ਪਾਈਪਲਾਈਨ ਵਿਛਾਉਣਾ ਅਤੇ 124 ਘਰੇਲੂ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕਰਨਾ ਸ਼ਾਮਿਲ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੇਂਡੂ ਖੇਤਰਾਂ ਵਿੱਚ ਹਰ ਘਰ ਨੂੰ ਸਾਫ਼ ਅਤੇ ਸਵੱਛ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਸ਼ੁੱਧ ਪਾਣੀ ਸਪਲਾਈ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਨੂੰ ਯਕੀਨੀ ਬਣਾਉਣਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਯੋਜਨਾਬੱਧ ਅਤੇ ਸਮਾਂਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਹਲਕੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੀਣ ਵਾਲੇ ਸਾਫ ਪਾਣੀ ਵਾਲੀ ਸਪਲਾਈ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਸੀ, ਜਿਸ ਨੂੰ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਯਤਨਾ ਸਦਕਾ ਬੂਰ ਪਿਆ ਹੈ। ਮੰਗ ਪੂਰੀ ਹੋਣ ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਦੀ ਸਮੁੱਚੀ ਟੀਮ ਹਾਜ਼ਰ ਸੀ।