Babushahi Special-ਨੌਜਵਾਨ ਵੈਲਫੇਅਰ ਸੁਸਾਇਟੀ : ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਅਸ਼ੋਕ ਵਰਮਾ
ਬਠਿੰਡਾ , 06 ਨਵੰਬਰ 2026 : ਨਾ ਤਾਂ ਉਹ ਝਿਪਿਆ , ਨਾ ਲਿਫਿਆ ਤੇ ਨਾਂ ਹੀ ਵਿਕਿਆ। ਇਹ ਸਾਰ ਤੱਤ ਨੌਜਵਾਨ ‘ਸੋਨੂੰ ਮਹੇਸ਼ਵਰੀ’ ਦੀ ਜਿੰਦਗੀ ਦਾ ਹੈ। ਲੋਕਾਂ ਦੇ ਦਰਦਾਂ ਦੀ ਦਾਰੂ ਬਣਨ ਲਈ ਸੋਨੂੰ ਨੇ ਅੱਜ ਤੋਂ 23 ਸਾਲ ਪਹਿਲਾਂ ‘ਨੌਜਵਾਨ ਵੈਲਫੇਅਰ ਸੁਸਾਇਟੀ ਦੀ ਨੀਂਹ ਰੱਖੀ ਸੀ। ਸਮਾਜਿਕ ਕਾਰਜਾਂ ਲਈ ਇਹ ਉਸ ਦੀ ਪਹਿਲੀ ਪੌੜੀ ਸੀ ਅਤੇ ਉਸ ਤੋਂ ਬਾਅਦ ਹਰ ਦਿਨ ਸੋਨੂੰ ਲਈ ਨਵੀਂ ਪ੍ਰੀਖਿਆ ਬਣਿਆ ਪਰ ਉਸ ਨੇ ਕਦੀ ਈਨ ਨਹੀਂ ਮੰਨੀ। ਚੜ੍ਹਦੀ ਉਮਰੇ ਉਸ ਦੇ ਮਨ ’ਚ ਲੋਕ ਘੋਲ ਚੱਲਣ ਲੱਗੇ ਸਨ ਜਿਸ ਕਰਕੇ ਉਸਨੇ ਬਜਾਰਾਂ ’ਚ ਦਨਦਨਾਉਂਦੀ ਫਿਰਦੀ ਟੋਅ ਵੈਨ ਦਾ ਫਾਹਾ ਵੱਢਿਆ ਅਤੇ ਹੋਰ ਮਸਲੇ ਵੀ ਨਿਪਟਾਏ। ਹੁਣ ਸੋਨੂੰ ਦਾ ਬਜ਼ਾਰਾਂ ’ਚ ਲੱਗਦੀਆਂ ਨਜਾਇਜ ਰੇਹੜੀਆਂ ਸਬੰਧੀ ਨਗਰ ਨਿਗਮ ਨਾਲ ਮੱਥਾ ਲੱਗਿਆ ਹੋਇਆ ਹੈ। ਸਮਾਜਸੇਵੀ ਕਾਰਜਾਂ ਨੂੰ ਦੇਖਦਿਆਂ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੂੰ ਨੂੰ ਸਨਮਾਨਿਤ ਕੀਤਾ ਸੀ।
ਸੋਨੂੰ ਮਹੇਸ਼ਵਰੀ ਦੇ ਸਮਾਜਿਕ ਸਫਰ ਨੂੰ ਸਮਝਣ ਲਈ ਰਤਾ ਪਿਛੋਕੜ ’ਚ ਚੱਲਦੇ ਹਾਂ ਜਦੋਂ 2011 ਦੌਰਾਨ ਉਸ ਨੇ ‘ਕਿਡਨੀਆਂ’ ਵੇਚਣ ਖਿਲਾਫ ਅਵਾਜ਼ ਚੁੱਕੀ ਅਤੇ ਲਗਾਤਾਰ 2 ਸਾਲ ਲੜਾਈ ਲੜੀ। ਦਰਅਸਲ ਕੁੱਝ ਅਖਬਾਰਾਂ ’ਚ ਕਿਡਨੀਆਂ ਵੇਚਣ ਸਬੰਧੀ ਇਸ਼ਤਿਹਾਰ ਪ੍ਰਕਾਸ਼ਿਤ ਹੋਏ ਸਨ। ਉਸ ਨੇ ਐਸਐਸਪੀ ਪਟਿਆਲਾ ਨੂੰ ਸ਼ਕਾਇਤ ਦਿੱਤੀ ਪਰ ਪੁਲਿਸ ਨੇ ਕੋਈ ਗੰਭੀਰਤਾ ਨਾਂ ਦਿਖਾਈ। ਸੋਨੂੰ ਨੇ ਇਸ ਸਬੰਧ ’ਚ ਆਰਟੀਆਈ ਰਾਹੀਂ ਸੂਚਨਾ ਮੰਗੀ ਪਰ ਲੁੜੀਂਦੀ ਜਾਣਕਾਰੀ ਨਾਂ ਦਿੱਤੇ ਜਾਣ ’ਤੇ ਪੰਜਾਬ ਸੂਚਨਾ ਕਮਿਸ਼ਨ ’ਚ ਚੁਣੌਤੀ ਦੇ ਦਿੱਤੀ। ਜਦੋਂ ਸੂਚਨਾ ਮਿਲੀ ਤਾਂ ਉਸ ’ਚ ਕਈ ਅਹਿਮ ਖੁਲਾਸੇ ਹੋਏ ਜਿੰਨ੍ਹਾਂ ’ਚ ਕਿਡਨੀ ਦਾਨੀ ਗਰੀਬ ਅਤੇ ਲੈਣ ਵਾਲਾ ਧਨਾਢ ਪ੍ਰੀਵਾਰ ਨਾਲ ਸਬੰਧਤ ਨਿਕਲਿਆ। ਏਨਾ ਹੀ ਨਹੀਂ ਦੋਵਾਂ ਵਿਚਕਾਰ ਦਿਖਾਈ ਰਿਸ਼ਤੇਦਾਰੀ ਵੀ ਫਰਜ਼ੀ ਸੀ। ਸੋਨੂੰ ਨੇ ਇਸ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖਲ ਕਰ ਦਿੱਤੀ ਜਿੱਥੇ ਪਟਿਆਲਾ ਪੁਲਿਸ ਨੇ ਇਸ ਨੂੰ ਰਿਸ਼ਤੇਦਾਰੀ ’ਚ ਲੈਣ ਦੇਣ ਦੱਸਿਆ ਸੀ।
.jpg)
ਸੋਨੂੰ ਨੇ ਦੱਸਿਆ ਕਿ ਉਨ੍ਹਾਂ ਨੇ ਅਖਬਾਰ ’ਚ ਛਪਿਆ ਇਸ਼ਤਿਹਾਰ ਦਿਖਾਕੇ ਸਾਬਤ ਕਰ ਦਿੱਤਾ ਕਿ ਰਿਸ਼ਤੇਦਾਰੀ ’ਚ ਕਿਡਨੀ ਦਾਨ ਕਰਨ ਲਈ ਅਖਬਾਰੀ ਇਸ਼ਤਿਹਾਰਬਾਜੀ ਅਤੇ ਬਲੱਡ ਗਰੁੱਪ ਦੱਸਣ ਦੀ ਕੀ ਜਰੂਰਤ ਹੈ। ਅਦਾਲਤ ਦੇ ਹੁਕਮਾ ’ਤੇ ਪੁਲਿਸ ਨੇ ਛਾਪੇਮਾਰੀ ਕੀਤੀ , ਕਈ ਮਾਮਲੇ ਵੀ ਦਰਜ ਕੀਤੇ ਅਤੇ ਗ੍ਰਿਫਤਾਰੀਆਂ ਵੀ ਹੋਈਆਂ ਸਨ। ਇਸੇ ਤਰਾਂ ਸੋਨੂੰ ਨੇ ਪ੍ਰੀਪੇਡ ਮੋਬਾਇਲ ਫੋਨ ਕਨੈਕਸ਼ਨ ਲੈਣ ਲਈ ‘ਸਿਮ’ ਜਾਰੀ ਕਰਨ ਸਬੰਧੀ ਹੁੰਦੇ ਫਰਜੀਵਾੜੇ ਨੂੰ ਨੱਥ ਪਾਉਣ ਦੀ ਪਹਿਲਕਦਮੀ ਕੀਤੀ ਸੀ। ਉਦੋਂ ਇੱਕ ਹੀ ਦਸਤਾਵੇਜ਼ ਮੁਤਾਬਕ ਸੌ ਤੋਂ ਜਿਆਦਾ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਂਦੇ ਸਨ। ਸੋਨੂੰ ਨੇ ਇਸ ਵਰਤਾਰੇ ਖਿਲਾਫ ਲੜਾਈ ਲੜੀ ਜਿਸ ਤੋਂ ਬਾਅਦ ਮੋਬਾਇਲ ਕੰਪਨੀਆਂ ਨੂੰ ਸਿਮ ਜਾਰੀ ਕਰਨ ਦੀ ਪ੍ਰਕਿਰਿਆ ਤਬਦੀਲ ਕਰਨ ਲਈ ਮਜਬੂਰ ਹੋ ਗਈਆਂ ਸਨ। ਉਨ੍ਹਾਂਦਾਅਵਾ ਕੀਤਾ ਕਿ ਇੱਕ ਹੀ ਪਛਾਣ ਅਤੇ ਫਰਜ਼ੀ ਦਸਤਖਤਾਂ ਦੇ ਅਧਾਰ ’ਤੇ ਇੱਕ ਨਾਮ ’ਤੇ ਅਣਪਛਾਤਿਆਂ ਨੂੰ ਮੋਬਾਇਲ ਕੁਨੈਕਸ਼ਨ ਦੇ ਦਿੱਤੇ ਜਾਂਦੇ ਸਨ।
ਉਨ੍ਹਾਂ ਦੱਸਿਆ ਕਿ ਉਦੋਂ ਲੁੱਟਾ ਖੋਹਾਂ , ਅਗਵਾ ਅਤੇ ਹੋਰ ਵਾਰਦਾਤਾਂ ਦੀ ਪੜਤਾਲ ਦੌਰਾਨ ਜਿੰਨ੍ਹਾਂ ਮੋਬਾਇਲ ਨੰਬਰਾਂ ਬਾਰੇ ਜਾਣਕਾਰੀ ਸਾਹਮਣੇ ਆਈ ਤਾਂ ਕਈ ਬੇਕਸੂਰਾਂ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ। ਸੋਨੂੰ ਦੱਸਿਆ ਕਿ ਉਨ੍ਹਾਂ ਨੇ ‘ਸਿੰਮ’ ਨੂੰ ਕੌਮੀ ਸੁਰੱਖਿਆ ਨੂੰ ਖਤਰੇ ਨਾਲ ਜੋੜਕੇ ਸੀਬੀਆਈ , ਟਰਾਈ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਸ਼ਕਾਇਤਾਂ ਭੇਜੀਆਂ ਅਤੇ ਹਾਈਕੋਰਟ ’ਚ ਜਨਹਿੱਤ ਪਟੀਸ਼ਨ ਵੀ ਦਾਇਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਨੋਟਿਸ ਉਪਰੰਤ 90 ਲੱਖ ਪ੍ਰੀਪੇਡ ਕੁਨੈਕਸ਼ਨ ਬੰਦ ਕੀਤੇ ਗਏ ਸਨ। ਇਸ ਤੋਂ ਬਾਅਦ ਟਰਾਈ ਨੇ ਸਿੰਮ’ ਜਾਰੀ ਕਰਨ ਦੇ ਨਿਯਮਾਂ ’ਚ ਸਖਤੀ ਅਤੇ ਹੋਰ ਕਈ ਤਬਦੀਲੀਆਂ ਕੀਤੀਆਂ ਅਤੇ ਇੱਕ ਵਿਅਕਤੀ ਦੇ ਨਾਮ ’ਤੇ ਵੱਧ ਤੋਂ ਵੱਧ 10 ਕੁਨੈਕਸ਼ਨ ਦੇਣ ਦੀ ਹੱਦ ਤੈਅ ਕੀਤੀ ਗਈ ਸੀ। ਹੁਣ ਅਧਾਰ ਕਾਰਡ, ਕਨੈਕਸ਼ਨ ਲੈਣ ਵਾਲੇ ਦੀ ਲਾਈਵ ਫੋਟੋ ਅਤੇ ਬਾਇਓਮੀਟਰਿਕ ਤਸੱਲੀ ਮਗਰੋਂ ਹੀ ਸਿੰਮ ਜਾਰੀ ਕੀਤਾ ਜਾਂਦਾ ਹੈ।
.jpg)
ਸਭ ਤੋਂ ਮਹੱਤਵਪੂਰਨ ਇਹ ਹੈ ਕਿ ਸੋਨੂੰ ਮਹੇਸ਼ਵਰੀ ਨੇ ਹਾਦਸਾ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲਿਆਂ ਤੋਂ ਹੁੰਦੀ ਪੁਲਿਸ ਪੁੱਛਗਿੱਛ ਬੰਦ ਕਰਵਾਈ ਹੈ। ਦਰਅਸਲ ਇੱਕ ਆਟੋ ਚਾਲਕ ਮਾਨਸਾ ਰੋਡ ਤੋਂ ਹਾਦਸੇ ਦੇ ਸ਼ਿਕਾਰ ਜਖਮੀ ਨੂੰ ਹਸਪਤਾਲ ਲੈ ਕੇ ਗਿਆ ਸੀ ਜਿਸ ਨੂੰ ਉੱਥੇ ਰੋਕ ਲਿਆ ਸੀ। ਆਟੋ ਚਾਲਕ ਨੇ ਸਹੁੰ ਖਾਧੀ ਕਿ ਹੁਣ ਉਸ ਦੀਆਂ ਸੱਤ ਪੁਸ਼ਤਾਂ ਵੀ ਹਾਦਸੇ ਦੌਰਾਨ ਤੜਫਦੇ ਬੰਦੇ ਨੂੰ ਹਸਪਤਾਲ ਨਹੀਂ ਲਿਜਾਣਗੀਆਂ। ਇਸ ਤੋਂ ਦੁਖੀ ਸੋਨੂੰ ਮਹੇਸ਼ਵਰੀ ਵੱਲੋਂ ਦਾਇਰ ਪਟੀਸ਼ਨ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਸਪਤਾਲਾਂ ’ਚ ਤਾਇਨਾਤ ਡਾਕਟਰਾਂ ਨੂੰ ਜਖਮੀਆਂ ਦਾ ਪਹਿਲ ਦੇ ਅਧਾਰ ’ਤੇ ਇਲਾਜ ਕਰਨ ਸਬੰਧੀ ਹੁਕਮ ਦਿੱਤੇ ਸਨ। ਕਮਿਸ਼ਨ ਨੇ ਹਿੰਦੀ , ਪੰਜਾਬੀ ਅਤੇ ਅੰਗਰੇਜੀ ’ਚ ਜਖਮੀ ਨੂੰ ਲਿਆਉਣ ਵਾਲੇ ਤੋਂ ਪੁੱਛਗਿਛ ਨਾ ਕਰਨ ਸਬੰਧੀ ਨੋਟਿਸ ਲਾਉਣ ਦੀ ਹਦਾਇਤ ਵੀ ਕੀਤੀ ਸੀ। ਸੋਨੂੰ ਨੇ ਦੱਸਿਆ ਕਿ ਉਨ੍ਹਾਂ ਤੋਂ ਵੱਡੀ ਗਿਣਤੀ ਸੰਸਥਾਵਾਂ ਫੈਸਲੇ ਦੀਆਂ ਕਾਪੀਆਂ ਲੈ ਕੇ ਗਈਆਂ ਸਨ।
ਕੌਮੀ ਪੱਧਰ ’ਤੇ ਮਾਣ ਵਧਾਇਆ
ਖੂਨਦਾਨ ਤੇ ਖੇਤਰ ’ਚ ਸਰਗਰਮ ਯੂਨਾਈਟਡ ਵੈਲਫੇਅਰ ਦੇ ਪ੍ਰਧਾਨ ਵਿਜੇ ਭੱਟ ਨੌਜਵਾਨ ਵੈਲਫੇਅਰ ਸੁਸਇਟੀ ਦੇ 23ਵੇਂ ਮੋਹੜੀ ਗੱਡ ਦਿਹਾੜੇ ਮੌਕੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਨੂੰ ਮਹੇਸ਼ਵਰੀ ਨੇ ਬਠਿੰਡਾ ਦਾ ਕੌਮੀ ਪੱਧਰ ’ਤੇ ਮਾਣ ਵਧਾਇਆ ਹੈ, ਸਾਡੇ ਕੋਲ ਸ਼ਬਦ ਨਹੀਂ-ਜਿੰਨ੍ਹਾਂ ਨਾਲ ਉਨ੍ਹਾਂ ਦਾ ਧੰਨਵਾਦ ਕਰ ਸਕੀਏ।
- Download Babushahi App
-
-