ਬਾਬੂਸ਼ਾਹੀ · ਲੜੀਵਾਰ ਨਾਵਲ: ਆਪੇ ਦੀ ਭਾਲ਼
Aape Di Bhaal
ਰਛਪਾਲ ਸਹੋਤਾ
ਕਿਸ਼ਤ 1 — ਮਾਂ ਦਾ ਸੁਪਨਾ
ਇਸ ਲੜੀ ਬਾਰੇ
ਪੰਜਾਬ ਦੇ ਪਿੰਡ ਕੁੰਡੀਆਂ ਤੋਂ ਸ਼ਿਕਾਗੋ ਤੱਕ—ਜੱਗੀ ਦੀ ਪੜ੍ਹਾਈ, ਪਿਆਰ ਅਤੇ ਆਪਣੇ ਮਾਣ ਦੀ ਭਾਲ ਦੀ ਕਹਾਣੀ। ਰਛਪਾਲ ਸਹੋਤਾ ਦਾ ਲੜੀਵਾਰ ਨਾਵਲ।
ਪੰਛੀ ਝਾਤ
2 ਅਪ੍ਰੈਲ, 1984, ਪਿੰਡ ਕੁੰਡੀਆਂ, ਪੰਜਾਬ, ਇੰਡੀਆ
ਰਾਤ ਖ਼ਤਮ ਹੁੰਦੀ ਏ ਤੇ ਮਿੱਟੀ ਦੇ ਘਰਾਂ ਦੇ ਅਕਸ ਉੱਭਰਨੇ ਸ਼ੁਰੂ ਹੁੰਦੇ ਨੇ। ਮੰਜੇ ਚ ਪਿਆ ਇੱਕ ਆਕਾਰ ਹਿੱਲਦਾ ਹੈ ਤੇ ਉੱਠ ਝੁੱਗੀ ਅੰਦਰ ਵੜਦਾ ਹੈ। ਪਾਣੀ ਦਾ ਗਲਾਸ ਫੜੀ, ਉਹ ਬਾਹਰ ਆਉਂਦਾ ਹੈ ਅਤੇ ਕੁੱਬਾ ਕੁੱਬਾ, ਇੱਕ ਕੱਚੀ ਪਗਡੰਡੀ ਤੇ ਖੇਤਾਂ ਵੱਲ ਅਲੋਪ ਹੋ ਜਾਂਦਾ ਹੈ। ਸਰਘੀ ਅੰਗੜਾਈ ਲੈਂਦੀ ਏ, ਅਤੇ ਪੂਰਬ ਵੱਲੋਂ ਗਹਿਰਾ ਸੰਤਰੀ ਰੰਗ ਭਾਅ ਮਾਰਨ ਲਗਦਾ ਹੈ। ਮੰਜਿਆਂ ਤੇ ਪਏ ਕੁੱਝ ਹੋਰ ਆਕਾਰ ਹਿਲਜੁਲ ਕਰਦੇ ਹਨ ਅਤੇ ਉਹਨਾਂ ਹੀ ਖੇਤਾਂ ਵਾਲੇ ਰਾਹ ਤੁਰ ਜਾਂਦੇ ਹਨ। ਹੁਣੇ ਹੁਣੇ ਹੀ ਪਾਥੀਆਂ ਦੇ ਬਲਨ ਨਾਲ, ਮਿੱਟੀ ਦੇ ਚੁੱਲ੍ਹਿਆਂ ਵਿੱਚ ਜਾਨ ਪਵੇਗੀ ਤੇ ਬੱਚਿਆਂ ਨੂੰ ਉਠਾਉਣ ਵਾਲੀਆਂ ਅਵਾਜ਼ਾਂ ਕੰਨੀ ਪੈਣਗੀਆਂ।
ਹੌਲੀ ਹੌਲੀ, ਮੈਲ਼ੇ ਕੁਚਲ਼ੇ ਕੱਪੜਿਆਂ ਵਿੱਚ ਔਰਤਾਂ, ਮਰਦ ਇਕੱਲੇ ਇਕੱਲੇ, ਜੋੜੀਆਂ ਵਿੱਚ ਤੇ ਜਾਂ ਨਿੱਕੀਆਂ ਨਿੱਕੀਆਂ ਟੋਲੀਆਂ ਵਿੱਚ, ਬਸਤੀਓਂ ਬਾਹਰ ਜਾਣਾ ਸ਼ੁਰੂ ਕਰ ਦੇਣਗੇ। ਉਹ ਇੱਟਾਂ ਵਾਲੇ ਘਰ ਕੋਲੋਂ ਦੀ ਲੰਘਦੇ, ਪਿੰਡ ਵੱਲ ਖੱਬੇ ਮੁੜਨਗੇ, ਜਿੱਥੇ ਔਰਤਾਂ, ਰੋਟੀ ਦੇ ਟੁੱਕ ਲਈ, ਸਾਰੀ ਸਵੇਰ ਜੱਟਾਂ ਦੇ ਤਬੇਲਿਆਂ ਦੀ ਸਫ਼ਾਈ ਕਰਨਗੀਆਂ ਅਤੇ ਗੋਹਾ ਢੋਣਗੀਆਂ। ਆਦਮੀ ਮਾਮੂਲੀ ਦਿਹਾੜੀ ਤੇ, ਦਿਨ ਭਰ ਜੱਟਾਂ ਦੇ ਖੇਤਾਂ ਵਿੱਚ ਹੱਡ ਪਸੀਨਾ ਇੱਕ ਕਰਨਗੇ।
ਦੁਪਹਿਰ ਵੇਲੇ, ਵੱਖੋ ਵੱਖ ਸੁਆਣੀਆਂ ਵੱਲੋਂ ਮਿਲੀਆਂ ਦਾਲਾਂ ਸਬਜ਼ੀਆਂ ਦੇ ਮਿਲਗੋਭੇ ਵਾਲੇ ਡੋਲੂ ਚੁੱਕੀਂ, ਔਰਤਾਂ ਵਾਪਸ ਪਰਤਣਗੀਆਂ। ਮਾਂਵਾਂ ਭੈਣਾਂ ਨੂੰ ਮੁੜੀਆਂ ਵੇਖ, ਅੱਧਨੰਗੇ ਬੱਚੇ ਖੇਡਣਾ ਬੰਦ ਕਰ, ਝੁੱਗੀਆਂ ਵੱਲ ਦੌੜਨਗੇ—ਦੁਪਹਿਰ ਦੇ ਖਾਣੇ ਦਾ ਟਾਈਮ ਏ। ਭੁੱਖੇ ਢਿੱਡਾਂ ਨੂੰ ਕੀ ਪ੍ਰਵਾਹ ਹੈ ਕਿ ਭਾਂਡੇ ਵਿਚਲਿਆਂ ਮਿਲਗੋਭਿਆਂ ਦਾ ਕੀ ਸੁਆਦ ਤੇ ਖ਼ੁਸ਼ਬੂ ਹੈ? ਝੁੱਗੀਆਂ ਦੁਆਲ਼ੇ ਬੱਝੀਆਂ, ਮਾੜਚੂ ਜਿਹੀਆਂ ਗਾਵਾਂ, ਮੱਝਾਂ, ਤੇ ਭੇਡਾਂ ਬੱਕਰੀਆਂ, ਧਿਆਨ ਆਪਣੇ ਵੱਲ ਖਿੱਚਣ ਲਈ, ਰਿੰਗਣਗੀਆਂ, ਮਿਣ ਮਿਣਾਉਣਗੀਆਂ।
ਇਹ ਕੁੰਡੀਆਂ ਦੀ ਕੀਰਾ ਬਸਤੀ ਹੈ, ਜਿੱਥੇ ਕੀਰੇ ਰਹਿੰਦੇ ਨੇ। ਇਹਨੂੰ ਵਿਹੜੇ ਵਾਲਿਆਂ ਦੀ ਬਸਤੀ ਵੀ ਕਹਿੰਦੇ ਨੇ। ਪੰਜਾਬ ਦੀਆਂ ਹੋਰ ਦਲਿਤ ਬਸਤੀਆਂ ਵਾਂਗ ਇਹ ਵੀ ਪਿੰਡ ਦੇ ਦੱਖਣ-ਪੱਛਮ ਵੱਲ ਵਸੀ ਹੈ। ਕੀਰੇ ਅਛੂਤ ਨੇ—ਇੰਡੀਆ ਦੀ ਜਾਤਪਾਤ ਪ੍ਰਣਾਲੀ ਦੇ ਚਾਰ ਵਰਗਾਂ ਤੋਂ ਬਾਹਰ ਕੱਢੇ। ਨਾ ਇਹਨਾਂ ਨੂੰ ਪਿੰਡ ਦੇ ਅੰਦਰ ਰਹਿਣ ਦੀ ਇਜਾਜ਼ਤ ਹੈ, ਨਾ ਜੱਟਾਂ ਦੇ ਘਰੀਂ ਵੜਨ ਦੀ ਅਤੇ ਨਾ ਹੀ ਉਹਨਾਂ ਦੇ ਭਾਂਡਿਆਂ ਨੂੰ ਹੱਥ ਲਾਉਣ ਦੀ। ਆਪਣਾ ਕੌਲੀ ਗਲਾਸ ਇਹ ਨਾਲ ਰੱਖਦੇ ਨੇ ਤੇ ਜੱਟਾਂ ਤੋਂ ਮਿਲਿਆ ਟੁੱਕਰ, ਇਹ ਉਹਨਾਂ ਦੇ ਦਰਾਂ ਤੇ, ਭੁੰਜੇ ਬਹਿਕੇ ਖਾਂਦੇ ਨੇ।
ਜੱਟ, ਪਿੰਡ ਵਿੱਚ ਰਹਿੰਦੇ ਨੇ ਤੇ ਕਿਸਾਨੀ ਕਰਦੇ ਨੇ; ਪਿੰਡ ਦੀ ਸਾਰੀ ਜ਼ਮੀਨ ਦੇ ਮਾਲਕ ਇਹੋ ਨੇ। ਇਹਨਾਂ ਦੇ, ਦੋ-ਦੋ, ਤਿੰਨ-ਤਿੰਨ ਕਮਰਿਆਂ ਵਾਲੇ, ਇੱਟਾਂ ਦੇ ਬਣੇ, ਵੱਡੇ ਮਕਾਨ ਨੇ। ਹਰ ਘਰ ਵਿੱਚ ਵੱਖਰੀ ਰਸੋਈ, ਇੱਕ ਵਗਲਿਆ ਵਿਹੜਾ, ਤੇ ਡੰਗਰਾਂ ਲਈ ਵੱਖਰਾ ਤਬੇਲਾ ਹੈ। ਬੰਦੇ, ਖੇਤੀ ਕਰਦੇ ਨੇ, ਅਕਸਰ ਕੀਰਾ ਬਸਤੀ ਤੋਂ ਦਿਹਾੜੀਆਂ ਦੀ ਮਦਦ ਨਾਲ। ਜੱਟ ਸੁਆਣੀਆਂ, ਘਰਾਂ ਦੇ ਕੰਮ ਕਰਦੀਆਂ ਨੇ—ਮੱਝਾਂ ਚੋਣਾਂ, ਦੁੱਧ ਰਿੜਕਣਾ, ਰੋਟੀ ਬਣਾਉਣੀ, ਘਰ ਤੇ ਭਾਂਡਿਆਂ ਦੀ ਸਫ਼ਾਈ ਕਰਨੀ, ਸੂਤ ਕੱਤਣਾ, ਆਦਿ।
ਮੁੱਖ ਪਿੰਡ ਵਿੱਚ, ਜੱਟਾਂ ਤੋਂ ਬਿਨਾਂ ਕਈ ਹੋਰ ਜਾਤਾਂ ਦੇ ਲੋਕ ਵੀ ਰਹਿੰਦੇ ਨੇ; ਜਾਤ ਪ੍ਰਨਾਲੀ ਦੇ, ਚਾਰਾਂ ਵਰਗਾਂ ਦੇ ਸਭ ਤੋਂ ਹੇਠਲੇ, ਸ਼ੂਦਰ ਵਰਗ ਚੋਂ। ਇਹ ਵਰਗ ਜੱਟਾਂ ਲਈ ਵੱਖੋ ਵੱਖਰੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਇਹ ਮੁੱਖ ਪਿੰਡ ਵਿੱਚ ਤਾਂ ਰਹਿੰਦੇ ਨੇ, ਪਰ ਜੱਟਾਂ ਦੇ ਘਰਾਂ ਦੇ ਐਨ ਨਜ਼ਦੀਕ ਨਹੀਂ। ਇਹਨਾਂ ਨੂੰ ਜੱਟਾਂ ਦੇ ਘਰਾਂ ਵਿੱਚ ਜਾਣ ਦੀ ਤੇ ਜੱਟਾਂ ਦੇ ਭਾਂਡਿਆਂ ਵਿੱਚ ਖਾਣ ਦੀ ਇਜਾਜ਼ਤ ਹੈ।
ਇੱਕ ਵਧੀਆ ਚਲਦੀ, ਪੱਕੀ, ਚੌੜੀ, ਸੜਕ ਮੁੱਖ ਪਿੰਡ ਤੇ ਕੀਰਾ ਬਸਤੀ ਦੇ ਵਿਚਕਾਰੋਂ ਲੰਘਦੀ ਏ। ਇਕਲੌਤੇ ਪੱਕੇ ਘਰ ਨੂੰ ਛੱਡ, ਬਸਤੀ ਦੇ, ਇੱਕ ਇੱਕ ਕਮਰੇ ਵਾਲੇ, ਸਾਰੇ ਘਰ ਕੱਚੇ ਹਨ। ਦੋ-ਦੋ, ਤਿੰਨ-ਤਿੰਨ ਘਰਾਂ ਦੇ ਸਾਂਝੇ ਵਿਹੜੇ ਹਨ, ਜਿੱਥੇ ਉਹਨਾਂ ਨੇ ਮਿੱਟੀ ਦੇ ਚੁੱਲ੍ਹੇ ਰੱਖੇ ਨੇ। ਅਜਿਹੇ ਵੀਹ ਕੁ ਘਰ, ਇੱਕ ਕੱਚੀ ਗਲੀ ਦੁਆਲ਼ੇ ਵਸੇ ਹਨ, ਜਿਹੜੀ ਇੱਕ ਸਿਰੇ ਪਹੁੰਚ ਕੇ, ਖੱਬੇ ਸੱਜੇ ਦੁਫਾੜ ਹੋ ਜਾਂਦੀ ਹੈ। ਇੱਟਾਂ ਵਾਲਾ ਘਰ, ਬਸਤੀ ਦੇ ਐਨ ਕੋਨੇ ਤੇ ਹੈ, ਜਿੱਥੋਂ ਗਲੀ ਪਿੰਡ ਵੱਲ ਮੁੜ ਜਾਂਦੀ ਹੈ। ਇੱਟਾਂ ਵਾਲਾ ਘਰ, ਬਸਤੀ ਦਾ ਵਿਲੱਖਣ ਹੈ। ਇਹਦੀ ਚੌਗਿਰਦੇ ਵਾਲੀ ਕੰਧ ਦੇ ਅੰਦਰ ਰਹਿਣ ਲਈ ਮਕਾਨ ਅਤੇ ਡੰਗਰਾਂ ਲਈ ਵੱਖਰਾ ਤਬੇਲਾ ਹੈ। ਘਰ ਵਿੱਚ ਇੱਕ ਵੱਡਾ ਕਮਰਾ, ਆਏ ਗਏ ਲਈ ਬੈਠਕ, ਵਰਾਂਡਾ, ਰਸੋਈ, ਬਾਥਰੂਮ ਅਤੇ ਵਿਹੜੇ ਦੇ ਇੱਕ ਪਾਸੇ ਫ਼ਲੱਸ਼ ਪਾਖਾਨਾ ਹੈ। ਇੱਕ ਲੋਹੇ ਦਾ ਡਬਲ ਡੋਰ ਬਸਤੀ ਵੱਲ ਖੁੱਲ੍ਹਦਾ ਹੈ ਤੇ ਦੂਜਾ ਤਬੇਲੇ ਵਿੱਚੋਂ ਦੀ, ਪਿੰਡ ਨੂੰ ਜਾਂਦੀ ਗਲੀ ਵੱਲ। ਘਰ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਕਿਸੇ ਨੇ ਇਹਨੂੰ ਪਿੰਡ ਚੋਂ ਘੜੀਸ ਕੇ, ਇੱਥੇ ਜਲਾਵਤਨ ਕਰ ਦਿੱਤਾ ਹੋਵੇ।
ਬਸਤੀ ਦੇ ਨਾ ਮਾਤਰ ਬੱਚੇ ਸਕੂਲ ਜਾਂਦੇ ਹਨ। ਬਹੁਤੇ ਇੱਕ ਦੋ ਸਾਲਾਂ ਬਾਅਦ ਜਾਣਾ ਬੰਦ ਕਰ ਦਿੰਦੇ ਨੇ; ਸ਼ਾਇਦ ਹੀ, ਕਦੀ ਕਦਾਈਂ ਕੋਈ ਵਿਰਲਾ ਬੱਚਾ ਹਾਈ ਸਕੂਲ ਪਾਸ ਕਰੇ। ਕੁੜੀਆਂ ਦੀ ਪੜ੍ਹਾਈ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਤੇ ਹਾਈ ਸਕੂਲ ਪਾਸ ਕੀਤੀ ਕੀਰਾ ਕੁੜੀ ਦਾ ਦਿਸਣਾ ਤਾਂ ਤਕਰੀਬਨ ਅਸੰਭਵ ਹੈ। ਪਰ ਜਿਵੇਂ ਈਦ ਦਾ ਚੰਦ ਵੀ ਤਾਂ ਅਖੀਰ ਚੜ੍ਹਦਾ ਹੀ ਹੈ, ਓਵੇਂ ਬਸਤੀ ਦੇ ਪੱਕੇ ਘਰ ਵਿੱਚ ਰਹਿਣ ਵਾਲੀ ਬਿੰਦੋ, ਵੀ ਬਸਤੀ ਦੀ ਇਕਲੌਤੀ ਦਸਵੀਂ ਪਾਸ ਔਰਤ ਹੈ।
ਭਾਗ ਪਹਿਲਾ
ਸਿਰਫ ਮਾਵਾਂ ਹੀ ਭਵਿੱਖ ਬਾਰੇ ਸੋਚ ਸਕਦੀਆਂ ਹਨ, ਕਿਉਂਕਿ ਉਹ ਇਸਨੂੰ, ਆਪਣੇ ਬੱਚਿਆਂ ਵਿੱਚ ਜਨਮ ਦਿੰਦੀਆਂ ਹਨ।
ਮੈਕਸਿਮ ਗੋਰਕੀ
ਕਾਂਡ 1
ਰਸੋਈ ਚ ਭਾਂਡਿਆਂ ਦੇ ਪਹਿਲੇ ਖੜਕੇ ਨਾਲ ਜੱਗੀ ਦੀ ਜਾਗ ਖੁੱਲ ਗਈ। ਛੇ ਸਾਲਾ ਮੁੰਡਾ ਬਹੁਤ ਉਤੇਜਿਤ ਸੀ, ਅੱਜ ਉਹਦਾ ਪਹਿਲਾ ਦਿਨ ਸੀ ਸਕੂਲੇ ਜਾਣ ਦਾ। ਬਿੰਦੋ ਨੇ ਪਹਿਲਾਂ ਹੀ ਚੁੱਲ੍ਹੇ ਤੇ ਪਾਣੀ ਗਰਮ ਹੋਣਾ ਰੱਖਿਆ ਹੋਇਆ ਸੀ। ਜੱਗੀ, ਫਟਾਫਟ ਦੰਦਾਂ ਨੂੰ ਬੁਰਸ਼ ਕਰ, ਨਹਾ, ਅਤੇ ਦਹੀਂ ਨਾਲ ਪਰੌਂਠਾ ਖਾ ਕੇ ਤਿਆਰ ਹੋ ਗਿਆ।
ਜੱਗੀ ਨੂੰ ਚਾਅ ਚੜ੍ਹਿਆ ਵੇਖ ਬਿੰਦੋ ਮੁਸਕਰਾ ਪਈ। ਜਦੋਂ ਵੀ ਜੱਗੀ ਆਪਣੀ ਮਾਂ ਜਾਂ ਪਿਤਾ ਨਾਲ ਖੇਤਾਂ ਵੱਲ ਜਾਂਦਿਆਂ ਸਕੂਲ ਅੱਗੋਂ ਦੀ ਲੰਘਦਾ ਤਾਂ ਤਾਂਘ ਨਾਲ ਖੇਡਦੇ ਬੱਚਿਆਂ ਨੂੰ ਵੇਖਦਾ। ਹੁਣ ਉਹਨੂੰ ਆਪਣੇ ਦੋਸਤ ਹਿੰਮਤ ਨਾਲ ਸਾਰਾ ਦਿਨ ਸਕੂਲ ਰਹਿਣ ਅਤੇ ਬੰਟੇ ਖੇਡਣ ਦਾ ਚਾਅ ਖੁਤਖੁਤੀ ਕਰ ਰਿਹਾ ਸੀ।
ਜੱਗੀ ਮਾਂ ਤੋਂ ਪੱਗ ਬੰਨ੍ਹਾਉਣ ਲਈ ਤਿਆਰ ਖੜ੍ਹਾ ਸੀ। ਬਿੰਦੋ ਨੇ ਉਹਦੇ ਵਾਲ ਵਾਹ ਕੇ, ਉੱਤੇ ਇੱਕ ਨਿੱਕਾ ਜਿਹਾ ਜੂੜਾ ਗੁੰਦ ਦਿੱਤਾ। ਫਿਰ ਉਸ ਨੇ ਨਰਮ ਜਿਹੀ, ਨਵੀਂ ਖ਼ਰੀਦੀ ਪੱਗ ਕੱਢੀ ਅਤੇ ਜੱਗੀ ਦੇ ਛੋਟੇ ਛੋਟੇ ਹੱਥਾਂ ਦੀ ਮਦਦ ਨਾਲ, ਲੰਮੇ ਰੁਖ਼ ਤਹਿਆਂ ਲਗਾ ਲਗਾ, ਦੋ ਕੁ ਇੰਚ ਚੌੜੀ ਪੂਣੀ ਕਰ ਲਈ। ਦੋਵਾਂ ਲਈ ਇਹ ਇੱਕ ਨਵਾਂ ਤਜਰਬਾ ਸੀ—ਨਾਂ ਬਿੰਦੋ ਨੇ ਕਦੀ ਕਿਸੇ ਦੇ ਪੱਗ ਬੰਨ੍ਹੀ ਤੇ ਨਾ ਹੀ ਜੱਗੀ ਨੇ ਕਦੀ ਬੰਨ੍ਹਾਈ ਸੀ। ਜੱਗੀ ਨੇ ਖੱਬੇ ਹੱਥ ਨਾਲ ਪੂਣੀ ਦਾ ਇੱਕ ਲੜ ਠੋਡੀ ਲਾਗੇ ਫੜ ਲਿਆ ਅਤੇ ਬਿੰਦੋ ਨੇ ਇੱਕ ਤੋਂ ਬਾਅਦ ਦੂਜਾ ਗੇੜਾ ਉਹਦੇ ਸਿਰ ਦੁਆਲ਼ੇ ਚਿਣਦੀ ਨੇ, ਇੱਕ ਸੋਹਣੀ ਪੱਗ ਬੰਨ੍ਹ ਦਿੱਤੀ। ਆਪਣੇ ਹੁਨਰ ਨੂੰ ਨਿਹਾਰਦੀ ਉਹ ਇੱਕ ਕਦਮ ਪਿੱਛੇ ਹਟ, ਜੱਗੀ ਵੱਲ ਵੇਖਣ ਲੱਗੀ; ਪੱਗ ਜੱਗੀ ਦੇ ਖ਼ੂਬਸੂਰਤ ਚਿਹਰੇ ਤੇ ਪੂਰੀ ਫਬ ਰਹੀ ਸੀ।
‘ਮੇਰਾ ਪੁੱਤ ਕਿੱਡਾ ਸੋਹਣਾ ਲੱਗਦਾ ਏ, ਚੰਨ ਵਰਗਾ ਚਿਹਰਾ ਏ।’ ਬਿੰਦੋ ਨੇ ਜਲਦੀ ਨਾਲ ਆਪਣੀ ਨਜ਼ਰ ਘੁਮਾ ਲਈ ਕਿ ਕਿਤੇ ਮੁੰਡੇ ਨੂੰ ਉਹਦੀ ਆਪਣੀ ਨਜ਼ਰ ਹੀ ਨਾ ਲੱਗ ਜਾਵੇ। ਉਹਦਾ ਜੀ ਕੀਤਾ ਕਿ ਚੀਚੀ ਨਾਲ ਉਹਦੇ ਮੱਥੇ ਤੇ ਕਾਲਾ ਟਿੱਕਾ ਲਾ ਦੇਵੇ, ਲੋਕਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ; ਪਰ ਹਟ ਗਈ, ਇਹ ਸੋਚ ਕੇ ਕਿ ਦੂਜੇ ਬੱਚੇ ਛੇੜਨਗੇ।
‘ਨੱਕ ਜਵ੍ਹਾ ਆਪਣੇ ਨਾਨੇ ਵਰਗਾ ਏ’ ਸੋਚ ਕੇ ਆਪਣੇ ਪਿਓ ਦੀ ਸ਼ਕਲ ਬਿੰਦੋ ਦੇ ਜ਼ਿਹਨ ਚ ਘੁੰਮ ਗਈ।
‘ਅੱਖਾਂ ਬਿਲਕੁਲ ਮੇਰੇ ਵਰਗੀਆਂ ਨੇ, ਬਿੰਦੋ ਨੂੰ ਆਪਣੀਆਂ ਅੱਖਾਂ ਤੇ ਬਹੁਤ ਮਾਣ ਸੀ। ਹੁੰਦਾ ਵੀ ਕਿਵੇਂ ਨਾਂ? ਹਰਨੀ ਵਰਗੀਆਂ ਅੱਖਾਂ ਸਨ ਉਹਦੀਆਂ। ਕਿੰਨੀ ਵਾਰ ਤਾਂ ਸੁਣਿਆ ਸੀ ਉਹਨੇ, ਤੇਰੀਆਂ ਅੱਖਾਂ, ਡਿੰਪਲ ਕਪਾਡੀਆ ਨਾਲ ਮਿਲਦੀਆਂ ਨੇ। ਪਿੰਡਾਂ ਦੀਆਂ ਕੁੜੀਆਂ ਬਿਨਾਂ ਮਰਦ ਦੇ ਸਾਥ ਤੋਂ ਸਿਨਮੇ ਨਹੀਂ ਸਨ ਜਾਇਆ ਕਰਦੀਆਂ। ਵਿਆਹ ਤੋਂ ਬਾਅਦ ਉਹਦੀ ਤੇਜੇ ਤੋਂ ਪਹਿਲੀ ਮੰਗ ਸੀ ਕਿ ਉਹਨੂੰ ਡਿੰਪਲ ਕਪਾਡੀਆ ਦੀ ਫ਼ਿਲਮ ਬੌਬੀ ਵਿਖਾ ਕੇ ਲਿਆਵੇ।
ਜੱਗੀ ਦੀ ਠੋਡੀ ਬਾਰੇ ਸੋਚ ਕੇ ਉਹ ਥੋੜ੍ਹਾ ਸੰਗ ਗਈ; ਇਹ ਉਹਦੇ ਮਾਮੇ ਦੇ ਪੁੱਤ ਬਲਦੇਵ ਨਾਲ ਮਿਲਦੀ ਸੀ। ਬਲਦੇਵ ਬਾਰੇ ਨਿੱਕੇ ਹੁੰਦਿਆਂ ਉਸ ਦੇ ਮਨ ਚ ਕਈ ਖ਼ਿਆਲ ਆ ਜਾਂਦੇ ਸਨ, ਜਿਹੜੇ ਉਹ ਜਾਣਦੀ ਸੀ, ਠੀਕ ਨਹੀਂ ਸਨ।
“ਕ... ਕੀ ਦੇ... ਦੇਖ ਰਹੀਂ ਏ ਮਾਂ?” ਜੱਗੀ ਦੇ ਸਵਾਲ ਨੇ ਬਿੰਦੋ ਦੀ ਟਿਕਟਿਕੀ ਤੋੜ ਦਿੱਤੀ।
“ਮੈਂ ਸੋਚਦੀ ਸੀ ਮੇਰਾ ਪੁੱਤ ਕਿੰਨਾ ਸੋਹਣਾ ਲੱਗਦਾ ਏ,” ਉਹਨੇ ਜੱਗੀ ਦੀਆਂ ਗੱਲ੍ਹਾਂ ਪਲੋਸਦੀ ਨੇ ਕਿਹਾ। ਜੱਗੀ ਦਾ ਮੂੰਹ ਲਾਲ ਹੋ ਗਿਆ ਤੇ ਉਹਨੇ ਆਪਣੀ ਨਜ਼ਰ ਹੇਠਾਂ ਕਰ ਲਈ।
ਉਦੋਂ ਹੀ ਹਿੰਮਤ ਦਰਵਾਜ਼ਿਓਂ ਅੰਦਰ ਵੜਿਆ। ਹਿੰਮਤ ਝਿਊਰਾਂ ਦਾ ਮੁੰਡਾ ਸੀ ਤੇ ਤੀਜੀ ਜਮਾਤ ਚ ਪੜ੍ਹਦਾ ਸੀ। ਉਹਦਾ ਘਰ ਸੜਕ ਦੇ ਲਾਗੇ ਹੀ, ਜੱਟਾਂ ਵਾਲੇ ਪਾਸੇ ਸੀ।
ਬਿੰਦੋ ਨੇ ਹੱਥ ਨਾਲ ਕੱਢੇ ਕੱਪੜੇ ਦਾ ਝੋਲਾ ਕਿੱਲੀ ਤੋਂ ਉਤਾਰਿਆ। ਉਸ ਵਿੱਚ ਇੱਕ ਕਾਇਦਾ, ਫੱਟੀ, ਗਾਚੀ, ਕਲਮ, ਸਿਆਹੀ ਦੀ ਦਵਾਤ ਅਤੇ ਦੁਪਹਿਰੇ ਖਾਣ ਲਈ ਪੋਣੇ ਚ ਲਪੇਟਿਆ ਪਰੌਂਠਾ ਤੇ ਆਮਲੇਟ ਸਨ।
ਬਿੰਦੋ ਨੇ ਝੋਲਾ ਜੱਗੀ ਦੇ ਮੋਢੇ ਲਮਕਾ ਕੇ ਉਹਨੂੰ ਹਿੰਮਤ ਨਾਲ ਸਕੂਲੇ ਤੋਰ ਦਿੱਤਾ। ਉਹ ਦਰਵਾਜ਼ੇ ਚ ਖੜ੍ਹੀ ਵਿੰਹਦੀ ਰਹੀ, ਦੋਨਾਂ ਨੂੰ ਜਾਂਦਿਆਂ; ਉਹਦਾ ਦਿਲ ਜੱਗੀ ਦੇ ਨਿੱਕੇ ਕਦਮਾਂ ਦੇ ਨਾਲ ਨਾਲ, ਟਿੱਪ-ਟੈਪ, ਟਿੱਪ-ਟੈਪ ਕਰ ਰਿਹਾ ਸੀ। ਉਹਦਾ ਬੇਟਾ, ਨਵੇਂ ਕੱਪੜੇ, ਨਵੇਂ ਸੈਂਡਲ ਪਾਈ, ਤੇ ਮੋਢੇ ਤੇ ਨਵਾਂ ਝੋਲ਼ਾ ਲਟਕਾਈਂ ਸਕੂਲੇ ਜਾ ਰਿਹਾ ਸੀ। ਬਿੰਦੋ ਦੀਆਂ ਅੱਖਾਂ ਮਾਣ ਨਾਲ ਲਿਸ਼ਕ ਰਹੀਆਂ ਸਨ।
ਬਿੰਦੋ ਦਾ ਇਕਲੌਤਾ ਬੱਚਾ, ਜੱਗੀ, ਉਹਦੀ ਜ਼ਿੰਦਗੀ ਸੀ। ਜੱਗੀ ਦੇ ਜਨਮ ਵੇਲੇ ਉਹ ਮਰਦੀ ਮਰਦੀ ਬਚੀ ਸੀ ਤੇ ਡਾਕਟਰ ਨੇ ਸਲਾਹ ਦਿੱਤੀ ਸੀ ਕਿ ਉਹ ਹੋਰ ਬੱਚਾ ਪੈਦਾ ਨਾ ਕਰਨ। ਡਾਕਟਰ ਦੇ ਸ਼ਬਦਾਂ ਨੂੰ ਹਜ਼ਮ ਕਰਨਾ ਔਖਾ ਸੀ, ਜਿਵੇਂ ਉਹ ਬਿੰਦੋ ਦੇ ਔਰਤਪਣ ਨੂੰ ਨਜਾਇਜ਼ ਕਰਾਰ ਦੇ ਰਿਹਾ ਹੋਵੇ। ਪਰ ਜਿਵੇਂ-ਜਿਵੇਂ ਸਮਾਂ ਲੰਘਿਆ, ਬਿੰਦੋ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ। ਰੱਬ ਦੀ ਐਨੀ ਸੋਹਣੀ ਨਿਹਮਤ ਤੋਂ ਬਾਅਦ, ਕੀਹਨੂੰ ਲੋੜ ਹੈ ਹੋਰ ਬੱਚਿਆਂ ਦੀ?
ਬਿੰਦੋ ਦਾ ਜਨਮ ਕੀਰਾ ਪਰਿਵਾਰ ਵਿੱਚ ਹੋਇਆ ਸੀ। ਉਹਦਾ ਪਿਤਾ, ਸੋਮਾ, ਅੱਠਵੀਂ ਪਾਸ ਸੀ। ਸਰਕਾਰ ਦੀਆਂ ਦਲਿਤ ਪੱਖੀ ਨੀਤੀਆਂ ਸਦਕਾ ਉਹਨੂੰ ਇੱਕ ਬੈਂਕ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਮਿਲ ਗਈ। ਇੱਕ ਤਰੀਕੇ ਨਾਲ ਸੋਮਾ ਆਪਣੇ ਸਮੇਂ ਤੋਂ ਅੱਗੇ ਸੀ। ਉਹਦੇ ਘਰ ਦੋ ਬੱਚੇ ਸਨ, ਦੋਨੋਂ ਲੜਕੀਆਂ, ਤੇ ਉਹ ਚਾਹੁੰਦਾ ਸੀ ਕਿ ਦੋਨੋਂ ਉਸ ਤੋਂ ਵੱਧ ਪੜ੍ਹ ਜਾਣ। ਸੋਮੇ ਦੀ ਤਨਖ਼ਾਹ ਬਹੁਤ ਜ਼ਿਆਦਾ ਨਹੀਂ ਸੀ, ਪਰ ਫੇਰ ਵੀ ਉਹਦੀ ਘਰ ਵਾਲੀ ਤੇ ਬੱਚੀਆਂ ਨੂੰ ਉੱਚੀ ਜਾਤ ਵਾਲਿਆਂ ਦੇ ਘਰਾਂ ਚ ਗੋਹਾ ਕੂੜਾ ਜਾਂ ਹੋਰ ਅਜਿਹੇ ਕੰਮ ਕਰਨ ਦੀ ਲੋੜ ਨਹੀਂ ਸੀ। ਪੱਕੀ ਤਨਖ਼ਾਹ ਦੇ ਭਰੋਸੇ ਉਹ ਆਪਣੀਆਂ ਕੁੜੀਆਂ ਨੂੰ ਸਕੂਲ ਭੇਜ ਸਕਦਾ ਸੀ।
ਪਰ ਇਹ ਐਡਾ ਸੌਖਾ ਨਹੀਂ ਸੀ; ਉਹਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਮੱਸਿਆ ਸਿਰਫ ਬਰਾਦਰੀ ਦੀਆਂ ਗੱਲਾਂ ਸਹਿਣ ਦੀ ਹੀ ਨਹੀਂ ਸੀ, ਉਹਦੀ ਆਪਣੀ ਘਰ ਵਾਲੀ ਵੀ ਕੁੜੀਆਂ ਨੂੰ ਸਕੂਲ ਭੇਜਣ ਦੇ ਪੂਰੀ ਖ਼ਿਲਾਫ ਸੀ। ਸਕੂਲ ਨੇ ਇਹਨਾਂ ਨੂੰ ਕੀ ਦੇ ਦੇਣਾ ਏ? ਅਖੀਰ ਚ ਇਹਨਾਂ ਨੇ ਬੱਚੇ ਜੰਮਣੇ ਤੇ ਰੋਟੀਆਂ ਹੀ ਥੱਪਣੀਆਂ ਨੇ ਨਾਂ, ਉਹ ਆਖਦੀ ਹੁੰਦੀ ਸੀ। ਪਰ ਸੋਮੇ ਦਾ ਇਰਾਦਾ ਦ੍ਰਿੜ੍ਹ ਸੀ।
ਮੰਦਭਾਗੀ ਨੂੰ ਵੱਡੀ ਵਾਲੀ, ਬਿੱਟੀ, ਨੇ ਪੜ੍ਹਾਈ ਚ ਕੋਈ ਦਿਲਚਸਪੀ ਨਾ ਵਿਖਾਈ। ਜਦੋਂ ਸਕੂਲ ਵਿੱਚ ਕੋਈ ਉਹਦੀ ਜਾਤ ਵੱਲ ਇਸ਼ਾਰਾ ਕਰਦਾ ਤਾਂ ਉਹਨੂੰ ਬਹੁਤ ਬੁਰਾ ਲਗਦਾ; ਉਹ ਪੰਜਵੀਂ ਤੋਂ ਬਾਅਦ ਸਕੂਲ ਛੱਡ ਗਈ। ਤਿੰਨਾਂ ਸਾਲਾਂ ਬਾਅਦ ਉਹਦਾ ਵਿਆਹ ਹੋ ਗਿਆ; ਉਹ ਪੰਦਰਾਂ ਸਾਲ ਦੀ ਵੀ ਨਹੀਂ ਸੀ ਹੋਈ ਹਾਲੇ।
ਦੂਜੇ ਬੰਨੇ ਬਿੰਦੋ ਨੂੰ ਕਿਤਾਬਾਂ ਨਾਲ ਪਿਆਰ ਸੀ, ਤੇ ਉਹ ਪੜ੍ਹਨ ਚ ਹੁਸ਼ਿਆਰ ਨਿਕਲੀ। ਪਰ ਉਹਦੀ ਕਿਤਾਬਾਂ ਨਾਲ ਦੋਸਤੀ ਤੋਂ ਉਹਦੀ ਮਾਂ ਪਿਆਰੋ ਬਹੁਤ ਸੜਦੀ ਸੀ। ਪਿਆਰੋ ਚਾਹੁੰਦੀ ਸੀ ਕਿ ਬਿੰਦੋ ਘਰ ਦੇ ਸਾਰੇ ਕੰਮ ਕਰੇ। ਜਿਵੇਂ-ਜਿਵੇਂ ਬਿੰਦੋ ਜਮਾਤਾਂ ਵਿੱਚ ਅੱਗੇ ਵਧੀ ਤਿਵੇਂ-ਤਿਵੇਂ ਪਿਆਰੋ ਦੀ ਦਖ਼ਲ ਅੰਦਾਜ਼ੀ ਵਧ ਗਈ, ਤੇ ਉਹ ਬਿੰਦੋ ਨੂੰ ਮਾਨਸਿਕ ਤਰੀਕੇ ਨਾਲ ਕੰਟਰੋਲ ਕਰਨ ਲੱਗੀ। ਉੱਧਰ ਬਿੰਦੋ ਨੇ ਸਕੂਲ ਦਾ ਕੰਮ ਕਰਨ ਬੈਠਣਾ ਤੇ ਇੱਧਰ ਪਿਆਰੋ ਨੇ ਬਿਮਾਰੀ ਦਾ ਬਹਾਨਾ ਬਣਾ ਮੰਜੇ ਤੇ ਪੈ ਜਾਣਾ। ਉਹ ਬਿੰਦੋ ਦਾ ਪੂਰਾ ਧਿਆਨ ਮੰਗਦੀ ਸੀ—ਉਸ ਤੋਂ ਹਰ ਰੋਜ਼ ਨਹਾਉਣ ਲਈ ਪਾਣੀ ਗਰਮ ਕਰਵਾਉਣਾ, ਅਤੇ ਆਪਣੇ ਖਾਣ ਲਈ ਸਪੈਸ਼ਲ ਚੀਜ਼ਾਂ ਬਣਵਾਉਣੀਆਂ। “ਤੈਨੂੰ ਪਤਾ ਏ, ਜਦ ਮੈਂ ਤੇਰੀ ਉਮਰ ਦੀ ਤੀ, ਆਪਣੀ ਮਾਂ ਦੀ ਕਿੰਨੀ ਸੇਵਾ ਕਰਦੀ ਹੁੰਦੀ ਤੀ?”
ਪਰ ਪਿਆਰੋ ਜਿੰਨੀਆਂ ਰੁਕਾਵਟਾਂ ਵੱਧ ਬਿੰਦੋ ਦੇ ਰਸਤੇ ਵਿੱਚ ਪਾਉਂਦੀ, ਬਿੰਦੋ ਦਾ ਕਾਮਯਾਬ ਹੋਣ ਦਾ ਹਠ ਓਨਾ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ। ਉਹਦੇ ਸਕੂਲ ਨੇੜੇ ਇੱਕ ਬੱਸ ਅੱਡਾ ਸੀ ਜਿੱਥੋਂ, ਜੱਟਾਂ ਦੀਆਂ ਦੋ ਕੁੜੀਆਂ, ਕਾਲਜ ਲਈ ਬੱਸ ਲਿਆ ਕਰਦੀਆਂ ਸਨ। ਬਿੰਦੋ ਉਹਨਾਂ ਨੂੰ ਹਸਰਤ ਨਾਲ ਵੇਖਦੀ, ਅਤੇ ਜਦੋਂ ਵੀ ਉਹ ਬੱਸ ਚੜ੍ਹਦੀਆਂ ਜਾਂ ਉੱਤਰਦੀਆਂ, ਆਪਣਾ ਕੰਮ ਛੱਡ ਉਹਨਾਂ ਵੱਲ ਤੱਕਣ ਲੱਗ ਜਾਂਦੀ। ਉਹਨਾਂ ਵਾਂਗ, ਉਹਦਾ ਵੀ ਤਿਆਰ ਹੋ, ਅਤੇ ਕਿਤਾਬਾਂ ਦਾ ਬੈਗ ਫੜ ਬੱਸ ਚੜ੍ਹਨ ਨੂੰ ਜੀ ਕਰਦਾ। ਉਹ ਕਾਲਜ ਜਾਣ ਦੇ ਅਤੇ ਪੜ੍ਹਿਆਂ ਲਿਖਿਆਂ ਵਾਲੀ ਨੌਕਰੀ ਕਰਨ ਦੇ ਸੁਪਨੇ ਲਿਆ ਕਰਦੀ।
ਜਦੋਂ ਉਹਨੇ ਸਕੂਲ ਦੀ ਸਿੱਖਿਆ ਪੂਰੀ ਕਰ ਲਈ ਤਾਂ ਸੋਮੇ ਨੇ, ਉਹਨੂੰ ਕਾਲਜ ਭੇਜਣ ਲਈ ਪਿਆਰੋ ਨਾਲ ਗੱਲ ਕੀਤੀ।
ਪਿਆਰੋ ਤਾਂ ਅੱਗ ਬਬੂਲਾ ਹੋ ਗਈ। “ਕੀ? ਕਾਲਜ ਦੀਆਂ ਫ਼ੀਸਾਂ ਦੇਣ ਲਈ, ਹੁਣ ਤੂੰ ਮੈਨੂੰ ਵੇਚੇਂਗਾ? ਇਹ ਬਕਵਾਸ ਐਥੇ ਹੀ ਬੰਦ ਕਰਦੇ। ਕੁੜੀ ਨੇ ਹਾਈ ਸਕੂਲ ਮੁਕਾ ਲਿਆ, ਬਹੁਤ ਹੋ ਗਿਆ। ਇਹਨਾਂ ਊਤ-ਪਟਾਂਗ ਗੱਲਾਂ ਦੀ ਹੋਰ ਲੋੜ ਨਹੀਂ। ਕੋਈ ਹੋਰ ਕੁੜੀ ਦੇਖੀ ਐ ਤੂੰ ਬਸਤੀ ਚੋਂ ਕਾਲਜ ਜਾਂਦੀ? ਪੜ੍ਹਾ ਲਿਖਾ ਕੇ ਇਹਦੇ ਲਈ ਖ਼ਸਮ ਕਿਥੋਂ ਭਾਲ਼ੇਂਗਾ?” ਬਿੰਦੋ ਸਤਾਰਾਂ ਸਾਲਾਂ ਦੀ ਸੀ, ਗੋਰੀ, ਲੰਮੀ ਲੰਝੀ, ਖ਼ੂਬਸੂਰਤ ਮੁਟਿਆਰ। ਪਿਆਰੋ ਨੂੰ ਪਤਾ ਸੀ ਕਿਵੇਂ ਜੱਟਾਂ ਦੇ ਮੁੰਡੇ ਕੀਰਿਆਂ ਦੀਆਂ ਕੁੜੀਆਂ ਨੂੰ ਆਪਣੀ ਸਾਂਝੀ ਜਾਇਦਾਦ ਸਮਝਦੇ ਸਨ। ਉਹਦੀ ਧੀ ਉਹਨਾਂ ਨਾਲ ਘੁੰਮਦੀ ਫਿਰੇ, ਇਹ ਸੋਚ ਪਿਆਰੋ ਬਰਦਾਸ਼ਤ ਨਹੀਂ ਸੀ ਕਰ ਸਕਦੀ।
ਸੋਮੇ ਨੂੰ ਘਰਵਾਲੀ ਦੀ ਦਲੀਲ ਕਾਫ਼ੀ ਹੱਦ ਤੀਕ ਠੀਕ ਵੀ ਲਗਦੀ ਸੀ। ਉਹਦੀ ਤਨਖ਼ਾਹ ਨਾਲ ਉਹਨਾਂ ਦਾ ਮਸਾਂ ਗੁਜ਼ਾਰਾ ਹੀ ਚੱਲਦਾ ਸੀ। ਇੱਕ ਕਾਲਜ ਜਾਂਦੀ ਕੁੜੀ ਨੂੰ ਪੈਸਿਆਂ ਦੀ ਲੋੜ ਹੋਵੇਗੀ, ਵਧੀਆ ਕੱਪੜਿਆਂ ਲਈ, ਕਿਤਾਬਾਂ ਲਈ, ਫ਼ੀਸਾਂ ਲਈ ਤੇ ਹੋਰ ਨਿੱਕੇ ਮੋਟੇ ਖ਼ਰਚਿਆਂ ਲਈ। ਇਹ ਸਭ ਉਹ ਕਿਥੋਂ ਲਿਆਵੇਗਾ? ਫਿਰ ਉਹ ਆਪਣੀ ਕਾਲਜ-ਪੜ੍ਹੀ ਕੁੜੀ ਲਈ ਬਰਾਬਰ ਦਾ ਵਰ ਕਿਥੋਂ ਲੱਭੇਗਾ?
ਆਪਣੀ ਮਾਂ ਦੇ ਵਿਰੋਧ ਤੇ ਤਾਂ ਬਿੰਦੋ ਨੂੰ ਕੋਈ ਹੈਰਾਨੀ ਨਹੀਂ ਸੀ, ਪਰ ਇਹ ਉਹਦੀ ਸਮਝ ਤੋਂ ਬਾਹਰ ਸੀ ਕਿ ਉਹਦਾ ਪਿਓ, ਉਹਦੀ ਮਾਂ ਦੀਆਂ ਗੱਲਾਂ ਵਿੱਚ ਕਿਵੇਂ ਆ ਗਿਆ ਸੀ। ਉਹਨੂੰ ਆਪਣੇ ਪਿਓ ਤੇ, ਜਿਹਦਾ ਹੱਥ ਹਮੇਸ਼ਾ ਬਿੰਦੋ ਦੀ ਪਿੱਠ ਪਿੱਛੇ ਰਿਹਾ ਸੀ, ਬਹੁਤ ਮਾਣ ਸੀ। ਜਿਵੇਂ ਵੀ ਹੋ ਸਕੇ, ਬਿੰਦੋ ਹਰ ਹਾਲਤ ਵਿੱਚ ਕਾਲਜ ਜਾਣਾ ਚਾਹੁੰਦੀ ਸੀ ਤਾਂ ਜੋ ਉਹ ਕੋਈ ਇੱਜ਼ਤਦਾਰ ਨੌਕਰੀ ਕਰ ਸਕੇ। ਸਿਰਫ ਵਿਆਹ ਕਰਵਾ ਕੇ ਜੁਆਕ ਜੰਮਣੇ ਤੇ ਟੱਬਰ ਨੂੰ ਰੋਟੀਆਂ ਖ਼ੁਆਉਣਾ, ਉਹਨੂੰ ਜ਼ਿੰਦਗੀ ਦਾ ਮਕਸਦ ਨਹੀਂ ਸੀ ਲਗਦਾ। ‘ਇਹ ਕਿਉਂ ਜ਼ਰੂਰੀ ਏ ਕਿ ਮੈਂ ਵੀ ਉਹੋ ਜ਼ਿੰਦਗੀ ਜਿਉਂਵਾਂ ਜੋ ਮੈਥੋਂ ਪਹਿਲਾਂ ਮੇਰੀ ਮਾਂ ਤੇ ਉਸ ਤੋਂ ਪਹਿਲਾਂ, ਉਹਦੀ ਮਾਂ ਨੇ ਜਿਊਂਈ ਸੀ? ਮੇਰੀ ਮਾਂ ਮੈਨੂੰ ਆਤਮ ਨਿਰਭਰ ਕਿਉਂ ਨਹੀਂ ਹੋਣ ਦੇਣਾ ਚਾਹੁੰਦੀ?’
ਇੱਕ ਦਿਨ ਉਹਨੇ ਆਪਣੇ ਪਿਓ ਨੂੰ ਗੱਲ ਕਰਨ ਲਈ ਬਿਠਾ ਲਿਆ। “ਬਾਪੂ ਜੀ, ਤੁਸੀਂ ਮੈਨੂੰ ਕਾਲਜ ਭੇਜਣ ਤੋਂ ਕਿਉਂ ਪੈਰ ਖਿੱਚ ਰਹੇ ਹੋ?”
ਸੋਮੇ ਨੇ ਆਪਣੀ ਆਰਥਕ ਤੰਗੀ ਬਾਰੇ ਉਹਨੂੰ ਸਮਝਾਇਆ।
“ਮੈਂ ਪੁਰਾਣੀਆਂ ਕਿਤਾਬਾਂ ਖ਼ਰੀਦ ਲਿਆ ਕਰਾਂਗੀ ਤੇ ਕਦੀ ਵੀ ਤੁਹਾਨੂੰ ਨਵੇਂ ਜਾਂ ਵਧੀਆ ਕੱਪੜੇ ਲੈਣ ਲਈ ਤੰਗ ਨਹੀਂ ਕਰਾਂਗੀ,” ਬਿੰਦੋ ਨੇ ਮਿੰਨਤ ਕੀਤੀ।
“ਬੇਟਾ ਇਸ ਤਰਾਂ ਥੋੜ੍ਹੇ ਹੀ ਹੋ ਸਕਦਾ ਏ?” ਸੋਮਾ ਬੋਲਿਆ। “ਜੇ ਮੈਂ ਤੈਨੂੰ ਕਾਲਜ ਭੇਜਾਂਗਾ, ਤਾਂ ਮੈਂ ਨਹੀਂ ਚਾਹਾਂਗਾ ਕਿ ਤੂੰ ਆਪਣੀਆਂ ਜਮਾਤਣਾਂ ਨਾਲ਼ੋਂ ਵੱਖਰੀ ਲੱਗੇਂ, ਨੀਵੀਂ ਦਿਸੇਂ। ਤੇ ਪੁੱਤਰ ਜਦੋਂ ਤੂੰ ਕਾਲਜ ਦੀ ਪੜ੍ਹਾਈ ਮੁਕਾ ਲਈ, ਮੈਂ ਤੇਰੇ ਲਈ ਆਪਣੀ ਜਾਤ ਦਾ ਪੜ੍ਹਿਆ ਲਿਖਿਆ, ਕੀਰਾ ਮੁੰਡਾ ਕਿੱਥੋਂ ਲੱਭਾਂਗਾ?”
“ਕੌਣ ਕਹਿੰਦਾ ਏ, ਵਿਆਹ ਕਰਵਾਉਣ ਨੂੰ?” ਬਿੰਦੋ ਤਿੜਕ ਕੇ ਬੋਲੀ। “ਮੈਂ ਆਤਮ ਨਿਰਭਰ ਹੋਣਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਰੋਟੀ ਦੇ ਟੁਕੜੇ ਲਈ ਵੀ ਕਿਸੇ ਹੋਰ ਵੱਲ ਵੇਖਦੀ ਰਹਾਂ।”
“ਇਹ ਤੂੰ ਬੇਸਮਝੀ ਵਾਲੀ ਗੱਲ ਕਰ ਰਹੀ ਏਂ। ਤੈਨੂੰ ਲਗਦਾ ਏ ਬਈ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਸਮਾਜ ਤੈਨੂੰ ਸ਼ਾਂਤੀ ਨਾਲ ਜਿਊਣ ਦੇਵੇਗਾ?”
ਕੰਮ ਕਰਨ ਵਾਲੀਆਂ ਔਰਤਾਂ ਸੰਬੰਧੀ ਸੋਮੇ ਦੇ ਕਈ ਖ਼ਦਸ਼ੇ ਸਨ, ਜਿਹੜੇ ਉਹਨੇ ਬਿੰਦੋ ਨਾਲ ਸਾਂਝੇ ਕੀਤੇ। ਉਹਦੇ ਆਪਣੇ ਕੰਮ ਤੇ ਵੀ ਤੇ ਹੋਰ ਵੀ ਜਿੱਥੇ ਕਿਤੇ ਉਹ ਗਿਆ ਸੀ, ਔਰਤਾਂ ਦੀ ਗਿਣਤੀ ਨਾ ਮਾਤਰ ਹੀ ਹੁੰਦੀ ਸੀ।
“ਬੇਟਾ, ਔਰਤਾਂ ਦੇ ਨਾਲ ਕੰਮ ਕਰਨ ਵਾਲੇ ਆਦਮੀ ਉਹਨਾਂ ਨੂੰ ਬਰਾਬਰ ਨਹੀਂ ਸਮਝਦੇ ਤੇ ਨਾ ਹੀ ਉਹ, ਉਹਨਾਂ ਦੀ ਉਹ ਇੱਜ਼ਤ ਕਰਦੇ ਨੇ, ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਆਹ ਜੱਟਾਂ ਦੀਆਂ ਕੁੜੀਆਂ ਜਿਹੜੀਆਂ ਕਾਲਜ ਜਾਂਦੀਆਂ ਨੇ; ਇਹਨਾਂ ਵਿੱਚੋਂ ਤੇਰਾ ਕੀ ਖ਼ਿਆਲ ਹੈ, ਕਿੰਨੀਆਂ ਕੁ ਦਫ਼ਤਰਾਂ ਵਿੱਚ ਕੰਮ ਕਰਨਗੀਆਂ? ਬਹੁਤੀਆਂ ਦੇ ਪੜ੍ਹਨ ਦਾ ਤਾਂ ਬੱਸ ਇੱਕੋ ਟੀਚਾ ਹੁੰਦਾ ਏ ਕਿ ਕੋਈ ਵਧੀਆ ਘਰਵਾਲਾ ਮਿਲ ਜਾਵੇ।”
ਬਿੰਦੋ ਨੇ ਨਰਸ ਬਣਨ ਬਾਰੇ ਜਾਂ ਟੀਚਰ ਬਣਨ ਬਾਰੇ ਗੱਲ ਕੀਤੀ, ਪਰ ਇਸ ਸਭ ਕਾਸੇ ਲਈ ਸਾਲਾਂ ਲੰਮੀ ਕਾਲਜ ਦੀ ਪੜ੍ਹਾਈ ਚਾਹੀਦੀ ਸੀ, ਜਿਹੜੀ ਸੋਮੇ ਦੇ ਵਿੱਤੋਂ ਬਾਹਰ ਸੀ। ਬਿੰਦੋ ਨੂੰ ਸਮਝ ਨਾ ਲੱਗੇ ਕਿ ਕੀਹਦੇ ਨਾਲ ਗੱਲ ਕਰੇ। ਉਹਦੇ ਆਂਢ ਗੁਆਂਢ ਚੋਂ ਕਿਸੇ ਨੂੰ ਉਹਦੇ ਨਾਲ ਕੋਈ ਹਮਦਰਦੀ ਨਹੀਂ ਸੀ। ਨਾ ਤਾਂ ਉਹ ਆਪ ਪੜ੍ਹੇ ਲਿਖੇ ਸਨ ਤੇ ਨਾ ਹੀ ਉਹਨਾਂ ਨੂੰ ਇਹ ਸਮਝ ਲੱਗਦੀ ਸੀ ਕਿ ਐਨੀ ਪੜ੍ਹੀ ਲਿਖੀ ਕੁੜੀ, ਹੋਰ ਕਿਉਂ ਪੜ੍ਹਨਾ ਚਾਹੁੰਦੀ ਹੈ। ਬਿੰਦੋ ਸਮਝ ਗਈ—ਇਹ ਉਹਦੇ ਸੁਪਨਿਆਂ ਦਾ ਅੰਤ ਸੀ।
ਪਰ ਬਿੰਦੋ ਨੇ ਠਾਣ ਰੱਖੀ ਸੀ ਕਿ ਜਿਊਣ ਲਈ ਉਹ ਆਪਣੇ ਘਰਵਾਲੇ ਤੇ ਨਿਰਭਰ ਨਹੀਂ ਕਰੇਗੀ। ‘ਜੇ ਭਲਾ ਮੇਰੇ ਕੋਲ ਤਿੰਨ ਨਿਆਣੇ ਹੋਏ ਤੇ ਉਹਨੂੰ ਕੁੱਝ ਹੋ ਗਿਆ, ਫੇਰ ਮੈਂ ਕੀ ਕਰਾਂਗੀ। ਕੌਣ ਸਾਂਭੂ ਮੈਨੂੰ ਤੇ ਮੇਰੇ ਨਿਆਣਿਆਂ ਨੂੰ?’ ਉਹਨੇ ਕੋਈ ਕਿੱਤਾ ਸਿੱਖਣ ਬਾਰੇ ਸੋਚਿਆ। ਖੇਤੀ ਬਾੜੀ ਨਾਲ ਜੁੜਦੇ ਕਿਸੇ ਵੀ ਕਿੱਤੇ ਚ ਨਾ ਤਾਂ ਬਹੁਤੇ ਹੁਨਰ ਦੀ ਲੋੜ ਦਿਸਦੀ ਸੀ ਤੇ ਨਾ ਹੀ ਉਹਨੂੰ ਅਜਿਹੇ ਕਿਸੇ ਕਿੱਤੇ ਵਿੱਚ ਕੋਈ ਬਹੁਤੀ ਆਮਦਨ ਹੀ ਦਿਸੀ।
ਸੋਚ ਸੋਚ, ਬਿੰਦੋ, ਆਪਣੇ ਪਿੰਡ ਦੇ ਦਰਜ਼ੀ, ਪ੍ਰਕਾਸ਼ ਨੂੰ ਮਿਲਣ ਚਲੀ ਗਈ। ਦਰਜ਼ੀਗੀਰੀ, ਪ੍ਰਕਾਸ਼ ਦਾ ਜੱਦੀ ਪੇਸ਼ਾ ਸੀ। ਉਹਦੀਆਂ ਦੋ ਕੁੜੀਆਂ ਸਨ ਤੇ ਇੱਕ ਅਠਾਰਾਂ, ਉੱਨੀ ਵਰ੍ਹਿਆਂ ਦਾ ਮੁੰਡਾ। ਕੁੜੀਆਂ ਦੋਵੇਂ ਵਿਆਹੀਆਂ ਗਈਆਂ ਸਨ ਤੇ ਮੁੰਡਾ ਉਹਦੇ ਨਾਲ ਹੀ ਕੰਮ ਕਰਦਾ ਸੀ।
“ਅੰਕਲ ਜੀ, ਦਰਜ਼ੀਗੀਰੀ ਚੋਂ ਕਿੰਨੇ ਕੁ ਪੈਸੇ ਬਣ ਜਾਂਦੇ ਨੇ?” ਬਿੰਦੋ ਨੇ ਪੁੱਛਿਆ।
ਪ੍ਰਕਾਸ਼ ਮੁਸਕਰਾ ਪਿਆ। “ਬੇਟੇ, ਤੈਨੂੰ ਪਤਾ ਈ ਏ, ਅਸੀਂ ਤਾਂ ਪੁਸ਼ਤਾਂ ਤੋਂ ਦਰਜ਼ੀ ਹਾਂ ਤੇ ਮੈਨੂੰ ਤਾਂ ਬੱਸ ਇਹੋ ਹੀ ਇੱਕ ਕੰਮ ਕਰਨਾ ਆਉਂਦਾ ਏ। ਮੇਰੇ ਪਿਓ ਨੇ ਇਹ ਕੰਮ ਆਪਣੇ ਪਿਓ ਤੋਂ ਸਾਂਭਿਆ ਸੀ, ਮੈਂ ਆਪਣੇ ਪਿਓ ਤੋਂ, ਅਤੇ ਮੈਥੋਂ ਬਾਅਦ ਮੇਰੇ ਮੁੰਡੇ ਨੇ ਇਹ ਸਾਂਭ ਲੈਣਾ ਏ। ਪੁੱਤ ਅਸੀਂ ਅਮੀਰ ਨਹੀਂ ਹਾਂ, ਪਰ ਅਸੀਂ ਤੰਗੀ ਤੁਰਸ਼ੀ ਵੀ ਕਦੇ ਨਹੀਂ ਵੇਖੀ; ਸਾਨੂੰ ਰੋਟੀ ਦਾ ਫ਼ਿਕਰ ਨਹੀਂ ਹੋਇਆ ਕਦੀ। ਇੱਕ ਦਰਜ਼ੀ ਕਿੰਨੇ ਪੈਸੇ ਬਣਾ ਸਕਦਾ ਏ, ਇਹ ਤਾਂ ਉਹਦੀ ਮਿਹਨਤ ਤੇ ਨਿਰਭਰ ਕਰਦਾ ਏ, ਅਤੇ ਇਸ ਗੱਲ ਤੇ ਕਿ ਉਹ ਰਹਿੰਦਾ ਕਿੱਥੇ ਏ। ਮੇਰਾ ਖ਼ਿਆਲ ਏ, ਸ਼ਹਿਰਾਂ ਚ ਦਰਜ਼ੀ ਸਾਡੇ ਨਾਲ਼ੋਂ ਕਿਤੇ ਵੱਧ ਪੈਸਾ ਕਮਾ ਲੈਂਦੇ ਨੇ।”
ਪ੍ਰਕਾਸ਼ ਦੇ ਜਵਾਬ ਨਾਲ ਬਿੰਦੋ ਨੂੰ ਤਸੱਲੀ ਹੋਈ। ਦਰਜ਼ੀ ਬਣਨਾ, ਉਹਦੇ ਸੁਪਨਿਆਂ ਦੀ ਪੜ੍ਹੇ ਲਿਖਿਆਂ ਵਾਲੀ ਨੌਕਰੀ ਤਾਂ ਨਹੀਂ ਸੀ, ਪਰ ਇਹਦੇ ਨਾਲ ਉਹ ਆਤਮ-ਨਿਰਭਰ ਜ਼ਰੂਰ ਹੋ ਸਕਦੀ ਸੀ, ਤੇ ਉਸੇ ਦੀ ਉਹਨੂੰ ਵੱਧ ਤਾਂਘ ਸੀ। ਉਹਨੇ ਪ੍ਰਕਾਸ਼ ਨੂੰ ਪੁੱਛਿਆ ਕਿ ਕੀ ਉਹ, ਉਹਨੂੰ, ਸਿਲਾਈ ਸਿਖਾ ਸਕਦਾ ਹੈ?
“ਕਿਉਂ ਨਹੀਂ ਬੇਟੇ? ਸੋਮੇ ਨੂੰ ਕਹੀਂ ਮੇਰੇ ਨਾਲ ਗੱਲ ਕਰੇ ਤੇ ਆਪਾਂ ਤੇਰੀ ਟ੍ਰੇਨਿੰਗ ਸ਼ੁਰੂ ਕਰ ਦਿਆਂਗੇ।”
ਬਿੰਦੋ ਨੇ ਆਪਣੇ ਪਿਓ ਨਾਲ ਗੱਲ ਕੀਤੀ ਤੇ ਅਗਲੇ ਦਿਨ ਬਿੰਦੋ ਸਿਖਲਾਈ ਸਿੱਖ ਰਹੀ ਸੀ। ਪ੍ਰਕਾਸ਼ ਨੇ ਆਪਣੇ ਘਰ ਦੇ ਹੀ ਇੱਕ ਹਿੱਸੇ ਵਿੱਚ ਸਿਲਾਈ ਦਾ ਕੰਮ ਸੈੱਟ ਕੀਤਾ ਹੋਇਆ ਸੀ। ਉਹਦੇ ਕੋਲ ਬਹੁਤ ਕੰਮ ਸੀ ਤੇ ਉਹਨੇ ਆਪਣੇ ਮੁੰਡੇ ਤੋਂ ਇਲਾਵਾ, ਇੱਕ ਹੋਰ ਕਾਰੀਗਰ ਰੱਖਿਆ ਹੋਇਆ ਸੀ। ਬਿੰਦੋ ਨੂੰ ਕੰਮ ਬਹੁਤ ਪਸੰਦ ਆਇਆ ਤੇ ਉਹ ਜਲਦੀ ਹੀ ਮਾਹਰ ਹੋ ਗਈ। ਦੋ ਮਹੀਨਿਆਂ ਬਾਅਦ, ਪ੍ਰਕਾਸ਼ ਨੇ ਉਹਨੂੰ ਤਨਖ਼ਾਹ ਵੀ ਦੇਣੀ ਸ਼ੁਰੂ ਕਰ ਦਿੱਤੀ। ਪੈਸੇ ਤਾਂ ਬਹੁਤ ਜ਼ਿਆਦਾ ਨਹੀਂ ਸਨ, ਪਰ ਇਹਦੇ ਨਾਲ ਬਿੰਦੋ ਦੇ ਆਤਮ-ਵਿਸ਼ਵਾਸ ਵਿੱਚ ਬਹੁਤ ਵਾਧਾ ਹੋਇਆ।
ਸੋਮੇ ਨੇ ਬਿੰਦੋ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਤੇ ਦੋ ਕੁ ਸਾਲਾਂ ਬਾਅਦ ਉਹਨੂੰ ਤੇਜਾ ਮਿਲ ਗਿਆ। ਇਹ ਜਾਣ ਕੇ ਕਿ ਉਹਦਾ ਹੋਣ ਵਾਲਾ ਪਤੀ ਪ੍ਰਾਇਮਰੀ ਸਕੂਲ ਤੋਂ ਅੱਗੇ ਨਹੀਂ ਸੀ ਪੜ੍ਹਿਆ, ਬਿੰਦੋ ਨੂੰ ਨਿਰਾਸ਼ਾ ਹੋਈ। ਪ੍ਰੰਤੂ ਸੋਮੇ ਨੇ ਜੋ ਤੇਜੇ ਬਾਰੇ ਦੱਸਿਆ, ਉਹ ਬਹੁਤ ਦਿਲਚਸਪ ਸੀ। ਤੇਜਾ ਤੇ ਉਹਦਾ ਪਿਓ ਕਿਸੇ ਦੀ ਜ਼ਮੀਨ ਵਟਾਈ ਤੇ ਵਾਹੁੰਦੇ ਸਨ। ਇੱਕ ਕੀਰੇ ਲਈ ਕਿਸਾਨੀ ਕਰਨਾ, ਤੇ ਕਾਮੇ ਰੱਖਣੇ, ਬਹੁਤ ਮਾਣ ਵਾਲੀ ਗੱਲ ਸੀ, ਬੇਸ਼ੱਕ ਉਹਨਾਂ ਨੇ ਜ਼ਮੀਨ ਵਟਾਈ ਤੇ ਹੀ ਕਿਉਂ ਨਾ ਲਈ ਹੋਵੇ।
ਵੱਡੀ ਗੱਲ ਇਹ ਕਿ ਤੇਜੇ ਦਾ ਘਰ ਇੱਟਾਂ ਦਾ ਬਣਿਆ ਸੀ, “ਇਕੱਲੀ ਬਸਤੀ ਹੀ ਨਹੀਂ, ਸਾਰੇ ਪਿੰਡ ਵਿੱਚ ਸਭ ਤੋਂ ਵਧੀਆ ਘਰ ਹੈ!” ਸੋਮੇ ਨੇ ਮਾਣ ਭਰੀਆਂ ਅੱਖਾਂ ਨਾਲ ਬਿੰਦੋ ਨੂੰ ਦੱਸਿਆ। ਬਿੰਦੋ ਨੂੰ ਆਪਣੇ ਪਿਓ ਦੀ ਸਿਆਣਪ ਤੇ ਭਰੋਸਾ ਸੀ। ਗਾਰੇ ਦੀਆਂ ਚਾਰ ਕੰਧਾਂ ਦੀ ਥਾਂ, ਜਿੱਥੇ ਉਹ ਪਲ਼ੀ ਸੀ, ਇੱਕ ਵਧੀਆ ਘਰ ਵਿੱਚ ਰਹਿਣ ਦੀ ਕਲਪਨਾ ਕਰਕੇ ਉਹ ਬਹੁਤ ਉਤਸੁਕ ਹੋ ਗਈ।
ਪਰ ਆਪਣੀ ਮਾਂ ਦੀ ਦਲੀਲ ਹਾਲੇ ਵੀ ਉਹਦੇ ਦਿਲ ਨੂੰ ਟੁੰਬਦੀ ਸੀ। ‘ਮੇਰੇ ਬੱਚੇ ਕਾਲਜ ਜਾਣਗੇ, ਤੇ ਉਹਨਾਂ ਨੂੰ ਕੋਈ ਨਹੀਂ ਰੋਕੇਗਾ, ਜਿਵੇਂ ਮੈਨੂੰ ਰੋਕਿਆ ਗਿਆ ਹੈ,’ ਬਿੰਦੋ ਨੇ ਦ੍ਰਿੜ੍ਹ ਫ਼ੈਸਲਾ ਲਿਆ।
ਬਿੰਦੋ ਨੇ ਤੇਜੇ ਨੂੰ ਵਿਆਹ ਤੋਂ ਪਹਿਲਾਂ ਨਹੀਂ ਸੀ ਵੇਖਿਆ। ਲਾਵਾਂ ਵੇਲੇ ਉਹ ਤੇਜੇ ਦੀ ਲੰਬਾਈ ਦਾ ਅੰਦਾਜ਼ਾ ਲਾਉਣ ਲਈ ਸਿੱਧੀ ਹੋ ਕੇ ਤੁਰੀ, ਪਰ ਫ਼ੈਸਲਾ ਨਾ ਕਰ ਸਕੀ ਕਿ ਤੇਜਾ ਉਸ ਤੋਂ ਉੱਚਾ ਸੀ ਜਾਂ ਨਹੀਂ; ‘ਬਲਦੇਵ ਦੀ ਠੋਡੀ ਥੱਲੇ ਆ ਜਾਵੇਗਾ,’ ਉਹਨੇ ਸੋਚਿਆ। ਪਤਲੇ ਲਾਲ ਦੁਪੱਟੇ ਦਾ ਘੁੰਡ ਇੱਕ ਫ਼ਿਲਟਰ ਵਾਂਗ ਸੀ, ਜਿਸ ਰਾਹੀਂ ਉਹ ਹਰ ਚੀਜ਼ ਨੂੰ ਵੇਖ ਰਹੀ ਸੀ, ਆਪਣੇ ਪਤੀ ਦੇ ਚਿਹਰੇ ਨੂੰ ਵੀ। ਸਹੁਰਿਆਂ ਨੂੰ ਜਾਣ ਵੇਲੇ ਕਾਰ ਵਿੱਚ ਉਸ ਨੇ ਪਹਿਲੀ ਵਾਰ ਤੇਜੇ ਨੂੰ ਖੁੱਲ੍ਹ ਕੇ ਵੇਖਿਆ। ਉਹ ਪਿਛਲੀ ਸੀਟ ਤੇ ਬੈਠੀ ਸੀ, ਡਰਾਈਵਰ ਦੇ ਪਿੱਛੇ, ਤੇ ਤੇਜਾ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ਤੇ। ‘ਠੀਕ ਹੈ, ਚੱਲੇਗਾ,’ ਉਹਨੇ ਮਨ ‘ਚ ਸੋਚਿਆ।
ਕੁੰਡੀਆਂ ਜਾ ਕੇ ਉਹਨੂੰ ਰਾਤ ਜਿਵੇਂ ਮਸਾਂ ਆਈ ਸੀ, ਸਾਰੇ ਦਿਨ ਦੀਆਂ ਥਕਾ ਦੇਣ ਵਾਲੀਆਂ ਰਸਮਾਂ ਅਤੇ ਨਵੀਂ ਵਹੁਟੀ ਨੂੰ ਵੇਖਣ ਆਈਆਂ ਤੀਵੀਆਂ ਦੀ ਲੰਮੀ ਕਤਾਰ ਖ਼ਤਮ ਹੋਣ ਤੋਂ ਕਿਤੇ ਬਾਅਦ, ਜਦੋਂ ਉਹ ਅਖੀਰ ਕਮਰੇ ਚ ਮੰਜੇ ਤੇ ਪਹੁੰਚੀ ਤਾਂ ਉਹਦੀ ਨੀਂਦ ਜ਼ੋਰਾਂ ਤੇ ਸੀ, ਪਰ ਇਹ ਸੋਚ ਕੇ ਕਿ ਕਿਤੇ ਤੇਜਾ ਨਾਰਾਜ਼ ਨਾ ਹੋ ਜਾਵੇ ਉਹ ਬੈਠੀ ਉਡੀਕਦੀ ਰਹੀ। ਉਹਨੇ ਆਪਣੀਆਂ ਸਹੇਲੀਆਂ ਤੋਂ ਇੰਨੀਆਂ ਕਹਾਣੀਆਂ ਸੁਣੀਆਂ ਸਨ ਕਿ ਉਹਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਕਿ ਰਾਤ ਉਹਦੇ ਲਈ ਕੀ ਸੌਗਾਤ ਲੈ ਕੇ ਆਵੇਗੀ। ਇੱਕ ਨੇ ਦੱਸਿਆ ਸੀ ਕਿ ਉਹਦਾ ਪਤੀ ਚਾਹੁੰਦਾ ਸੀ ਹਰ ਚੀਜ਼ ਦੀ ਸ਼ੁਰੂਆਤ ਉਹੋ ਹੀ ਕਰੇ—ਆਦਮੀ ਲਈ ਕਿਸੇ ਚੀਜ਼ ਦੀ ਮੰਗ ਕਰਨੀ ਉਹਦੀ ਕਮਜ਼ੋਰੀ ਹੁੰਦੀ ਹੈ। ਇੱਕ ਹੋਰ ਨੇ ਦੱਸਿਆ ਕਿ ਉਹ ਸਾਰੀ ਰਾਤ ਜਾਗਦੇ ਅਤੇ ਪਿਆਰ ਦੀਆਂ ਪੀਂਘਾਂ ਪਾਉਂਦੇ ਰਹੇ। ਤੇ ਇੱਕ ਉਹ, ਜਿਸ ਦਾ ਪਤੀ ਨਸ਼ੇ ਵਿੱਚ ਧੁੱਤ ਆਇਆ ਤੇ ਉਹਦੇ ਨਾਲ ਧੱਕਾ ਕਰਕੇ ਸੌਂ ਗਿਆ, ਤੇ ਫਿਰ ਉਹ ਜਿਸ ਦਾ ਪਤੀ ਇੰਨਾ ਘਬਰਾਇਆ ਸੀ ਕਿ ਵਿਚਾਰਾ ਕੁਝ ਵੀ ਨਾ ਕਰ ਸਕਿਆ।
ਅਖੀਰ, ਦਰਵਾਜ਼ਾ ਹਿੱਲਣ, ਕਿਸੇ ਦੇ ਅੰਦਰ ਵੜਨ ਅਤੇ ਪਿੱਛੇ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਆਈ। ਬਿੰਦੋ ਆਪਣੇ ਵਿਆਹ ਵਾਲੇ ਕੱਪੜਿਆਂ ਵਿੱਚ ਹੀ ਮੰਜੇ ਤੇ ਬੈਠੀ ਸੀ। ਬਹੁਤ ਹੌਲੀ, ਕੋਈ ਨੇੜੇ ਆਇਆ। ਬਿੰਦੋ ਉਡੀਕਦੀ ਸੀ ਕਿ ਕੁੱਝ ਬੋਲੇਗਾ, ਪਰ ਉਹ ਕੁੱਝ ਨਾ ਬੋਲਿਆ। ਬਿੰਦੋ ਖਿਸਕ ਕੇ ਥੋੜ੍ਹਾ ਪਰੇ ਹੋ ਗਈ ਅਤੇ ਉਹ ਹਲਕੇ ਜਿਹੇ ਉਹਦੇ ਲਾਗੇ ਬੈਠ ਗਿਆ। ਦੋ ਕੁ ਮਿੰਟਾਂ ਬਾਅਦ ਉਹਨੇ ਆਪਣਾ ਹੱਥ ਬਿੰਦੋ ਦੇ ਮੋਢੇ ਤੇ ਰੱਖਿਆ।
ਤੂੰ ਪੈਣਾ ਏ? ਸਾਰੇ ਦਿਨ ਦੀ ਥੱਕੀ ਹੋਵੇਂਗੀ, ਉਹ ਬੋਲਿਆ। ਤੇਜੇ ਦੇ ਆਦਰ ਭਰੇ ਬੋਲਾਂ ਨਾਲ ਬਿੰਦੋ ਦੇ ਮਨ ਨੂੰ ਸਕੂਨ ਆ ਗਿਆ। ਤੇਜਾ ਉਹਨੂੰ ਹੌਲੀ ਜਿਹੇ ਮੋਢਿਆਂ ਤੋਂ ਫੜ ਪਿਛਾਂਹ ਨੂੰ ਟੇਢਾ ਹੋ ਗਿਆ ਤੇ ਉਹ ਦੋਨੋਂ ਮੰਜੇ ਤੇ ਸਿੱਧੇ ਹੋ ਗਏ। ਉਹ ਪਿੱਠ ਭਾਰ ਪਿਆ ਸੀ ਤੇ ਬਿੰਦੋ ਉਹਦੇ ਮੋਢੇ ਤੇ ਸਿਰ ਰੱਖ ਕੇ ਪੈ ਗਈ। ਤੇਜੇ ਨੇ ਉਹਦੇ ਵਿਹਲੇ ਹੱਥ ਨੂੰ ਫੜ ਕੇ ਆਪਣੀ ਛਾਤੀ ਤੇ ਰੱਖ ਲਿਆ ਤੇ ਬਹੁਤ ਨਜ਼ਾਕਤ ਨਾਲ ਉਹਦੀ ਬਾਂਹ ਤੇ ਆਪਣਾ ਹੱਥ ਫੇਰਨ ਲੱਗਾ। ਲੱਗਦਾ ਸੀ ਜਿਵੇਂ ਲੰਮਾ ਸਮਾਂ ਲੰਘ ਗਿਆ ਹੋਵੇ ਤੇ ਉਹ ਹਾਲੇ ਵੀ ਉਸ ਦੀ ਬਾਂਹ ਤੇ ਹੱਥ ਫੇਰ ਰਿਹਾ ਸੀ। ਹੌਲੀ ਹੌਲੀ, ਬਿੰਦੋ ਦਾ ਮਨ ਸੁਖਮਈ ਹੁੰਦਾ ਗਿਆ, ਤੇ ਹਰੇਕ ਲੰਘਦੇ ਮਿੰਟ ਉਹਦੀ ਨੀਂਦ ਦਾ ਘੇਰਾ ਵਧਦਾ ਗਿਆ। ਫਿਰ ਤੇਜੇ ਨੇ ਕੁੱਝ ਅਜੀਬ ਜਿਹਾ ਕਿਹਾ ਜਿਹੜਾ ਬਿੰਦੋ ਦੀ ਸਮਝ ਵਿੱਚ ਨਹੀਂ ਆਇਆ। “ਬਿੰਦੋ ਤੈਨੂੰ ਪਤਾ ਏ, ਚਾਂਦਗੀ ਰਾਮ ਨੇ ਦਿੱਲੀ ਵਿੱਚ ਅਖਾੜਾ ਖੋਲ੍ਹਿਆ ਏ?”
ਚਾਂਦਗੀ ਰਾਮ ਫ਼ਰੀ ਸਟਾਈਲ ਕੁਸ਼ਤੀ ਦਾ ਓਲੰਪਿਕ ਦਰਜੇ ਦਾ ਪਹਿਲਵਾਨ ਸੀ। ਬਿੰਦੋ ਨੂੰ ਨਹੀਂ ਸੀ ਪਤਾ, ਚਾਂਦਗੀ ਰਾਮ ਕੌਣ ਹੈ ਤੇ ਜੇਕਰ ਪਤਾ ਹੁੰਦਾ ਵੀ, ਉਹਨੂੰ ਪਹਿਲਵਾਨੀ ਚ ਕੋਈ ਦਿਲਚਸਪੀ ਨਹੀਂ ਸੀ।
ਇਹ ਕਿੱਦਾਂ ਦੀ ਪਿਆਰ ਖ਼ੇਡ ਹੋਈ? ਨਰਵਸ ਏ, ਉਹਨੇ ਸੋਚਿਆ। ਫਿਰ ਉਹ ਕੁੱਝ ਮਿੰਟਾਂ ਲਈ ਚੁੱਪ ਰਿਹਾ, ਪਰ ਹਾਲਾਂ ਵੀ ਉਹਦੀ ਬਾਂਹ ਨੂੰ ਪਲੋਸ ਰਿਹਾ ਸੀ। “ਬਿੰਦੋ ਆਪਣੇ ਦੋ ਮੁੰਡੇ ਹੋਣਗੇ, ਦੋਵੇਂ ਦਰਸ਼ਨੀ ਜੁਆਨ।”
‘ਇੱਕ ਮੁੰਡਾ ਤੇ ਇੱਕ ਕੁੜੀ,’ ਉਹਨੇ ਕਹਿਣਾ ਚਾਹਿਆ, ਪਰ ਚੁੱਪ ਰਹੀ ਤੇ ਹੌਲੀ ਹੌਲੀ ਤੇਜੇ ਦੀਆਂ ਬਾਂਹਾਂ ਵਿੱਚ ਸੌਂ ਗਈ।
ਤੇਜਾ ਇੱਕ ਚੰਗਾ ਪਤੀ ਨਿਕਲਿਆ। ਬਿੰਦੋ ਨੂੰ ਬੱਸ ਇੱਕੋ ਸ਼ਿਕਾਇਤ ਸੀ—ਉਹ ਬਿਲਕੁਲ ਵੀ ਕਿਸੇ ਦੇ ਸਿਰ ਨਹੀਂ ਸੀ ਆਉਂਦਾ, ਆਪਣੇ ਹੱਕ ਲਈ ਵੀ ਨਹੀਂ। ਸਿਰਫ ਉਦੋਂ ਹੀ ਬੋਲਦਾ ਸੀ ਜਦੋਂ ਬੋਲੇ ਬਿਨਾਂ ਸਰੇ ਹੀ ਨਾਂ। ਪਰ ਉਹ ਇੱਕ ਪਿਆਰ ਕਰਨ ਵਾਲਾ ਅਤੇ ਮਿਹਨਤੀ ਇਨਸਾਨ ਸੀ।
ਜਦੋਂ ਤਿੰਨ ਸਾਲਾਂ ਬਾਅਦ ਜੱਗੀ ਨੇ ਜਨਮ ਲਿਆ ਤਾਂ ਤੇਜੇ ਨੇ ਆਪਣੇ ਦਿਲ ਦੀ ਗੱਲ ਦੱਸੀ। “ਮੈਨੂੰ ਖ਼ੁਸ਼ੀ ਹੈ ਕਿ ਮੇਰੀ ਘਰ ਵਾਲੀ ਪੜ੍ਹੀ ਲਿਖੀ ਹੈ। ਮੈਨੂੰ ਪੜ੍ਹਾਈ ਬਾਰੇ ਕੁੱਝ ਵੀ ਨਹੀਂ ਪਤਾ ਤੇ ਮੈਨੂੰ ਪਤਾ ਹੀ ਨਹੀਂ ਸੀ ਹੋਣਾ ਕਿ ਬੱਚੇ ਦੀ ਦੇਖ ਭਾਲ ਕਿਵੇਂ ਕਰਨੀ ਹੈ।”
“ਮੈਨੂੰ ਪਤਾ ਏ, ਤੁਸੀਂ ਉਹਨੂੰ ਸਕੂਲ ਤਾਂ ਜ਼ਰੂਰ ਭੇਜਣਾ ਸੀ,” ਬਿੰਦੋ ਨੇ ਹਲਕੇ ਅੰਦਾਜ਼ ਵਿੱਚ ਜਵਾਬ ਦਿੱਤਾ।
“ਹਾਂ, ਭੇਜਣਾ ਸੀ, ਪਰ ਨਾ ਤਾਂ ਮੈਂ ਉਹਦੀ ਪੜ੍ਹਾਈ ਚ ਕੋਈ ਮਦਦ ਕਰ ਸਕਦਾ ਸੀ ਤੇ ਨਾ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ। ਹੁਣ ਮੈਨੂੰ ਫ਼ਿਕਰ ਨਹੀਂ, ਤੂੰ ਹੈਂ ਨਾਂ, ਤੈਨੂੰ ਸਭ ਪਤਾ ਏ ਬਈ ਕੀ ਕਰਨਾ ਏ।”
ਮੇਰੇ ਕੋਲ ਵੀ ਸਾਰੇ ਸਵਾਲਾਂ ਦੇ ਜਵਾਬ ਨਹੀਂ, ਪਰ ਇੱਕ ਗੱਲ ਦਾ ਮੈਨੂੰ ਪੱਕਾ ਪਤਾ ਏ, ਬਿੰਦੋ ਬੋਲੀ।
ਉਹ ਕੀ?
“ਆਪਣਾ ਪੁੱਤਰ ਯੂਨੀਵਰਸਿਟੀ ਜਾਵੇਗਾ, ਤੇ ਉੱਥੇ ਪੜ੍ਹਨ ਤੋਂ ਉਹਨੂੰ ਕੋਈ ਨਹੀਂ ਰੋਕ ਸਕੇਗਾ, ਕੋਈ ਵੀ ਨਹੀਂ!” ਬਿੰਦੋ ਦਾ ਭਰੋਸਾ ਵੇਖ, ਤੇਜੇ ਦੇ ਚਿਹਰੇ ਤੇ ਚਮਕ ਆ ਗਈ।
ਅੱਜ ਜੱਗੀ ਨੂੰ ਸਕੂਲ ਭੇਜਣਾ ਬਿੰਦੋ ਦੀ ਜ਼ਿੰਦਗੀ ਦਾ ਸਭ ਤੋਂ ਵੱਧ ਮਾਣ ਵਾਲਾ ਦਿਨ ਸੀ। ਉਹ ਦਰਵਾਜ਼ੇ ਵਿੱਚ ਖੜ੍ਹੀ ਦੋਨਾਂ ਨੂੰ ਉਦੋਂ ਤੀਕ ਵਿੰਹਦੀ ਰਹੀ ਜਦੋਂ ਤੀਕਰ ਉਹ ਟਿੱਬੀ ਦੇ ਓਹਲੇ ਨਹੀਂ ਹੋ ਗਏ ਅਤੇ ਉਹਨਾਂ ਪਲਾਂ ਵਿੱਚ ਉਹ ਜੱਗੀ ਨੂੰ ਵਧ ਕੇ ਕਾਲਜੀਏਟ ਬਣਿਆ ਵੇਖ ਗਈ। ‘ਮੇਰਾ ਪੁੱਤਰ ਯੂਨੀਵਰਸਿਟੀ ਜਾਵੇਗਾ, ਅਤੇ ਕੋਈ ਵੀ ਚੀਜ਼ ਉਹਨੂੰ ਨਹੀਂ ਰੋਕ ਸਕੇਗੀ, ਕੋਈ ਵੀ!’
ਪਹਿਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀ ਕਿਸ਼ਤ ਲਈ ਇਹ ਲੜੀ ਆਪਣੇ ਬੁੱਕਮਾਰਕ ਵਿੱਚ ਰੱਖੋ।
ਅਗਲੀ ਕਿਸ਼ਤ ਦੀ ਉਡੀਕ ਨਹੀਂ ਕਰਨੀ?
ਪੂਰਾ ਨਾਵਲ ਹੁਣੇ ਪੜ੍ਹੋ।
ਪੰਜਾਬੀ ਈ-ਬੁੱਕ
ਗਮਰੋਡ ਤੋਂ ਡਾਊਨਲੋਡ ਕਰੋ
ਛਪੀ ਹੋਈ ਕਿਤਾਬ ਪੜ੍ਹਨਾ ਚਾਹੁੰਦੇ ਹੋ?
ਪੰਜਾਬੀ ਕਿਤਾਬ · ਰੇਖ਼ਤਾ ਬੁੱਕਸ
ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਉਪਲਬਧ
गरिमा का बोझ · Chasing Dignity

-
ਰਛਪਾਲ ਸਹੋਤਾ, ਲੇਖਕ
rachhpalsahota@hotmail.com
....
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.