Political Special-ਰਾਮਪੁਰਾ ਹਲਕਾ : ਇੰਦਰਜੀਤ ਮਾਨ ਨੂੰ ਤਲਵਾਰ ਦੀ ਸਿਆਸੀ ਧਾਰ ’ਤੇ ਤੋਰਨ ਲੱਗੀ ‘ਆਪ’
ਅਸ਼ੋਕ ਵਰਮਾ
ਰਾਮਪੁਰਾ ਫੂਲ , 05 ਨਵੰਬਰ 2026 : ਕੇਂਦਰੀ ਮਾਲਵੇ ’ਚ ਪੈਂਦੇ ਹਲਕਾ ਰਾਮਪੁਰਾ ਫੂਲ ਦਾ ਚੁਣਾਵੀ ਮਿਜਾਜ ਇਸ ਦਫਾ ਆਮ ਆਦਮੀ ਪਾਰਟੀ ਦੇ ਆਗੂ ਤੇ ਮਾਰਕਫੈਡ ਦੇ ਚੇਅਰਮੈਨ ਇੰਦਰਜੀਤ ਮਾਨ ਵੱਲ ਅੰਗੜਾਈ ਲਂੈਦਾ ਦਿਖਾਈ ਦੇ ਰਿਹਾ ਹੈ। ਇੰਦਰਜੀਤ ਗੱਭਰੂ ਮੁੰਡਾ ਹੈ ਜਿਸ ’ਚ ਕੰਮ ਕਰਨ ਦੀ ਵੱਖਰੀ ਊਰਜਾ ਹੈ। ਹਾਲਾਂਕਿ ਹੋਰ ਵੀ ਕਈ ਨੇਤਾ ਸੱਤਾਧਾਰੀ ਧਿਰ ਕੋਲੋਂ ਟਿਕਟ ਦੀ ਝਾਕ ’ਚ ਹਨ ਪਰ ਸਰਵਖੇਣ ਇੰਦਰਜੀਤ ਦੇ ਹੱਕ ’ਚ ਖਲੋਂਦੇ ਨਜ਼ਰ ਆਉਂਦੇ ਹਨ। ਇਸ ਹਲਕੇ ਨੂੰ ਗੁੜ੍ਹਤੀ ਕਾਮਰੇਡਾਂ ਨੇ ਦਿੱਤੀ ਹੋਈ ਹੈ ਜਿਸ ਕਰਕੇ ਹਲਕਾ ਉਸ ਪਾਰਟੀ ਦੀ ਝੋਲੀ ’ਚ ਸਿਆਸੀ ਖੈਰ ਪਾਉਂਦਾ ਹੈ ਜੋ ਉਸ ਦੇ ਅੰਗ ਸੰਗ ਚੱਲਣ ਵਾਲੀ ਹੋਵੇ । ‘ਮਾਨ’ ਨੇ ਪਿਛਲੇ ਲੰਮੇਂ ਸਮੇ ਤੋਂ ਹਲਕੇ ’ਚ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਖਾਸ ਤੌਰ ’ਤੇ ਹਲਕੇ ਦੇ ਪੇਂਡੂ ਪੰਜਾਬ ’ਚ ਉਹ ਆਪਣਾ ਏਜੰਡਾ ਰੱਖਦਾ ਹੈ ਤਾਂ ਲੋਕ ਉੁਸ ਨੂੰ ਦਾਦ ਦਿੰਦੇ ਦਿਸਦੇ ਹਨ।
ਇੰਦਰਜੀਤ ਮਾਨ ’ਚ ਖੂਬੀ ਹੈ ਕਿ ਉਹ ਲੋਕਾਂ ਦੇ ਅੱਧੇ ਬੋਲ ’ਤੇ ਹਾਜ਼ਰ ਹੁੰਦਾ ਹੈ। ਇਸ ਦੀ ਮਿਸਾਲ ਹੈ ਕਿ ਜਦੋਂ ਉਸ ਨੇ ਪਿਛੇ ਜਿਹੇ ਪੰਜਾਬ ਸਰਕਾਰ ਦੇ ਨੀਤੀ ਪ੍ਰੋਗਰਾਮਾਂ ਤੋਂ ਜਾਣੂੰ ਕਰਵਾਉਣ ਲਈ ਭਾਈ ਰੂਪਾ ਦੇ ਇੱਕ ਪੈਲੇਸ ’ਚ ਸਮਾਗਮ ਕਰਵਾਇਆ ਸੀ ਤਾਂ ਇਕੱਠ ਨੇ ਵਿਰੋਧੀਆਂ ਅਤੇ ਆਪਣਿਆਂ ਨੂੰ ਉੱਂਗਲਾਂ ਟੁੱਕਣ ਲਾ ਦਿੱਤਾ ਸੀ। ਮਹੱਤਵਪੂਰਨ ਤੱਥ ਇਹ ਹੈ ਕਿ ਖੁਫੀਆ ਵਿਭਾਗ ਪੰਜਾਬ ਵੀ ਇੰਦਰਜੀਤ ਮਾਨ ਦੀ ਪੈੜ ਨੱਪਣ ਲੱਗਾ ਹੈ ਜਿਸ ਦਾ ਮਤਲਬ ਸਪਸ਼ਟ ਹੈ ਕਿ ‘ਮਾਨਾ’ ਦੇ ਮੁੰਡੇ ’ਚ ਕੋਈ ਗੱਲ ਤਾਂ ਹੈ। ਖੁਫੀਆ ਵਿਭਾਗ ਦੇ ਇੱਕ ਮੁਲਾਜਮ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪਹਿਲਾ ਅਜਿਹਾ ਬੰਦਾ ਦੇਖਿਆ ਹੈ ਜਿਸ ਦੇ ਇਕੱਠ ’ਚ ਸਰਕਾਰ ਦੇ ਪੌਣੇ ਪੰਜ ਸਾਲ ਬਾਅਦ ਵੀ ਲੋਕ ਆਪ ਮੁਹਾਰੇ ਪੁੱਜਦੇੇ ਹਨ। ਆਪਣੇ ਪ੍ਰੋਗਾਮਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਨ ਮੌਕੇ ਇੰਦਰਜੀਤ ਪੰਜਾਬ ਸਰਕਾਰ ਵੱਲੋਂ ਕਰਵਾਏ ਕੰਮਾਂ ਦੀ ਚਰਚਾ ਕਰਦਾ ਹੈ।

ਉਹ ਦੱਸਦਾ ਹੈ ਕਿ ਕਿਸ ਤਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੀ ਪਾਣੀ ਦੀ ਵਰਤੋਂ ਦਾ ਅੰਕੜਾ 21 ਪ੍ਰਤੀਸ਼ਤ ਤੋਂ 80 ਫੀਸਦੀ ਤੱਕ ਲਿਆਂਦਾ ਹੈ। ਜਦੋਂ ਉਹ ਆਖਦਾ ਹੈ ਕਿ ਭਗਵੰਤ ਮਾਨ ਸਰਕਾਰ ਔਰਤਾਂ ਦੇ ਖਾਤਿਆਂ ’ਚ ਟੂੰ ਟੂੰ ਕਰਵਾ ਰਹੀ ਹੈ ਤਾਂ ਖੁਸ਼ੀ ’ਚ ਖੀਵੀਆਂ ਹੋਈਆਂ ਬੀਬੀਆਂ ਸਿਰ ਪਲੋਸਕੇ ਉਸ ਨੂੰ ਆਸ਼ੀਰਵਾਦ ਦਿੰਦੀਆਂ ਹਨ। ਸੂਤਰ ਦੱਸਦੇ ਹਨ ਕਿ ਹਲਕੇ ’ਚ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਕਿਸੇ ਵੀ ਉਮੀਦਵਾਰ ਦੀ ਜਿੱਤ ਦਾ ਕਾਰਨ ਬਣਦਾ ਹੈ। ਮਹਿਰਾਜ ਦੇ ਵੱਡੀ ਗਿਣਤੀ ਲੋਕਾਂ ਨੇ ਇੰਦਰਜੀਤ ਦੇ ਹੱਕ ’ਚ ਹਾਮੀ ਭਰੀ ਹੈ। ਹਲਕੇ ’ਚ ਇਹ ਪ੍ਰਭਾਵ ਵੀ ਮਿਲਿਆ ਕਿ ਆਉਣ ਵਾਲੀਆਂ ਚੋਣਾਂ ’ਚ ਸਿਰ-ਧੜ ਦੀ ਬਾਜੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ’ਚ ਹੀ ਨਹੀਂ ਸਗੋਂ ਮਲੂਕਾ ਅਤੇ ‘ਆਪ’ ਦੇ ਸੰਭਾਵੀ ਉਮੀਦਵਾਰ ਇੰਦਰਜੀਤ ਮਾਨ ਵਿਚਕਾਰ ਲੱਗਣੀ ਤੈਅ ਹੈ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਕਿਸੇ ਸਮੇਂ ਇੰਦਰਜੀਤ ਮਾਨ ਸ਼੍ਰੋਮਣੀ ਅਕਾਲੀ ਦਲ ’ਚ ਹੋਇਆ ਕਰਦਾ ਸੀ। ਇਹੋ ਕਾਰਨ ਹੈ ਕਿ ਹਲਕੇ ਦੇ ਵੋਟਰ ਵਿਧਾਨ ਸਭਾ ਚੋਣਾਂ 2017 ’ਚ ਹੋਣ ਵਾਲੇ ਜਬਤਦਸਤ ਸਿਆਸੀ ਮੁਕਾਬਲਿਆਂ ’ਤੇ ਹੁਣ ਤੋਂ ਹੀ ਨਜ਼ਰਾਂ ਟਿਕਾਈ ਬੈਠੇ ਹਨ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ ਦੋ ਵਾਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾਇਆ ਹੈ ਜਦੋਂ ਕਿ ਕਾਂਗੜ ਤਿੰਨ ਦਫਾ ਮਲੂਕਾ ਨੂੰ ਹਰਾ ਚੁੱਕਿਆ ਹੈ। ਪਿਛਲੀ ਵਾਰ ਮਲੂਕਾ ਨੂੰ ਬਲਕਾਰ ਸਿੱਧੂ ਨੇ ਮਾਤ ਦਿੱਤੀ ਸੀ ਜਿਸ ਦਾ ਉਹ ਹਿਸਾਬ ਕਿਤਾਬ 2027 ’ਚ ਕਰਨਾ ਚਾਹੁੰਦੇ ਹਨ। ਜੇਕਰ ਆਮ ਆਦਮੀ ਪਾਰਟੀ ਇੰਦਰਜੀਤ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਦੋ ਸਿਆਸੀ ਧੁਨੰਤਰਾਂ ਨਾਲ ਭਿੜਨਾ ਉਨ੍ਹਾਂ ਲਈ ਵੱਡੀ ਚੁਣੌਤੀ ਬਣੇਗਾ। ਮਲੂਕਾ ਆਪਣੀਆਂ ਲੋਕ ਮਿਲਣੀਆਂ ਦੌਰਾਨ ਆਪਣੇ ਵੱਲੋਂ ਕਰਵਾਏ ਵਿਕਾਸ ਦੇ ਤੱਥ ਰੱਖਦੇ ਹਨ ਜਦੋਂਕਿ ਕਾਂਗੜ ਆਪਣੀ ਵਿਕਾਸ ਬਾਰੇ ਜਾਣੂੰ ਕਰਵਾਉਂਦੇ ਹਨ।
.jpg)
ਰਾਮਪੁਰਾ ਫੂਲ:ਇੱਕ ਪੰਛੀ ਝਾਤ
ਰਾਮਪੁਰਾ ਹਲਕੇ ’ਚ 1957 ਤੋਂ 2017 ਤੱਕ ਵਿਧਾਨ ਸਭਾ ਚੋਣਾਂ ਵਿੱਚ ਪੰਜ ਦਫਾ ਕਾਂਗਰਸ , ਚਾਰ ਦਫਾ ਸੀਪੀਆਈ, ਚਾਰ ਵਾਰ ਅਕਾਲੀ ਦਲ ਅਤੇ ਇੱਕ ਵਾਰ ਆਜਾਦ ਉਮੀਦਵਾਰ ਜੇਤੂ ਰਿਹਾ ਸੀ। ਸਾਲ 2007 ਵਿਚ ਕਾਂਗੜ ਨੇ ਮਲੂਕਾ ਨੂੰ 2259 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦੋਂਕਿ 2012 ਵਿਚ ਮਲੂਕਾ ਨੇ ਕਾਂਗੜ ਨੂੰ 5136 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਸਾਲ 2017 ’ਚ ਫਿਰ ਕਾਂਗੜ ਨੇ 10385 ਵੋਟਾਂ ’ਤੇ ਬਾਜੀ ਮਾਰੀ ਅਤੇ ਕੈਪਟਨ ਸਰਕਾਰ ’ਚ ਮੰਤਰੀ ਬਣਿਆ ਸੀ। ਸਾਲ 2022 ’ਚ ਬਦਲਾਅ ਦੀ ਹਨੇਰੀ ਦੌਰਾਨ ਦੋਵੇਂ ਵੱਡੇ ਸਿਆਸੀ ਥੰਮ੍ਹ ਪੱਟੇ ਗਏ ਅਤੇ ਚੋਣ ਬਲਕਾਰ ਸਿੱਧੂ ਜਿੱਤ ਗਿਆ ਸੀ।
ਡੇਰਾ ਸਿਰਸਾ ਦਾ ਹੈਡਕੁਆਟਰ
ਡੇਰਾ ਸਿਰਸਾ ਦਾ ਪੰਜਾਬ ਵਿਚਲਾ ਹੈੱਡਕੁਆਰਟਰ ਵੀ ਇਸ ਹਲਕੇ ਵਿਚ ਪਿੰਡ ਸਲਾਬਤਪੁਰਾ ਵਿਚ ਪੈਂਦਾ ਹੈ ਜਿਸ ਦਾ ਵੋਟ ਬੈਂਕ ਵੀ ਜਿੱਤ ਹਾਰ ਦੌਰਾਨ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਕਰਕੇ ਸਿਆਸੀ ਧਿਰਾਂ ਡੇਰੇ ’ਤੇ ਨਜ਼ਰਾਂ ਰੱਖਦੀਆਂ ਹਨ। ਸਾਲ 2007 ’ਚ ਕਾਂਗੜ ਦੀ ਜਿੱਤ ’ਚ ਡੇਰਾ ਪ੍ਰੇਮੀਆਂ ਦਾ ਅਹਿਮ ਯੋਗਦਾਨ ਰਿਹਾ ਸੀ। ਪੰਜਾਬ ਸੀਆਈਡੀ ਦੇ ਵਹੀ ਖਾਤਿਆਂ ਅਨੁਸਾਰ ਹਲਕੇ ’ਚ ਪਿਛਲੇ ਪੰਜ ਸਾਲਾਂ ਦੌਰਾਨ ਡੇਰਾ ਪੈਰੋਕਾਰਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ। ਉਂਜ ਪਿਛੋਕੜ ਵਾਂਗ ਹੁਣ ਡੇਰਾ ਰਾਜਨੀਤੀ ’ਚ ਕੁੱਦਣ ਤੋਂ ਪਾਸਾ ਵੱਟਣ ਲੱਗਾ ਹੈ।
- Download Babushahi App
-
-