ਵੱਡੀ ਖ਼ਬਰ: ਪਰਵਿੰਦਰ ਝੋਟਾ ਦਾ ਅੱਜ ਨਹੀਂ ਹੋਇਆ ਪੋਸਟਮਾਰਟਮ
Babushahi Network
ਚੰਡੀਗੜ੍ਹ, 6 ਨਵੰਬਰ 2026- ਇਸ ਵੇਲੇ ਦੀ ਵੱਡੀ ਖ਼ਬਰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਤੈਅ ਸਮੇਂ ਅਨੁਸਾਰ ਅੱਜ ਝੋਟੇ ਦਾ ਪੋਸਟਮਾਰਟਮ ਹੋਣਾ ਸੀ, ਪਰ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਹਾਲਤ ਠੀਕ ਨਾ ਹੋਣ ਕਾਰਨ ਅਤੇ ਸਰੀਰ ਜੰਮ ਜਾਣ ਦੇ ਕਾਰਨ, ਝੋਟੇ ਦਾ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਨਹੀਂ ਹੋ ਸਕਿਆ।
ਦੱਸਦੇ ਚੱਲੀਏ ਕਿ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਪਰਵਿੰਦਰ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨਸ਼ਾ ਵਿਰੋਧੀ ਮੁਹਿੰਮ ਵਿੱਚ ਝੋਟਾ ਅੱਗੇ ਵੱਧ ਕੇ ਲੜ੍ਹ ਰਹੇ ਸਨ ਅਤੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ। ਪਰ 13 ਅਕਤੂਬਰ ਦੀ ਸਵੇਰੇ ਹੀ ਝੋਟਾ ਦੀ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਦੇ ਨਾਲ ਲਾਈਵ ਵੀਡੀਓ ਦੌਰਾਨ ਤਤਕਾਰ ਹੋ ਗਈ ਸੀ ਅਤੇ ਤੈਸ਼ ਵਿੱਚ ਆ ਕੇ ਝੋਟੇ ਨੂੰ ਅਸ਼ਵਨੀ ਨੇ ਗੋਲੀਆਂ ਮਾਰ ਦਿੱਤੀਆਂ ਸਨ। ਜਿਸ ਤੋਂ ਕੁੱਝ ਸਮੇਂ ਬਾਅਦ ਹੀ ਪਰਵਿੰਦਰ ਝੋਟਾ ਦੀ ਮੌਤ ਹੋ ਗਈ ਸੀ।
ਚੇਤੇ ਰਹੇ ਕਿ, ਕਤਲ ਤੋਂ ਅਗਲੇ ਦਿਨ ਤੋਂ ਹੀ ਝੋਟੇ ਦੇ ਪਰਿਵਾਰ ਅਤੇ ਕਮੇਟੀ ਵੱਲੋਂ ਇਨਸਾਫ਼ ਖ਼ਾਤਰ ਮੋਰਚਾ ਲਾਇਆ ਹੋਇਆ ਹੈ। ਝੋਟੇ ਦੇ ਪਰਿਵਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੁਲਾਕਾਤ ਕਰਕੇ ਇਨਸਾਫ਼ ਦਾ ਭਰੋਸਾ ਦੇ ਚੁੱਕੇ ਹਨ, ਉੱਥੇ ਹੀ ਇਸ ਕੇਸ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਅਤੇ ਏਜੰਸੀ ਇਸ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕਰ ਰਹੀ ਹੈ।
ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਝੋਟੇ ਦੀ ਪਰਿਵਾਰ ਦੀ ਇੱਕ ਲੰਮੀ ਮੀਟਿੰਗ ਹੋਈ ਸੀ। ਉਕਤ ਮੀਟਿੰਗ ਦੌਰਾਨ ਪਰਿਵਾਰ ਅਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਸੀ ਅਤੇ ਪਰਿਵਾਰ ਝੋਟੇ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ ਸੀ, ਹਾਲਾਂਕਿ ਝੋਟੇ ਦੀ ਪਰਿਵਾਰ ਦੀ ਮੰਗ ਮੁਤਾਬਿਕ ਅੱਜ ਪੀਜੀਆਈ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕਰਨਾ ਸੀ, ਪਰ ਮ੍ਰਿਤਕ ਦੇਹ ਦੀ ਹਾਲਤ ਠੀਕ ਨਾ ਹੋਣ ਕਾਰਨ ਅੱਜ ਪੋਸਟਮਾਰਟਮ ਨਹੀਂ ਹੋ ਸਕਿਆ। ਜਦੋਂਕਿ ਪਹਿਲਾਂ ਜਾਣਕਾਰੀ ਇਹ ਸਾਹਮਣੇ ਆਈ ਸੀ ਕਿ 7 ਨਵੰਬਰ ਨੂੰ ਝੋਟੇ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ, ਪਰ ਅੱਜ ਪੋਸਟਮਾਰਟਮ ਨਾ ਹੋਣ ਦੇ ਕਾਰਨ, 7 ਨਵੰਬਰ ਨੂੰ ਝੋਟੇ ਦਾ ਅੰਤਿਮ ਸਸਕਾਰ ਕਿਵੇਂ ਹੋਵੇਗਾ, ਇਹ ਸਵਾਲ ਹਾਲੇ ਵੀ ਖੜ੍ਹਾ ਹੈ, ਜਿਸ ਦਾ ਜਵਾਬ ਮਿਲਣਾ ਬਾਕੀ ਹੈ।
- Download Babushahi App
-
-