ਬਿਨਾਂ ਪਰਾਲੀ ਸਾੜਿਆਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਿਸਾਨਾਂ ਲਈ ਮਿਸਾਲ ਬਣੇ ਭੂੰਦੜ ਦੇ ਕਿਸਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ 7 ਨਵੰਬਰ 2026 : ਅੱਜ ਦੇ ਦੌਰ ਵਿੱਚ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਹੀ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਇਸ ਸਮੱਸਿਆ ਦਾ ਹੱਲ ਕੱਢਦਿਆਂ ਮਿਸਾਲੀ ਪੁਲਾਂਘਾਂ ਪੁੱਟੀਆਂ ਹਨ। ਪਿੰਡ ਭੂੰਦੜ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸੁਪਰ ਸੀਡਰ ਦੀ ਮਦਦ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਸਮਾਜ ਲਈ ਇੱਕ ਨਵਾਂ ਰਾਹ ਖੋਲ੍ਹਿਆ ਹੈ।
ਪਿੰਡ ਭੂੰਦੜ ਦੇ ਅਗਾਂਹਵਧੂ ਕਿਸਾਨ ਅਮਲੋਕ ਸਿੰਘ, ਜੋ ਕਿ 10 ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਦੀ ਕਾਸ਼ਤ ਕਰਦੇ ਹਨ, ਨੇ ਇਸ ਵਾਰ ਸੁਪਰ ਸੀਡਰ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਨੋਡਲ ਅਫਸਰ ਪਰਮਜੀਤ ਸਿੰਘ ਅਤੇ ਹੋਲਦਾਰ ਜਗਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਅਮਲੋਕ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਗਾ ਰਹੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਜ਼ਮੀਨ ਦੇ ਮਿੱਤਰ ਕੀੜੇ ਅਤੇ ਉਪਜਾਊ ਤੱਤ ਨਸ਼ਟ ਹੁੰਦੇ ਹਨ, ਉੱਥੇ ਹੀ ਜ਼ਹਿਰੀਲਾ ਧੂੰਆਂ ਵਾਤਾਵਰਨ ਨੂੰ ਗੰਧਲਾ ਕਰਦਾ ਹੈ। ਉਹ ਖੁਦ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਬਣੀ ਰਹੇ ਅਤੇ ਧਰਤੀ ਮਾਂ ਦੀ ਸਿਹਤ ਕਾਇਮ ਰਹੇ।
ਇਸੇ ਹੀ ਤਰਾਂ ਜਗਸੀਰ ਸਿੰਘ ਵੱਲੋਂ 20 ਏਕੜ ਵਿੱਚ ਸਿੱਧੀ ਬਿਜਾਈ ਕਰਦਿਆ ਪਰਾਲੀ ਪ੍ਰਬੰਧਨ ਅਤੇ ਸਿੱਧੀ ਬਿਜਾਈ ਦੇ ਖੇਤਰ ਵਿੱਚ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਅੱਜ ਤੱਕ ਕਦੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ।
ਕਲਸਟਰ ਅਫਸਰ ਗੁਰਵਿੰਦਰ ਸਿੰਘ ਤੇ ਨੋਡਲ ਅਫਸਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ
ਪਿੰਡ ਭੂੰਦੜ ਦੇ ਕਿਸਾਨਾਂ ਅਮਲੋਕ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਸੁਪਰ ਸੀਡਰ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨਾ ਅਤੇ ਪਰਾਲੀ ਨੂੰ ਕਦੇ ਅੱਗ ਨਾ ਲਗਾਉਣਾ ਇੱਕ ਮਿਸਾਲ ਹੈ। ਅਜਿਹੇ ਅਗਾਂਹਵਧੂ ਕਿਸਾਨ ਵਾਤਾਵਰਨ ਦੀ ਸ਼ੁੱਧਤਾ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਤਕਨੀਕਾਂ ਅਪਣਾਉਣ।
- Download Babushahi App
-
-