Ex MLA ਹਰਿੰਦਰਪਾਲ ਚੰਦੂਮਾਜਰਾ ਨੇ ਵੀ 450 ਤੋਂ ਵੱਧ ਸਾਥੀਆਂ ਸਮੇਤ ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਕਿਹਾ ਅਲਵਿਦਾ
Bikramjit Singh
ਪਟਿਆਲਾ, 5 ਨਵੰਬਰ 2026: ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 'ਅਕਾਲੀ ਦਲ ਪੁਨਰ-ਸੁਰਜੀਤ' ਤੋਂ ਆਪਣੇ ਆਪ ਨੂੰ ਅਲੱਗ ਕਰਨ ਦੇ ਐਲਾਨ ਤੋਂ ਬਾਅਦ, ਹੁਣ ਉਹਨਾਂ ਦੇ ਬੇਟੇ ਅਤੇ ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਪਟਿਆਲਾ ਵਿਖੇ ਕਰਵਾਈ ਗਈ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਆਪਣੇ 450 ਤੋਂ ਵੱਧ ਅਹੁਦੇਦਾਰਾਂ ਅਤੇ ਸਮਰਥਕਾਂ ਸਮੇਤ ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਅਲਵਿਦਾ ਕਹਿਣ ਦਾ ਰਸਮੀ ਐਲਾਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਉਹਨਾਂ ਨੂੰ ਹਲਕੇ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਲਗਾਤਾਰ ਫੋਨ ਆ ਰਹੇ ਸਨ। ਸਾਰਿਆਂ ਦੀ ਇੱਕੋ ਰਾਏ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਸਹੀ ਫੈਸਲਾ ਲਿਆ ਜਾਵੇ। ਉਹਨਾਂ ਸਪੱਸ਼ਟ ਕੀਤਾ ਕਿ ਜਿਸ ਧਿਰ ਨਾਲ ਸਾਡੇ ਵਿਚਾਰ ਅਤੇ ਸੋਚ ਦਾ ਮੇਲ ਨਾ ਖਾਂਦਾ ਹੋਵੇ, ਉਸ ਤੋਂ ਵੱਖ ਹੋ ਜਾਣਾ ਹੀ ਸਹੀ ਅਤੇ ਨਿਡਰ ਫੈਸਲਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਹਲਕਾ ਸਨੌਰ ਦੇ ਇਕੱਲੇ-ਇਕੱਲੇ ਵਰਕਰ ਨੇ ਪ੍ਰੋ. ਚੰਦੂਮਾਜਰਾ ਵੱਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਦੀ ਪ੍ਰੋੜ੍ਹਤਾ ਕੀਤੀ ਹੈ।
ਖੇਤਰੀ ਪਾਰਟੀਆਂ ਅਤੇ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ 'ਤੇ ਚਰਚਾ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇੱਕ ਮਜ਼ਬੂਤ ਖੇਤਰੀ ਧਿਰ ਵਜੋਂ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕੀਤੀ ਹੈ। ਅੱਜ ਪੰਜਾਬ ਦੀਆਂ ਪੰਥਕ ਅਤੇ ਰਾਜਸੀ ਸ਼ਕਤੀਆਂ ਖੇਰੂ-ਖੇਰੂ ਹੋ ਚੁੱਕੀਆਂ ਹਨ। ਕੇਂਦਰ ਦੀਆਂ ਨੀਤੀਆਂ ਅਤੇ ਮੌਜੂਦਾ ਬਦਲਾਅ ਕਾਰਨ ਖੇਤਰੀ ਪਾਰਟੀਆਂ ਦੀ ਹੋਂਦ 'ਤੇ ਖ਼ਤਰਾ ਮੰਡਰਾ ਰਿਹਾ ਹੈ। ਉਹਨਾਂ ਕਿਹਾ, "ਜੇਕਰ ਅਸੀਂ ਇੱਕ ਝੰਡੇ ਹੇਠ ਇਕੱਠੇ ਨਹੀਂ ਹੋਵਾਂਗੇ ਤਾਂ ਸਾਡੀ ਹੋਂਦ ਨੂੰ ਖ਼ਤਰਾ ਪੈ ਜਾਵੇਗਾ। ਪੰਜਾਬੀਆਂ ਨੂੰ ਆਪਣੀ ਤਾਕਤ ਦਿਖਾਉਣ ਲਈ ਇੱਕ ਮੰਚ 'ਤੇ ਆਉਣਾ ਪਵੇਗਾ ਤਾਂ ਜੋ ਅਸੀਂ ਦੇਸ਼ ਅਤੇ ਸੂਬੇ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕੀਏ।"
ਸਿੱਖ ਵਿਚਾਰਧਾਰਾ ਅਤੇ ਅਕਾਲੀ ਸੋਚ 'ਤੇ ਪਹਿਰਾ ਦੇਣ ਦਾ ਦਾਅਵਾ ਕਰਦਿਆਂ ਉਹਨਾਂ ਕਿਹਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਅਕਾਲੀ ਸੋਚ ਨਾਲ ਜੁੜੇ ਹੋਏ ਹਨ। ਉਹਨਾਂ ਲਈ ਅਹੁਦੇ ਜਾਂ ਟਿਕਟਾਂ ਮਾਇਨੇ ਨਹੀਂ ਰੱਖਦੀਆਂ, ਸਗੋਂ ਪੰਜਾਬ ਦਾ ਹਿੱਤ ਸਭ ਤੋਂ ਉੱਪਰ ਹੈ। ਜੇਕਰ ਉਹ ਅਹੁਦਿਆਂ ਦੇ ਭੁੱਖੇ ਹੁੰਦੇ ਤਾਂ ਅੱਜ ਰਾਸ਼ਟਰੀ ਜਾਂ ਹੋਰ ਰਾਜਨੀਤਿਕ ਢਾਂਚੇ ਦਾ ਹਿੱਸਾ ਹੁੰਦੇ, ਪਰ ਉਹਨਾਂ ਦੀ ਰੂਹ ਅੰਦਰੋਂ ਅਕਾਲੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਇੱਕ ਨਵੀਂ ਉਮੀਦ ਅਤੇ ਬਦਲਾਅ ਦੀ ਆਸ ਨਾਲ ਨਵੀਂ ਧਿਰ ਨੂੰ ਮੌਕਾ ਦਿੱਤਾ ਸੀ। ਪਰ ਮੌਜੂਦਾ ਸਰਕਾਰ ਹਰ ਮੋਰਚੇ 'ਤੇ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਅੱਜ ਸੂਬੇ ਵਿੱਚ ਲਾਅ ਐਂਡ ਆਰਡਰ (ਕਾਨੂੰਨ ਵਿਵਸਥਾ) ਦੀ ਸਥਿਤੀ ਬੇਹੱਦ ਖ਼ਰਾਬ ਹੋ ਚੁੱਕੀ ਹੈ, ਨਸ਼ਿਆਂ ਦਾ ਜਾਲ ਪਹਿਲਾਂ ਨਾਲੋਂ ਜ਼ਿਆਦਾ ਫੈਲ ਚੁੱਕਾ ਹੈ ਅਤੇ ਸਰਕਾਰੀ ਢਾਂਚਾ ਖ਼ੁਦ ਇਸ ਵਿੱਚ ਉਲਝਿਆ ਨਜ਼ਰ ਆਉਂਦਾ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਹਜ਼ਾਰਾਂ ਪੋਸਟਾਂ ਖ਼ਾਲੀ ਪਈਆਂ ਹਨ ਅਤੇ ਨੌਜਵਾਨ ਬੇਰੋਜ਼ਗਾਰ ਘੁੰਮ ਰਹੇ ਹਨ। ਜਿਹੜੀ ਸਰਕਾਰ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਾ ਦੇ ਸਕਦੀ ਹੋਵੇ, ਉਸ ਸੂਬੇ ਵਿੱਚ ਬਾਹਰਲੇ ਨਿਵੇਸ਼ਕ (ਇਨਵੈਸਟਰ) ਕਦੇ ਵੀ ਪੈਸਾ ਨਹੀਂ ਲਗਾਉਣਗੇ। ਨਾ ਤਾਂ ਸਰਕਾਰੀ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਅਜਿਹੀਆਂ ਨੀਤੀਆਂ ਹਨ ਜਿਨ੍ਹਾਂ ਨਾਲ ਗੈਰ-ਸਰਕਾਰੀ ਖੇਤਰ ਵਿੱਚ ਨਿਵੇਸ਼ ਆ ਸਕੇ। ਉਹਨਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦਾ ਹਰ ਸਮਝਦਾਰ ਨਾਗਰਿਕ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਬਚਾਉਣ ਲਈ ਸਾਰੇ ਪੰਜਾਬੀਆਂ ਨੂੰ ਮੁੜ ਇੱਕਜੁੱਟ ਹੋਣਾ ਪਵੇਗਾ। ਅਗਲੇ ਰਾਜਨੀਤਿਕ ਕਦਮਾਂ ਬਾਰੇ ਉਹਨਾਂ ਕਿਹਾ ਕਿ ਜਲਦੀ ਹੀ ਆਪਣੇ ਸਾਥੀਆਂ ਅਤੇ ਸੰਗਤ ਨਾਲ ਬੈਠ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
- Download Babushahi App
-
-