ਅਮਰੀਕਾ 'ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਖੰਨਾ ਦੀ ਧੀ ਜੈਸਮੀਨ: ਪਿੰਡ ਜਲਾਜਣ 'ਚ ਜੁੜੇ ਪੰਜਾਬ ਦੇ ਲੋਕ, ਇਨਸਾਫ਼ ਅਤੇ 8 ਮਹੀਨੇ ਦੇ ਬੱਚੇ ਦੀ ਕਸਟਡੀ ਦੀ ਕੀਤੀ ਮੰਗ
Ravinder Singh
ਖੰਨਾ/ਜਲਾਜਣ, 6 ਨਵੰਬਰ, 2026: ਖੰਨਾ ਦੇ ਨੇੜਲੇ ਪਿੰਡ ਜਲਾਜਣ ਦੀ ਧੀ ਜੈਸਮੀਨ, ਜੋ ਅਮਰੀਕਾ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ ਸੀ, ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਔਰਤਾਂ ਵਿਰੁੱਧ ਹਿੰਸਾ ਖ਼ਿਲਾਫ਼ ਆਵਾਜ਼ ਚੁੱਕਣ ਲਈ ਉਸ ਦੇ ਪਿੰਡ ਜਲਾਜਣ ਵਿਖੇ ਪੰਜਾਬ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਇੱਕ ਵੱਡਾ ਇਕੱਠ ਹੋਇਆ। ਸ਼ੋਕ ਸਭਾ ਵਿੱਚ ਪਹੁੰਚੇ ਸੈਂਕੜੇ ਲੋਕਾਂ ਨੇ ਜੈਸਮੀਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਮਾਜ ਨੂੰ ਘਰੇਲੂ ਹਿੰਸਾ ਖ਼ਿਲਾਫ਼ ਇੱਕਜੁੱਟ ਹੋਣ ਦਾ ਸੁਨੇਹਾ ਦਿੱਤਾ।
ਸ਼ੋਕ ਸਭਾ ਦੀ ਸ਼ੁਰੂਆਤ ਕਮੇਟੀ ਦੇ ਕਨਵੀਨਰ ਡਾ. ਹਰਚੰਦ ਸਿੰਘ ਵੱਲੋਂ ਜੈਸਮੀਨ ਦੀ ਤਸਵੀਰ 'ਤੇ ਫੁੱਲਮਾਲਾ ਅਰਪਿਤ ਕਰਕੇ ਕੀਤੀ ਗਈ। ਇਸ ਤੋਂ ਬਾਅਦ ਜੈਸਮੀਨ ਦੇ ਭਰਾ ਪਾਸ਼ ਆਜ਼ਾਦ ਅਤੇ ਹੋਰਨਾਂ ਭਰਾਵਾਂ ਦੁਆਰਾ ਲਿਖੇ ਸ਼ੋਕ ਗੀਤਾਂ ਵਿਚਕਾਰ ਸਮੂਹ ਸੰਗਤ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਜੈਸਮੀਨ ਦੀਆਂ ਯਾਦਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਫੋਟੋ ਗੈਲਰੀ ਵੀ ਲਗਾਈ ਗਈ, ਜਿਸ ਵਿੱਚ ਉਸ ਦੇ ਜੀਵਨ ਦੇ ਸਫ਼ਰ ਅਤੇ ਮਹੱਤਵਪੂਰਨ ਪਲਾਂ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਭਾਵੁਕ ਸੁਨੇਹੇ ਸ਼ਾਮਲ ਸਨ।
ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੈਸਮੀਨ ਦਾ ਕਤਲ ਸਿਰਫ਼ ਇੱਕ ਨਿੱਜੀ ਮਾਮਲਾ ਨਹੀਂ ਹੈ, ਸਗੋਂ ਇਹ ਧੀਆਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਗੰਭੀਰ ਸਮਾਜਿਕ ਮੁੱਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਧੀਆਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
- Download Babushahi App
-
-