← ਪਿਛੇ ਪਰਤੋ
Babushahi Special ਬਿਹਾਰ ਚੋਣਾਂ : ਅੰਨਦਾਤੇ ਦੀ ‘ਬੱਗੀ ਬੱਗੀ ਕਣਕ ਦੇ ਸਿਆਸੀ ਮੰਡੇ’ ਪਕਾਉਣ ਤੁਰੀ ਮੋਦੀ ਸਰਕਾਰ ਅਸ਼ੋਕ ਵਰਮਾ ਬਠਿੰਡਾ,2 ਅਕਤੂਬਰ 2025: ਕੇਂਦਰ ਸਰਕਾਰ ਵੱਲੋਂ ਚੋਣਾਂ ਦੀ ਗਿਣਤੀ ਮਿਣਤੀ ਦੇ ਲਿਹਾਜ਼ ਨਾਲ ਕਣਕ ਦੇ ਭਾਅ ਵਧਾਏ ਜਾਂਦੇ ਹਨ। ਬੁੱਧਵਾਰ ਨੂੰ ਕਣਕ ਦੇ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਤਾਂ ਚੋਣਾਂ ਦਾ ਪਰਛਾਵਾਂ ਸਾਫ਼ ਝਲਕਦਾ ਹੈ। ਭਾਰਤ ਸਰਕਾਰ 2026-27 ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਕਣਕ ਦੇ ਭਾਅ ਵਿਚ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਐਲਾਨਿਆ ਗਿਆ ਹੈ ਜੋ ਕਿ ਹੁਣ 2425 ਰੁਪਏ ਤੋਂ ਵੱਧ ਕੇ 2,585 ਰੁਪਏ ਹੋਵੇਗਾ। ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਵੀ ਚੋਣਾਂ ਵਾਲਾ ਸਾਲ ਆਉਂਦਾ ਹੁੰਦਾ ਹੈ, ਉਦੋਂ ਕਣਕ ਦੇ ਸਰਕਾਰੀ ਭਾਅ ਦਾ ਪੈਮਾਨਾ ਕੁੱਝ ਹੋਰ ਹੁੰਦਾ ਹੈ ਜਦੋਂ ਕਿ ਆਮ ਸਾਲਾਂ ਦੌਰਾਨ ਕਣਕ ਦੇ ਭਾਅ ਘੱਟ ਵਧਦੇ ਹਨ। ਲੰਘੇ ਤਕਰੀਬਨ ਡੇਢ ਦਹਾਕੇ ਦੇ ਅੰਕੜੇ ਗਵਾਹ ਹਨ ਕਿ ਚੋਣਾਂ ਮੌਕੇ ਕਣਕ ਦਾ ਭਾਅ ਆਮ ਵਰਿ੍ਹਆਂ ਨਾਲੋਂ ਜ਼ਿਆਦਾ ਵਧਿਆ ਹੈ। ਇਨ੍ਹਾਂ ਤੱਥਾਂ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਪਿਛਲੀ ਵਾਰੀ ਕਣਕ ਦੀ ਕੀਮਤ ’ਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਉਸ ਵਕਤ ਕੀਤਾ ਗਿਆ ਜਦੋਂ ਦੋ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਅਤੇ ਮੁਲਕ ਦੇ ਵੱਡੇ ਕਣਕ ਉਤਪਾਦਕ ਰਾਜ ਪੰਜਾਬ ਵਿੱਚ ਐਸੰਬਲੀ ਲਈ 4 ਜਿਮਨੀ ਚੋਣਾਂ ਹੋਣ ਜਾ ਰਹੀਆਂ ਸਨ। ਹੁਣ ਜਦੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਅੰਦਰੋ ਅੰਦਰੀ ਬਿਗੁਲ ਵੱਜ ਚੁੱਕਿਆ ਹੈ ਤਾਂ ਭਾਜਪਾ ਸਿਆਸੀ ਪੱਖ ਤੋਂ ਮਹੱਤਵਪੂਰਨ ਮੰਨੇ ਜਾਂਦੇ ਇਸ ਸੂਬੇ ਦੀ ਸੱਤਾ ਹਥਿਆਉਣ ਦੇ ਮਾਮਲੇ ’ਚ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਹੈ। ਇਸੇ ਕਰਕੇ ਐਤਕੀਂ ਕਣਕ ਦੇ ਭਾਅ ਵਿੱਚ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਜਾਪਦਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਕਿਸਾਨ ਜੱਥੇਬੰਦੀਆਂ ਜਿੰਨਾਂ ਮਰਜੀ ਰੌਲਾ ਪਾਈ ਜਾਂਦੀਆਂ ਰਹਿਣ ਫਿਰ ਵੀ ਪਰ ਮੋਦੀ ਸਰਕਾਰ ਕਣਕ ਦੀ ਕੀਮਤ ਸਿਆਸੀ ਨਫਾ ਨੁਕਸਾਨ ਵਿਚਾਰਨ ਪਿੱਛੋਂ ਹੀ ਤੈਅ ਕਰਦੀ ਆ ਰਹੀ ਹੈ। ਇਸ ਤੋਂ ਪਹਿਲਾਂ ਸਾਲ 2023 ਵਿੱਚ ਵੀ ਕਣਕ ਦੇ ਭਾਅ ਵਿਚ ਵਾਧਾ 150 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀ ਕਿਉਂਕਿ ਉਦੋਂ ਸਾਲ 2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਸਨ। ਉਸ ਤੋਂ ਪਿਛਲੇ ਸਾਲ ਇਹ ਵਾਧਾ ਪ੍ਰਤੀ ਕੁਇੰਟਲ 110 ਰੁਪਏ ਦਾ ਸੀ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਸਾਲ 2021-22 ਲਈ ਕਣਕ ਦਾ ਭਾਅ ਸਿਰਫ 40 ਰੁਪਏ ਵਧਾਇਆ ਸੀ ਜਦੋਂ ਕਿ 2020-21 ਲਈ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। ਇਸੇ ਤਰ੍ਹਾਂ 2019-20 ਲਈ 85 ਰੁਪਏ ਪ੍ਰਤੀ ਕੁਇੰਟਲ ਅਤੇ 2018-19 ਲਈ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। ਮਈ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਣਕ ਦਾ ਭਾਅ 110 ਰੁਪਏ ਵਧਾਇਆ ਗਿਆ ਸੀ। ਜਦੋਂ ਮਈ 2014 ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਸ ਤੋਂ ਪਹਿਲਾਂ ਤਾਂ ਕਣਕ ਦਾ ਭਾਅ 165 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਜੋ ਇੱਕ ਰਿਕਾਰਡ ਹੈ। ਸਰਕਾਰੀ ਅੰਕੜਿਆਂ ਅਨੁਸਾਰ ਡੇਢ ਦਹਾਕੇ ਦੌਰਾਨ ਅੱਠ ਸਾਲ ਅਜਿਹੇ ਵੀ ਸਾਹਮਣੇ ਆਏ ਹਨ ਜਦੋਂ ਕਣਕ ਦੇ ਭਾਅ ਵਿਚ ਵਾਧੇ ਦਾ ਅੰਕੜਾ 100 ਰੁਪਏ ਨੂੰ ਵੀ ਨਹੀਂ ਛੂਹਿਆ ਹੈ। ਜਦੋਂ ਕੇਂਦਰ ਵਿਚ ਭਾਜਪਾ ਹਕੂਮਤ ਸੱਤਾ ਵਿੱਚ ਆਈ ਸੀ ਤਾਂ ਉਦੋਂ ਕਣਕ ਦਾ ਭਾਅ 1400 ਰੁਪਏ ਪ੍ਰਤੀ ਕੁਇੰਟਲ ਸੀ ਜਦੋਂਕਿ ਹੁਣ ਇਹ ਭਾਅ 2585 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਿਆ ਹੈ। ਗਿਆਰਾਂ ਸਾਲਾਂ ਦੌਰਾਨ ਭਾਜਪਾ ਸਰਕਾਰ ਨੇ ਕਣਕ ਦੇ ਭਾਅ ਵਿਚ 1185 ਰੁਪਏ ਦਾ ਵਾਧਾ ਕੀਤਾ ਹੈ। ਰੌਚਕ ਗੱਲ ਇਹ ਵੀ ਹੈ ਕਿ ਇਹ ਵਾਧਾ ਉਹ ਭਾਜਪਾ ਕਰ ਰਹੀ ਹੈ ਜਿਸ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਦੱਸਿਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਦੇ ਉਭਾਰ ਕਰਨ ਐਤਕੀਂ ਬਿਹਾਰ ਗਠਜੋੜ ਲਈ ਟੇਢੀ ਖੀਰ ਬਣਿਆ ਹੋਇਆ ਹੈ ਜਿੱਥੇ ਭਾਜਪਾ ਸਿਆਸੀ ਦਮਖਮ ਪਰਖਣ ਦੇ ਰੌਂਅ ’ਚ ਨਜ਼ਰ ਆਉਂਦੀ ਹੈ। ਮੰਗ ਅਤੇ ਭਾਅ ਵੀ ਵਧਿਆ ਕਣਕ ਦੀ ਮੰਗ ਵਿੱਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਬਜ਼ਾਰੀ ਕੀਮਤ ਕਰੀਬ 13 ਤੋਂ 15 ਫ਼ੀਸਦੀ ਤੱਕ ਵਧੀ ਹੈ। ਭਗਤਾ ਭਾਈ ਦੇ ਪ੍ਰਮੁੱਖ ਆੜ੍ਹਤੀ ਜਗਮੋਹਨ ਲਾਲ ਦਾ ਕਹਿਣਾ ਸੀ ਕਿ ਬਜ਼ਾਰ ਵਿੱਚ ਕਣਕ ਦਾ ਭਾਅ 2800 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਿਆ ਹੈ ਜਿਸ ਦੇ ਆਉਂਦੇ ਦਿਨੀ 3 ਹਜ਼ਾਰ ਤੱਕ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀਆਂ ਕੇਂਦਰੀ ਕੀਮਤਾਂ ’ਚ ਵਾਧੇ ਦੇ ਮੱਦੇਨਜ਼ਰ ਆਟਾ ਵੀ ਮਹਿੰਗਾ ਹੋਵੇਗਾ ਜੋ ਗਰੀਬਾਂ ਲਈ ਮਾਰੂ ਸਿੱਧ ਹੋਣਾ ਹੈ। ਕੇਂਦਰੀ ਨੀਤੀਆਂ ਕਿਸਾਨ ਵਿਰੋਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਕਹਿਣਾ ਸੀ ਕਿ ਖੇਤੀ ਲਾਗਤਾਂ ਕਈ ਗੁਣਾਂ ਵਧ ਗਈਆਂ ਹਨ ਜਿੰਨ੍ਹਾਂ ਦੀਆਂ ਗਿਣਤੀਆਂ ਮਿਣਤੀ ਅਨੁਸਾਰ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ’ਚ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐਤਕੀਂ ਕਿਸਾਨਾਂ ਨੂੰ ਪਈ ਹੜ੍ਹਾਂ ਦੀ ਮਾਰ ਅਤੇ ਹੋਰ ਕੁਦਰਤੀ ਆਫਤਾਂ ਨੂੰ ਵੀ ਧਿਆਨ ’ਚ ਨਹੀਂ ਰੱਖਿਆ ਜਿਸ ਕਰਕੇ ਇਹ ਵਾਧਾ ਨਿਗੂਣਾ ਹੈ। ਕੇਂਦਰ ਵੱਲੋਂ ਐਲਾਨੇ ਭਾਅ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਅਤੇ ਨੀਤੀ ਕਿਸਾਨ ਮਾਰੂ ਹੈ ਅਤੇ ਕਿਸਾਨੀ ਦੀ ਕਦੇ ਵੀ ਸੁਣਵਾਈ ਨਹੀਂ ਹੋਈ ਹੈ।
Total Responses : 1197