SIR ਵਿਵਾਦ ਦਰਮਿਆਨ ਚੋਣ ਕਮਿਸ਼ਨ ਦਾ ਵੱਡਾ ਫੈਸਲਾ
ਸਟਾਫ਼ ਅਤੇ IT ਟੀਮ 'ਤੇ ਰੱਖੀ ਜਾਵੇਗੀ ਤਿੱਖੀ ਨਜ਼ਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 6 ਨਵੰਬਰ, 2026 : ਵਿਸ਼ੇਸ਼ ਗਹਿਨ ਪੁਨਰੀਖਣ (SIR) ਪ੍ਰਕਿਰਿਆ ਨੂੰ ਲੈ ਕੇ ਪੈਦਾ ਹੋਏ ਅੰਦਰੂਨੀ ਵਿਵਾਦਾਂ ਦਰਮਿਆਨ ਭਾਰਤੀ ਚੋਣ ਕਮਿਸ਼ਨ (ECI) ਨੇ ਇੱਕ ਵੱਡਾ ਪ੍ਰਸ਼ਾਸਨਿਕ ਫੈਸਲਾ ਲੈਂਦਿਆਂ ਆਪਣੇ ਅਧਿਕਾਰੀਆਂ ਅਤੇ ਸਟਾਫ਼ ਦੇ ਕੰਮਕਾਜ ਦੀ ਸਖ਼ਤ ਨਿਗਰਾਨੀ ਦੇ ਹੁਕਮ ਜਾਰੀ ਕੀਤੇ ਹਨ।
ਚੋਣ ਕਮਿਸ਼ਨ ਵਿੱਚ ਇਹ ਹਲਚਲ ਉਦੋਂ ਸ਼ੁਰੂ ਹੋਈ ਜਦੋਂ ਦੋ ਚੋਣ ਕਮਿਸ਼ਨਰਾਂ - ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ - ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਉਠਾਉਂਦਿਆਂ ਕੈਬਨਿਟ ਸਕੱਤਰ ਟੀ.ਵੀ. ਸੋਮਨਾਥਨ ਨੂੰ ਲਿਖਤੀ ਪੱਤਰ ਭੇਜਿਆ।
ਇਸ ਅੰਦਰੂਨੀ ਖਿੱਚੋਤਾਣ ਤੋਂ ਬਾਅਦ ਪੂਰਾ ਕਮਿਸ਼ਨ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ। IT ਵਿਭਾਗ ਅਤੇ ਸੀਮਾ ਖੰਨਾ ਦੀ ਨਿਗਰਾਨੀ: ਚੋਣ ਕਮਿਸ਼ਨ ਦੇ 4 ਨਵੰਬਰ ਦੇ ਆਰਡਰ ਅਨੁਸਾਰ ਵਿਵਾਦ ਦੇ ਕੇਂਦਰ ਬਿੰਦੂ ਬਣੀ IT ਵਿਭਾਗ ਦੀ ਡਾਇਰੈਕਟਰ ਸੀਮਾ ਖੰਨਾ ਦੇ ਕੰਮਕਾਜ ਦੀ ਨਿਗਰਾਨੀ ਹੁਣ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਪਵਨ ਕੁਮਾਰ ਸ਼ਰਮਾ ਕਰਨਗੇ। ਸੀਮਾ ਖੰਨਾ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਡਿਜੀਟਲ ਵੋਟਰ ਸੂਚੀ ਦੇ ਬੁਨਿਆਦੀ ਢਾਂਚੇ ਨੂੰ ਕੇਂਦਰੀਕ੍ਰਿਤ ਕੀਤਾ ਅਤੇ ਰਾਜਾਂ ਦੇ ਅਧਿਕਾਰੀਆਂ ਦੀ ਵੋਟਰ ਲਿਸਟ ਤੱਕ ਪਹੁੰਚ 'ਤੇ ਪਾਬੰਦੀਆਂ ਲਗਾਈਆਂ।
ਸੀਨੀਅਰ ਡਿਪਟੀ ਚੋਣ ਕਮਿਸ਼ਨਰ ਪਵਨ ਕੁਮਾਰ ਸ਼ਰਮਾ ਨੂੰ IT, ਰਾਜਨੀਤਿਕ ਪਾਰਟੀਆਂ, ਚੋਣ ਖ਼ਰਚ ਨੀਤੀ, ਆਬਜ਼ਰਵਰ ਡਿਵੀਜ਼ਨ ਅਤੇ ਦੱਖਣੀ-II, ਪੂਰਬ-II ਤੇ ਉੱਤਰ-ਪੂਰਬ-II ਜ਼ੋਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੂਜੇ ਪਾਸੇ, ਸੀਨੀਅਰ ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਚੋਣ ਯੋਜਨਾਬੰਦੀ ਦੀ ਨਿਗਰਾਨੀ ਕਰਨਗੇ, ਜਿਸ ਵਿੱਚ ਡਿਪਟੀ ਚੋਣ ਕਮਿਸ਼ਨਰ ਪ੍ਰਕਾਸ਼ ਰਾਜਪੁਰੋਹਿਤ ਉਨ੍ਹਾਂ ਦੀ ਸਹਾਇਤਾ ਕਰਨਗੇ।
28 ਜੁਲਾਈ ਨੂੰ ਮਨੀਸ਼ ਗਰਗ ਵੱਲੋਂ ਜਾਰੀ ਕੀਤਾ ਗਿਆ ਆਦੇਸ਼ ਲਾਗੂ ਨਹੀਂ ਕੀਤਾ ਗਿਆ ਸੀ ਅਤੇ 30 ਜੁਲਾਈ ਦੀਆਂ ਤਬਦੀਲੀਆਂ ਨੂੰ ਵੀ ਵਾਪਸ ਲੈ ਲਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਚੋਣ ਕਮਿਸ਼ਨਰਾਂ ਨੇ 29 ਜੁਲਾਈ ਨੂੰ ਕੈਬਨਿਟ ਸਕੱਤਰ ਨੂੰ ਪੱਤਰ ਲਿਖ ਕੇ CEC ਗਿਆਨੇਸ਼ ਕੁਮਾਰ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਫੈਸਲੇ ਲੈਣ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਕਮਿਸ਼ਨ ਨੂੰ ਨਵਾਂ ਪ੍ਰਸ਼ਾਸਨਿਕ ਢਾਂਚਾ ਮਨਜ਼ੂਰ ਕਰਨਾ ਪਿਆ।
- Download Babushahi App
-
-